ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ । ਹੁਣ ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਕੌਣ ਹਾਂ ਜੋ ਤੁਹਾਨੂੰ ਧੱਕੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਿਹਾ ਹਾਂ । ਵੈਸੇ ਤੁਸੀਂ ਮੈਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ । ਚਲੋ ਫਿਰ ਵੀ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਹਾਂ। ਮੈਂ ਹਾਂ ਗਾਜਰ ਘਾਹ ! ਗਾਜਰ ਘਾਹ ਮੈਂ ਆਮ ਲੋਕਾਂ ਲਈ ਹਾਂ ਕਿਉਂਕਿ ਮੇਰੇ ਪੱਤੇ ਗਾਜਰ ਵਰਗੇ ਚੀਰਵੇਂ ਹਨ। ਉਂਝ ਮੈਨੂੰ ਹੋਰ ਵੀ ਬਹੁਤ ਸਾਰੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ ਜਿਵੇਂ ਕਿ ਕਾਂਗਰਸ ਘਾਹ, ਪਾਰਥੀਨਿਅਮ ਘਾਹ ਅਤੇ ਚਿੱਟੀ ਟੋਪੀ ਆਦਿ । ਹੁਣ ਮੈਂ ਤੁਹਾਨੂੰ ਚੱਸਦਾ ਹਾਂ ਕਿ ਮੇਰਾ ਭਾਰਤ ਨਾਲ ਪਿਆਰ ਕਿਵੇਂ ਅਤੇ ਕਦੋਂ ਪਿਆ, ਗੱਲ ਹੈ 1960 ਦੇ ਦਹਾਕੇ ਦੀ, ਉਸ ਸਮੇਂ ਭਾਰਤੀ ਲੋਕਾਂ ਨੂੰ ਅਨਾਜ ਦੀ ਬਹੁਤ ਲੋੜ ਸੀ, ਉਸ ਕਰਕੇ ਅਮਰੀਕਾ ਤੋਂ ਕਣਕ ਦਾ ਬੀਜ ਮੰਗਵਾਇਆ ਗਿਆਂ ਮੌਕਾ ਜਾਚ ਕੇ ਮੇਰਾ ਵੀ ਦਾਅ ਲੱਗ ਗਿਆ ਅਤੇ ਮੈਂ ਕਣਕ ਦੇ ਬੀਜ ਨਾਲ ਭਾਰਤ ਪਹੁੰਚ ਗਿਆ । ਇੱਕ ਵਾਰ ਪੈਰ ਟਿਕਾਉਣ ਦੀ ਹੀ ਲੋੜ ਸੀ ਅਤੇ ਫਿਰ ਮੈਂ ਪੂਰੇ ਭਾਰਤ ਵਿੱਚ ਫੈਲਦਾ ਗਿਆ ਕਿਉਂਕਿ ਇੱਥੋਂ ਦਾ ਵਾਤਾਵਰਣ ਮੈਨੂੰ ਬਹੁਤ ਜ਼ਿਆਦਾ ਰਾਸ ਆ ਗਿਆ । ਇਸ ਦਾ ਇੱਕ ਕਾਰਨ ਹੋਰ ਵੀ ਹੈ ਕਿ ਮੇਰੇ ਬੀਜ ਬਹੁਤ ਜ਼ਿਆਦਾ ਬਣਦੇ ਹਨ, ਜਿੱਥੋਂ ਤੱਕ ਮੈਨੂੰ ਲੱਗਦਾ ਕਿ 4000-5000 ਬੀਜ ਮੇਰਾ ਇੱਕ ਬੂਟਾ ਪੈਦਾ ਕਰ ਦਿੰਦਾ ਹੈ । ਵੈਸੇ ਮੈਂ ਆਪ ਤੇ ਕਦੇ ਗਿਣੇ ਨਹੀਂ ਤੁਹਾਡੇ ਵਰਗੇ ਸਿਆਣੇ ਲੋਕਾਂ ਤੋਂ ਹੀ ਪਤਾ ਲੱਗਿਆ ਕਿ ਇੰਨੇ ਕੁ ਹੋਣਗੇ, ਇਸ ਕਰਕੇ ਭਾਰਤ ਦੀ ਜਨਸੰਖਿਆ ਵਾਂਗ ਆਪਣੀ ਵੀ ਜਨਸੰਖਿਆ ਵੱਧਦੀ ਗਈ ।
