ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਤੇ ਨਵੀਂ ਦਿੱਲੀ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ‘ਤੇ ਡੀਜ਼ਲ ਦੀਆਂ ਗੱਡੀਆਂ ਤੇ ਆਟੋ ਰਿਕਸ਼ਾ ਬੰਦ ਕਰਨ ਦੇ ਦਿੱਲੀ ਸਰਕਾਰ ਦੇ ਆਦੇਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਹ ਹੱਕ ਵਿੱਚ ਹਨ ਪਰ ਕਿਸੇ ਦੀ ਰੋਜੀ ਰੋਟੀ ਨੂੰ ਕਿਸੇ ਵੀ ਕੀਮਤ ਤੇ ਖਤਮ ਨਹੀਂ ਹੋਣ ਦੇਣਗੇ।
ਸ੍ਰ. ਸਰਨਾ ਨੇ ਇੱਕ ਬਿਆਨ ਰਾਹੀ ਕਿਹਾ ਕਿ ਦਿੱਲੀ ਵਿੱਚ ਆਟੋ ਰਿਕਸ਼ਾ ਤੇ ਟੈਕਸੀ ਡਰਾਈਵਰ ਵਧੇਰੇ ਕਰਕੇ ਸਿੱਖ ਘੱਟ ਗਿਣਤੀ ਹਨ ਜਿਹੜੇ ਲੰਮੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਸੁਪਰੀਮ ਕੋਰਟ ਵਿੱਚ ਦਿੱਲੀ ਸਰਕਾਰ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਦਾ ਕੇਸ ਸਹੀ ਢੰਗ ਨਾਲ ਪੇਸ਼ ਨਹੀਂ ਸਕੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿੱਖ ਘੱਟ ਗਿਣਤੀ ਸਿੱਖਾਂ ਦੇ ਇਸ ਧੰਦੇ ਨਾਲ ਜੁੜੇ ਹੋਣ ਦੀ ਜਾਣਕਾਰੀ ਅਦਾਲਤ ਨੂੰ ਦਿੱਤੀ ਜਾਂਦੀ ਤਾਂ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅਦਾਲਤ ਇਸ ਦਾ ਕੋਈ ਸਹੀ ਹੱਲ ਜਰੂਰ ਲੱਭਦੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਹਾਨੇ ਸਿੱਖਾਂ ਨੂੰ ਕਿਸੇ ਵੀ ਕੀਮਤ ਤੇ ਬਰਬਾਦ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਜਦ ਕਿ ਸਿੱਖ ਤਾਂ ਪਹਿਲਾਂ ਹੀ ਬੜਾ ਸੰਤਾਪ ਹੰਢਾ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰ ਆਟੋ ਰਿਕਸ਼ਾਂ ਤੇ ਟੈਕਸੀਆਂ ਦੇ ਧੰਦੇ ਨਾਲ ਜੁੜੇ ਸਮੂਹ ਵਰਗਾਂ ਦੇ ਲੋਕਾਂ ਨੂੰ ਮੋਹਲਤ ਦੇਵੇ ਤੇ ਉਹਨਾਂ ਨੂੰ ਸੀ.ਐਨ ਜੀ ਵਹੀਕਲ ਖਰੀਦਣ ਲਈ ਬਿਨਾਂ ਵਿਆਜ ਕਰਜ਼ਾ ਦੇਵੇ। ਉਹਨਾਂ ਕਿਹਾ ਕਿ ਸਰਕਾਰਾਂ ਮਸਲੇ ਸੁਲਝਾਉਣ ਲਈ ਹੁੰਦੀਆਂ ਹਨ ਉਲਝਾਉਣ ਲਈ ਨਹੀਂ ਪਰ ਦਿੱਲੀ ਤੇ ਕੇਂਦਰ ਸਰਕਾਰ ਘੱਟ ਗਿਣਤੀਆਂਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਰਹੀਆਂ ਜਦੋਂ ਕਿ ਸਿੱਖਾਂ ਨੇ ਅਜਾਦੀ ਤੋ ਲੈ ਕੇ ਦੇਸ਼ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਆਟੋ ਰਿਕਸ਼ਾ ਤੇ ਟੈਕਸੀ ਡਰਾਈਵਰਾਂ ਨਾਲ ਲੋਹੇ ਦੀ ਚਟਾਨ ਵਾਂਗ ਖੜਾ ਹੈ ਅਤੇ ਹਰ ਪ੍ਰਕਾਰ ਦੀ ਲੜਾਈ ਲੜ ਕੇ ਘੱਟ ਗਿਣਤੀ ਨਾਲ ਸਬੰਧਿਤ ਇਸ ਧੰਦੇ ਨਾਲ ਜੁੜੇ ਲੋਕਾਂ ਨੂੰ ਬਰਬਾਦ ਨਹੀ ਹੋਣ ਦੇਵੇਗਾ। ਉਹਨਾਂ ਕਿਹਾ ਕਿ ਬਾਹਰੋ ਆਉਣ ਵਾਲੇ ਆਲ ਇੰਡੀਆ ਪਰਮਿਟ ਵਾਲੀਆ ਗੱਡੀਆਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋ ਰੋਕ ਲਗਾਉਣਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ ਤੇ ਆਮ ਲੋਕਾਂ ਦੀ ਸਹੂਲਤ ਲਈ ਇਹ ਪਰਮਿਟ ਜਾਰੀ ਕੀਤੇ ਜਾਂਦੇ ਹਨ ਜਿਹਨਾਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਸੁਪਰੀਮ ਕੋਰਟ ਵਿੱਚ ਇਹ ਪਟੀਸ਼ਨ ਪਾ ਕੇ ਸੁਪਰੀਮ ਕੋਰਟ ਨੂੰ ਹਾਲਾਤ ਤੋਂ ਜਾਣੂ ਕਰਵਾਏ ਤੇ ਆਟੋ ਰਿਕਸ਼ਾਂ ਤੇ ਟੈਕਸੀ ਡਰਾਈਵਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰੇ।