ਨਵੀਂ ਦਿੱਲੀ – ਸ੍ਰ. ਭਜਨ ਸਿੰਘ ਵਾਲੀਆ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ ਕੇ ਤੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋ ਗੁਰੂ ਕੇ ਲੰਗਰ ਦੀ ਦੁਰਵਰਤੋਂ ਕਰਨ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਸਿਰਸੇ ਦੀ ਸਿਆਸੀ ਚੋਣ ਤੋਂ ਬਾਅਦ ਜਤਿੰਦਰ ਸਿੰਘ ਸ਼ੈਂਟੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਨਗਰ ਨਿਗਮ ਦਿੱਲੀ ਦਾ ਝਿਲਮਿਲ ਕਲੋਨੀ ਸੀਟ ਤੋਂ ਚੋਣ ਲੜ ਰਿਹਾ ਹੈ ਦੀਆਂ ਚੋਣ ਰੈਲੀਆਂ ਵਿੱਚ ਵੀ ਸੀਸ ਗੰਜ ਗੁਰੂਦੁਆਰੇ ਤੋਂ ਲੰਗਰ ਜਾ ਰਿਹਾ ਹੈ ਜਿਸ ‘ਤੇ ਤੁਰੰਤ ਰੋਕ ਲਗਾਈ ਜਾਣੀ ਜ਼ਰੂਰੀ ਹੈ।
ਸ੍ਰ. ਭਜਨ ਸਿੰਘ ਵਾਲੀਆ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਨੇ ਜਦੋਂ ਦਿੱਲੀ ਵਿਧਾਨ ਸਭਾ ਦੀ ਚੋਣ ਲੜੀ ਸੀ ਤਾਂ ਉਸ ਵੇਲੇ ਉਸ ਦੇ ਚੋਣ ਕੈਂਪਾਂ ਵਿੱਚ ਵੀ ਗੁਰੂਦੁਆਰੇ ਤੋਂ ਲੰਗਰ ਜਾਂਦਾ ਰਿਹਾ ਅਤੇ ਸਿਰਸੇ ਨੇ ਅਜਿਹੀ ਪਿਰਤ ਪਾਈ ਹੈ ਕਿ ਉਹ ਹੁਣ ਥੰਮਣ ਦਾ ਨਾਮ ਨਹੀਂ ਲੈ ਰਹੀ। ਉਹਨਾਂ ਕਿਹਾ ਕਿ ਜ਼ਤਿੰਦਰ ਸਿੰਘ ਸ਼ੈਂਟੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੀ ਕੋਰ ਕਮੇਟੀ ਦਾ ਮੈਂਬਰ ਹੋਣ ਦਾ ਵੀ ਦਾਅਵਾ ਕਰਦਾ ਹੈ ਨੇ ਆਪਣੇ ਦੋਹਾਂ ਹੱਥਾਂ ਵਿੱਚ ਲੱਡੂ ਰੱਖੇ ਹੋਏ ਹਨ ਇੱਕ ਪਾਸੇ ਉਹ ਅਕਾਲੀ ਦਲ ਦਾ ਕਾਰਕੁੰਨ ਤੇ ਦੂਜੇ ਪਾਸੇ ਉਹ ਭਾਜਪਾ ਦੀ ਗੋਦੀ ਵਿੱਚ ਖੇਡ ਕੇ ਸਿਆਸੀ ਤਾਕਤ ਲੈਣ ਲਈ ਯਤਨਸ਼ੀਲ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰੀ ਵਿਧਾਇਕ ਬਣਿਆ ਤੇ ਇੱਕ ਵਾਰੀ ਜਿੱਤਿਆ ਤੇ ਇੱਕ ਵਾਰੀ ਹਾਰਿਆ ਪਰ ਟਿਕਟ ਭਾਰਤੀ ਜਨਤਾ ਪਾਰਟੀ ਦੀ ਹੀ ਸੀ। ਉਹਨਾਂ ਕਿਹਾ ਕਿ ਵੱਟਸ ਅੱਪ ਤੇ ਇੱਕ ਲੰਗਰ ਭੇਜਣ ਦੀ ਕਿਸੇ ਬੀਬੀ ਵੱਲੋ ਪਾਈ ਗਈ ਵੀਡੀਉ ਸਾਬਤ ਕਰਦੀ ਹੈ ਕਿ ਦਾਲ ਵਿੱਚ ਕੁਝ ਕਾਲਾ ਜਰੂਰ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਅਹਿਲਕਾਰਾਂ ਨੂੰ ਕੁਤਾਹੀ ਹੁੰਦੀ ਵੇਖ ਕੇ ਸਿਰਫ ਕਬੂਤਰ ਵਾਂਗੂ ਅੱਖਾਂ ਹੀ ਨਹੀ ਮੀਟਣੀਆਂ ਚਾਹੀਦੀਆਂ ਸਗੋਂ ਹੋ ਰਹੇ ਅਨਰਥ ਨੂੰ ਬਿਨਾਂ ਕਿਸੇ ਦੇਰੀ ਤੋਂ ਰੋਕਿਆ ਜਾਣਾ ਚਾਹੀਦਾ ਹੈ ਕਿਉਕਿ ਗੁਰੂ ਘਰ ਦੇ ਪ੍ਰਸਾਦ ਵਜੋਂ ਜਾਣਿਆ ਜਾਂਦਾ ਲੰਗਰ ਸਿਰਫ ਗੁਰੂ ਘਰ ਨਤਮਸਤਕ ਹੋਣ ਆਈਆਂ ਲੋੜਵੰਦ ਸੰਗਤਾਂ ਲਈ ਹੀ ਹੈ ਨਾ ਕਿ ਰੈਲੀਆਂ ਤੇ ਚੋਣਾਂ ਵਿੱਚ ਭਾਗ ਲੈਣ ਵਾਲੇ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਅਤੇ ਹੋਰ ਨਸ਼ੀਲੇ ਪਦਾਰਥ ਸੇਵਨ ਕਰਨ ਵਾਲਿਆਂ ਲਈ ਹੈ ਜਿਹਨਾਂ ਵੱਲੋ ਲੰਗਰ ਦੀ ਖੇਹ ਖਰਾਬੀ ਕੀਤੀ ਜਾ ਰਹੀਹੈ। ਉਹਨਾਂ ਕਿਹਾ ਕਿ ਬਾਦਲ ਦਲ ਵਾਲਿਆਂ ਨੇ ਅਜਿਹੀ ਪਿਰਤ ਪਾਈ ਹੈ ਕਿ ਪੰਜਾਬ ਤੋਂ ਬਾਅਦ ਦਿੱਲੀ ਵਿੱਚ ਵੀ ਉਹਨਾਂ ਨੇ ਲੰਗਰ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ ਤੇ ਸ਼ੈਟੀ ਦੀਆਂ ਰੈਲੀਆਂ ਵਿੱਚ ਸਵੇਰੇ ਸ਼ਾਮ ਲੰਗਰ ਗੱਡੀਆਂ ਭਰ ਕੇ ਜਾ ਰਿਹਾ ਹੈ।