ਸੜਕਾਂ ਦੇ ਕਿਨਾਰੇ, ਰੇਲ ਦੀਆਂ ਪਟੜੀਆਂ ਅਤੇ ਖਾਲੀ ਪਈਆਂ ਖਾਲਾ ਜਿੱਥੇ ਵੀ ਮੈਨੂੰ ਮੌਕਾ ਮਿਲਿਆ ਮੈਂ ਆਪਣਾ ਡੇਰਾ ਜਮਾ ਲਿਆ । ਫਿਰ ਮੈਂ ਹੌਲੀ ਹੌਲੀ ਆਪਣਾ ਸਫਰ ਕਿਸਾਨਾਂ ਦੇ ਖੇਤਾਂ ਵੱਲ ਸ਼ੁਰੂ ਕਰ ਲਿਆ ਅਤੇ ਵੱਟ ਬੰਨਿਆਂ ਅਤੇ ਫ਼ਸਲਾਂ ਤੱਕ ਪਹੁੰਚ ਗਿਆ । ਇਸ ਵਾਸਤੇ ਮੈਨੂੰ ਉਨ੍ਹਾਂ ਫ਼ਸਲਾਂ ਦਾ ਸਾਥ ਮਿਲਿਆ ਜਿੰਨ੍ਹਾਂ ਦੀ ਆਪਸੀ ਦੂਰੀ ਥੋੜ੍ਹੀ ਵੱਧ ਹੁੰਦੀ ਹੈ ਜਿਵੇਂ ਕਿ ਕਮਾਦ। ਵੇਸੇ ਤੁਹਾਨੂੰ ਮੇਰੇ ਬਾਰੇ ਸੋਚ ਕੇ ਗੁੱਸਾ ਬਹੁਤ ਆਉਂਦਾ ਹੈ। ਉਸ ਲਈ ਮੈਂ ਤੁਹਾਡੇ ਤੋਂ ਮੁਆਫੀ ਮੰਗਦਾ ਹਾਂ ਕਿਉਂਕਿ ਤੁਹਾਡੀ ਸਿਹਤ ਵਿਗਾੜਨ ਦੇ ਵਿੱਚ ਮੇਰਾ ਬਹੁਤ ਵੱਡਾ ਹੱਥ ਹੈ । ਜਿਵੇਂ ਕਿ ਦਮੇ ਦਾ ਰੋਗ, ਜਦੋਂ ਸਿੱਧੇ ਤੌਰ ਤੇ ਤੁਹਾਡੇ ਸੰਪਰਕ ਵਿੱਚ ਆ ਜਾਂਦਾ ਹਾਂ ਫਿਰ ਚਮੜੀ ਦਾ ਰੋਗ ਅਤੇ ਇਸਦੇ ਨਾਲ ਨਾਲ ਮੈਂ ਤੁਹਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵੀ ਘੱਟ ਕਰ ਦਿੰਦਾ ਹਾਂ । ਮੈਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਬੇਜੁਬਾਨੇ ਪਸ਼ੂ ਵੀ ਕਈ ਵਾਰ ਮੇਰਾ ਸ਼ਿਕਾਰ ਬਣ ਜਾਂਦੇ ਹਨ। ਕਈ ਵਾਰ ਤੁਸੀਂ ਸੋਚਦੇ ਹੋ ਕਿ ਅੱਜ ਦੁੱਧ ਕੌੜਾ ਕਿਉਂ ਹੈ, ਉਸਦਾ ਕਾਰਨ ਵੀ ਮੈਂ ਹੋ ਸਕਦਾ ਹਾਂ ਕਿਉਂਕਿ ਜਦੋਂ ਦੁੱਧ ਵਾਲਾ ਪਸ਼ੂ ਘਾਹ ਖਾਹ ਲੈਂਦਾ ਹੈ ਫਿਰ ਮੇਰਾ ਅਸਰ ਦੁੱਧ ਤੇ ਪੈ ਜਾਂਦਾ ਹੈ।
ਹੁਣ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਨਾ ਕਿ ਮੈਂ ਤੁਹਾਨੂੰ ਇੰਨ੍ਹਾਂ ਜ਼ਿਆਦਾ ਨੁਕਸਾਨ ਪਹੁੰਚਾਵਾ ਅਤੇ ਤੁਸੀਂ ਚੱਪ ਕਰਕੇ ਬੈਠ ਜਾਓ । ਹੁਣ ਮੇਰੇ ਇਨ੍ਹਾਂ ਬੁਰੇ ਲੱਛਣਾ ਕਰਕੇ, ਦੁਨੀਆਂ ਭਰ ਦੇ ਖੇਤੀ ਵਿਗਿਆਨੀ ਭੜਕੇ ਹੋਏ ਹਨ ਅਤੇ ਉਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਕਿਸੇ ਤਰੀਕੇ ਮੇਰਾ ਵਜੂਦ ਹੀ ਖਤਮ ਕਰ ਦਿੱਤਾ ਜਾਵੇ, ਜੇਕਰ ਕਿਸਾਨ ਉਨ੍ਹਾਂ ਦਾ ਸਾਥ ਦੇਣ ਲੱਗ ਪਏ ਤਾਂ ਇਹ ਦੋਵੇਂ ਮਿਲਕੇ ਮੇਰਾ ਬੁਰਾ ਹਾਲ ਕਰ ਦੇਣਗੇ ਅਤੇ ਸੱਚਮੁੱਚ ਹੀ ਮੇਰਾ ਨਿਸ਼ਾਨ ਮਿਟਾ ਦੇਣਗੇ ਵੈਸੇ ਤਾਂ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ ਆਪ ਨੂੰ ਬਚਾ ਕੇ ਰੱਖਾਂ ਅਤੇ ਇਨ੍ਹਾਂ ਨੂੰ ਆਪਣਾ ਭੇਦ ਨਾ ਦੇਵਾਂ, ਪਰ ਇਹ ਖੇਤੀ ਵਿਗਿਆਨੀਆਂ ਨੇ ਦਿਨ ਰਾਤ ਇੱਕ ਕਰਕੇ, ਜਿਉਂ ਹੀ ਮੇਰਾ ਭੇਦ ਪਾਇਆ ਹੁਣ ਇਹ ਮੈਨੂੰ ਚਾਰੇ ਪਾਸਿਆਂ ਤੋਂ ਘੇਰਨ ਲੱਗੇ ਹੋਏ ਹਨ, ਉਸਦੇ ਲਈ ਬੜੇ ਨੁਸਖੇ ਤਿਆਰ ਕਰੀ ਬੈਠੇ ਹਨ ਅਤੇ ਗਲ੍ਹੀ ਗਲ੍ਹੀ ਇਹ ਨੁਸਖਿਆਂ ਦਾ ਪ੍ਰਚਾਰ ਕਰਦੇ ਫਿਰਦੇ ਹਨ। ਜਿੱਥੋਂ ਤੱਕ ਮੈਨੂੰ ਕੁੱਛ ਪਤਾ ਲੱਗਿਆ ਤੁਹਾਨੂੰ ਦੱਸ ਹੀ ਦਿੰਦਾ ਹਾਂ ਕਿ ਕਿਹੜੇ ਕਿਹੜੇ ਨੇ ਵੈਸੇ ਦਿਲ ਤਾਂ ਨਹੀਂ ਕਰਦਾ ਕਿ ਦੱਸਾਂ ਪਰ ਫਿਰ ਵੀ ਤੁਸੀਂ ਵਾਅਦਾ ਕਰੋਕਿ ਇਨ੍ਹਾਂ ਤੇ ਅਮਲ ਨਹੀਂ ਕਰੋਗੇ :
1. ਜੜ੍ਹ ਤੋਂ ਪੁੱਟਣਾ : ਸਭ ਤੋਂ ਅਮਾਨ ਅਤੇ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਮੈਨੂੰ ਜੜ੍ਹ ਤੋਂ ਪੁੱਟ ਦਿਓ ਅਤੇ ਫਿਰ ਮੈਨੂੰ ਅੱਗ ਲਾ ਦਿਓ, ਜਿਸ ਨਾਲ ਮੇਰੇ ਬੀਜ ਸੜ੍ਹ ਜਾਣਗੇ ਅਤੇ ਮੇਰਾ ਵਾਧਾ ਰੁੱਕ ਜਾਵੇਗਾ । ਖਾਲੀ ਪਈਆਂ ਥਾਵਾਂ ਤੇ ਜਮੀਨ ਨੂੰ ਵਾਹ ਕੇ ਮੇਰੇ ਟੁਕੜੇ ਟੁਕੜੇ ਕਰ ਦਿਓ ।
2. ਮੈਕਸੀਕਨ ਬੀਟਲ : ਪਤਾ ਨਹੀਂ ਕਿਸ ਚੰਦਰੇ ਨੇ ਇਹ ਮੇਰੇ ਵੈਰੀ ਬਾਰੇ ਪਤਾ ਕਰ ਲਿਆ ਅਤੇ ਬਾਕੀ ਦੁਨੀਆਂ ਨੂੰ ਵੀ ਦੱਸ ਦਿੱਤਾ । ਇਹ ਹੈ ਮੈਕਸਿਕੋ ਦਾ ਵਸਨੀਕ ਇੱਕ ਕੀੜਾ, ਇਹ ਚੰਦਰਾ ਕੀੜਾ ਬਰਸਾਤ ਰੁੱਤੇ ਮੇਰੇ ਪੱਤੇ ਖਾਂਦਾ ਹੈ ਅਤੇ ਮੇਰੇ ਖਾਤਮੇ ਦਾ ਕਾਰਨ ਬਣਦਾ ਜਾ ਰਿਹਾ ਹੈ ।
