ਮਾਂ ਮੇਰੀ ਦਾ ਏਡਾ ਜੇਰਾ, ਮੈਨੂੰ ਕੁੱਝ ਸਮਝਾਉਂਦਾ ਨੀ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਸਾਨੂੰ ਆਖ ਸੁਣਾਉਂਦਾ ਨੀ।
ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ।
ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ।
ਕੋਈ ਨਾ ਸਾਡੇ ਅੱਥਰੂ ਪੂੰਝੇ, ਕੋਈ ਨਾ ਹੋਰ ਵਰਾਉਂਦਾ ਨੀ
ਮਾਂ ਮੇਰੀ………..
ਉਹਦੇ ਬੋਲਾਂ ਦੇ ਵਿੱਚ ਮਿਸ਼ਰੀ, ਕਦੇ ਨਾ ਕੌੜਾ ਬੋਲੇ ਨੀ।
ਜਣੇ ਖਣੇ ਦੇ ਕੋਲ ਕਦੇ ਨਾ, ਦਿੱਲ ਦੀ ਘੂੰਡੀ ਖੋਲ੍ਹੇ ਨੀ।
ਜ਼ਿੰਦਗੀ ਦਾ ਹਰ ਪਲ ਹੀ ਉਹਦਾ, ਸਤਿ ਸੰਤੋਖ ਸਿਖਾਉਂਦਾ ਨੀ।
ਮਾਂ ਮੇਰੀ……….
ਦੁੱਖਾਂ ਵਾਲੇ ਸਮੇਂ ਬਥੇਰੇ, ਸਿਰ ਉਹਦੇ ਤੋਂ ਲੰਘੇ ਨੀ।
ਭਲਾ ਬੁਰਾ ਨਾ ਕਿਸੇ ਨੂੰ ਆਖੇ, ਖ਼ੈਰਾਂ ਸਭ ਦੀਆਂ ਮੰਗੇ ਨੀ।
‘ਨਾ ਕੋ ਵੈਰੀ ਨਾਹੀ ਬੇਗਾਨਾ’, ਏਹੀ ਪਾਠ ਪੜ੍ਹਾਉਂਦਾ ਨੀ
ਮਾਂ ਮੇਰੀ………
ਮਾਂ ਤਾਂ ਸੰਘਣੀ ਛਾਂ ਦਾ ਰੁੱਖੜਾ, ਦੇਵੇ ਠੰਢੀਆਂ ਛਾਵਾਂ ਨੀ।
ਬਿਨ ਮੰਗੇ ਹੀ ਸਭ ਨੂੰ ਦੇਵੇ, ਸੱਚੇ ਦਿਲੋਂ ਦੁਆਵਾਂ ਨੀ।
ਦਰੀਆਂ, ਖੇਸ ਤੇ ਸਾਲੂ ਦਾ ਫੁੱਲ, ਉਹਦੀ ਯਾਦ ਕਰਾਉਂਦਾ ਨੀ।
ਮਾਂ ਮੇਰੀ………
ਔਖੀ ਘੜੀ ਜੇ ਆ ਵੀ ਜਾਵੇ, ਮੱਥੇ ਵੱਟ ਨਾ ਪਾਏ ਨੀ।
ਔਖੇ ਸੌਖੇ ਵੇਲੇ ਉਹ ਤਾਂ, ਸੱਚਾ ਰੱਬ ਧਿਆਏ ਨੀ।
ਜੰਨਤ ਵਰਗਾ ਸਾਥ ਓਸਦਾ, ਬਾਪੂ ਮਾਣ ਜਤਾਉਂਦਾ ਨੀ।
ਮਾਂ ਮੇਰੀ………
ਪਿੰਡ ਆਪਣੇ ਦੇ ਵਿੱਚ ਉਸ ਤਾਂ, ਇੱਜ਼ਤ ਬੜੀ ਕਮਾਈ ਨੀ।
ਅੱਜ ਉਹਦੀ ਫੁਲਵਾੜੀ ਉੱਤੇ, ਮਿਹਨਤ ਰੰਗ ਲਿਆਈ ਨੀ।
ਸ਼ੀਸ਼ੇ ਵਰਗੇ ਨਿਰਮਲ ਮਨ ਦਾ, ‘ਦੀਸ਼’ ਨੂੰ ਮੋਹ ਸਤਾਉਂਦਾ ਨੀ।
ਮਾਂ ਮੇਰੀ……..