ਕੁੜੀ ਕੈਨੇਡਾ ਦੀ
ਲੇਖਿਕਾ: ਅਨਮੋਲ ਕੌਰ
ਪ੍ਰਕਾਸ਼ਕ: ਸਾਹਿਬਦੀਪ ਪ੍ਰਕਾਸ਼ਨ,ਭੀਖੀ, ਮਾਨਸਾ
ਮੁੱਲ: 200 ਰੁਪਏ, ਸਫੇ : 192
ਸੰਪਰਕ: 99889-13155
ਇਸ ਨਾਵਲ ਵਿਚ ਲੇਖਿਕਾ ਅਨਮੋਲ ਕੌਰ ਨੇ ਨਵੀ ਪੀੜ੍ਹੀ ਦੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ, ਜੋ ਬੇਰੁਜ਼ਗਾਰੀ ਦੀ ਮਾਰ ਹੇਠ, ਕਿਸ ਤਰਾਂ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ, ਭਾਵੇਂ ਇਸ ਮੰਤਵ ਲਈ ਧੀਆਂ ਦੇ ਬੁੱਢਿਆਂ ਨਾਲ ਵਿਆਹ ਹੋਣ ਜਾਂ ਕਾਗਜ਼ਾਂ ਵਿਚ ਝੂਠ-ਮੂਠ ਦੇ। ਜਿਵੇਂ ਕਿ ਇਸ ਨਾਵਲ ਦੀ ਨਾਇਕਾ ਹਰਨੀਤ ਅਤੇ ਨਾਇਕ ਮਨਮੀਤ ਨਾਲ ਵਾਪਰਦਾ ਹੈ। ਕੈਨੇਡਾ ਦੀ ਜੰਮਪਲ ਹਰਨੀਤ ਪਿਆਰ ਤਾਂ ਉਥੋਂ ਦੇ ਮੁੰਡੇ ਨਾਲ ਕਰਦੀ ਹੈ ਪਰ ਆਪਣੀ ਦਾਦੀ ਦੀ ਖੁਸ਼ੀ ਲਈ ਪੰਜਾਬ ਆ ਕੇ ਮਨਮੀਤ ਨਾਲ ਇਸ ਸ਼ਰਤ ‘ਤੇ ਸ਼ਾਦੀ ਕਰਦੀ ਹੈ ਕਿ ਕੈਨਡਾ ਜਾ ਕੇ ਉਹ ਉਸ ਨੂੰ ਤਲਾਕ ਦੇ ਕੇ ਆਪਣੇ ਬੁਆਏ ਫ੍ਰੈਡ ਨਾਲ ਸ਼ਾਦੀ ਕਰ ਲਵੇਗੀ। ਦੂਜੇ ਪਾਸੇ ਰੁਜ਼ਗਾਰ ਲਈ ਭਟਕਦਾ ਮਨਮੀਤ ਇਸ ਲਾਲਚਵੱਸ ਹਾਮੀ ਭਰ ਦਿੰਦਾ ਹੈ ਕਿ ਉਹ ਝੂਠਾ ਵਿਆਹ ਹੀ ਸਹੀ, ਕੈਨੇਡਾ ਜਾ ਕੇ ਸੈਟਲ ਹੋ ਜਾਏਗਾ ਅਤੇ ਪੈਸੇ ਕਮਾਏਗਾ। ਇਸ ਨਾਵਲ ਵਿਚ ਲੇਖਿਕਾ ਨੇ ਭਾਵੇ ਹੋਰ ਕਈ ਸਮਾਜਿਕ ਤੇ ਆਰਥਿਕ ਪਹਿਲੂ ਪੇਸ਼ ਕੀਤੇ ਹਨ ਜਿਵੇ ਪਾਖੰਡ, ਰਸਮੇ-ਰਿਵਾਜ, ‘ 84 ਦੇ ਬਲਿਊ ਸਟਾਰ ਅਪਰੇਸ਼ਨ ਦੀ ਦਾਸਤਾਨ ਤੇ ਦੁਖਾਂਤ, ਗੋਰਿਆਂ ਦਾ ਇਤਹਾਸ, ਦੇਸ਼ ਭਗਤ ਮੇਵਾ ਸਿੰਘ ਬਾਰੇ ਵਿਸਥਾਰ, ਜਿਸ ਦੀ ਬਦੌਲਤ ਪੰਜਾਬੀ ਕੈਨੇਡਾ ਵਿਚ ਜਾ ਕੇ ਵਸ ਸਕੇ, ਭਾਸ਼ਾਵਾਂ ਬਾਰੇ ਵੇਰਵਾ, ਪੰਜਾਬ ਦੀ ਤਾਰੀਫ ਤੇ ਪਾਰਟੀਬਾਜ਼ੀ ਆਦਿ।ਪਰ ਪ੍ਰਮੁੱਖ ਵਿਸ਼ਾ ਵਿਦੇਸ਼ਾ ਵਿਚ ਜਾਣ ਦੀ ਹੋੜ ਲਈ ਗਲਤ ਤਰੀਕਿਆਂ ਦੀ ਵਰਤੋਂ ਅਤੇ ਪੰਜਾਬ ਵਿਚ ਰਿਸ਼ਤਿਆਂ ਦੀ ਭੰਨ-ਤੋੜ ਨੂੰ ਨੇੜੇ ਹੋ ਕੇ ਵੇਖਿਆ ਅਤੇ ਚਿਤਰਿਆ ਹੈ।