3. ਨਦੀਨਨਾਸ਼ਕ : ਹੁਣ ਜਦੋਂ ਸਾਰੇ ਮੇਰੇ ਵੈਰੀ ਬਣਦੇ ਜਾ ਰਹੇ ਹਨ ਤਾਂ ਇਹ ਨਦੀਨਨਾਸ਼ਕ ਕਿਉਂ ਪਿੱਛੇ ਰਹਿਣ । ਖਾਲੀ ਪਈਆਂ ਥਾਵਾਂ ਤੇ ਇਸ ਦੀ ਜ਼ਿੰਮੇਵਾਰੀ ਲਈ ਰਾਊਂਡ ਅੱਪ (ਗਲਾਇਫੋਸੇਟ 41 ਐੱਸ.ਐੱਲ.) 400 ਮਿ.ਲੀ. ਇੱਕ ਕਿਲੇ ਦੇ ਹਿਸਾਬ ਨਾਲ ਅਤੇ ਕਮਾਦ ਅਤੇ ਜਵਾਰ ਵਿੱਚ 2, 4-ਡੀ ਸੋਡੀਅਮ ਸਾਲਟ 400 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਮਿਲਾ ਕੇ ਜੇਕਰ ਮੇਰੇ ਛੋਟੇ ਛੋਟੇ ਬੂਟਿਆਂ ਤੇ ਫੁੱਲ ਆਉਣ ਤੋਂ ਪਹਿਲਾਂ ਵਰਤੀ ਜਾਵੇ ਫਿਰ ਇਹ ਮੇਰਾ ਬਹੁਤ ਨੁਕਸਾਨ ਕਰਦੀ ਹੈ ।
ਮੁਕਾਬਲਾ : ਵੈਸੇ ਤੁਸੀਂ ਸੋਚਦੇ ਹੋਵੋਗੇ ਕਿ ਮੁਕਾਬਲਾ ਕਿਵੇਂ, ਦੇਖੋ ਜਦੋਂ ਦੋ ਜਣਿਆਂ ਦਾ ਆਪਸ ਦੇ ਵਿੱਚ ਮੁਕਾਬਲਾ ਕਰਵਾ ਦੇਈਏ ਤੇ ਇੱਕ ਆਪਣੇ ਆਪ ਖਤਮ ਹੋ ਜਾਂਦਾ ਹੈ। ਇਸ ਕਰਕੇ ਮੇਰਾ ਮੁਕਾਬਲਾ ਜੰਗਲੀ ਸੂਰਜਮੁਖੀ ਅਤੇ ਗਿਨੀ ਘਾਹ ਨਾਲ ਕਰਵਾ ਦਿੰਦੇ ਹਨ ਇਹ ਬਹੁਤ ਤੇਜੀ ਨਾਲ ਵੱਧਦੇ ਹਨ ਜਿਸ ਕਾਰਨ ਮੁਕਾਬਲੇ ਵਿੱਚ ਮੈਂ, ਪਛੜ ਜਾਂਦਾ ਹਾਂ ਅਤੇ ਇਹ ਮੇਰੀ ਥਾਂ ਤੇ ਕਬਜਾ ਕਰ ਲੈਂਦੇ ਹਨ।
ਜਿਸ ਤਰ੍ਹਾਂ ਇਹ ਸਾਰੀਆਂ ਕੋਸ਼ਿਸ਼ ਚੱਲ ਰਹੀਆਂ ਨੇ ਮੈਨੂੰ ਲੱਗਦਾ ਮੇਰਾ ਖਾਤਮਾ ਹੋ ਜਾਣਾ ਏ । ਪਰ ਹੁਣ ਇਨਸਾਨ ਵੀ ਕੀ ਕਰਨ ਮੈਂ ਉਸਦਾ ਇੰਨ੍ਹਾਂ ਜ਼ਿਆਦਾ ਨੁਕਸਾਨ ਕਰਦਾ ਹਾਂ, ਸ਼ਾਇਦ ਮੈਂ ਹੀ ਬੁਰਾ ਹਾਂ ਅਤੇ ਇਸ ਕਰਕੇ ਮੈਂ ਤੁਹਾਨੂੰ ਜਿੰਨ੍ਹਾਂ ਵੀ ਨੁਕਸਾਨ ਪਹੁੰਚਾਇਆ ਉਸ ਲਈ ਮੈਂ ਮੁਆਫ਼ੀ ਮੰਗਦਾ, ਮੈਨੂੰ ਮੁਆਫ਼ ਕਰ ਦਿਓ ਅਤੇ ਜਿੰਨੀ ਛੇਤੀ ਹੋ ਸਕੇ ਮੈਨੂੰ ਇਸ ਬੁਰੇ ਕੰਮਾਂ ਤੋਂ ਮੁਕਤ ਕਰ ਦਿਓ ।
ਨਵੀਸ਼ ਕੁਮਾਰ ਕੰਬੋਜ*
ਪੀ.ਐੱਚ.ਡੀ. ਰਿਸਰਚ ਸਕੋਲਰ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ -141004