ਫ਼ਤਹਿਗੜ੍ਹ ਸਾਹਿਬ – “ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਯੁਕਤ ਕੀਤੇ ਗਏ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਉਹਨਾਂ ਦੇ ਸਾਥੀ ਜਦੋਂ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਤਖ਼ਤਾਂ ਨੂੰ ਨਤਮਸਤਕ ਹੋਣ ਉਪਰੰਤ ਪੰਜਾਬ ਦੇ ਸੰਭੂ ਬਾਰਡਰ ਰਾਹੀ ਪੰਜਾਬ ਵਿਚ ਦਾਖਲ ਹੋ ਰਹੇ ਸਨ, ਤਾਂ ਉਹਨਾਂ ਨੂੰ ਪੰਜਾਬ ਪੁਲਿਸ ਨੇ ਬਿਨ੍ਹਾਂ ਕਿਸੇ ਵਜਹ ਤੇ ਗੈਰ-ਕਾਨੂੰਨੀ ਤਰੀਕੇ ਜ਼ਬਰੀ ਗ੍ਰਿਫ਼ਤਾਰ ਕਰਕੇ ਪਟਿਆਲਾ ਜੇਲ੍ਹ ਭੇਜਣ ਦੇ ਦੁੱਖਦਾਇਕ ਅਮਲ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਜਿਥੇ ਅਸਹਿ ਹਨ, ਉਥੇ ਪੰਜਾਬ ਦੇ ਅਮਨ-ਚੈਨ ਤੇ ਜ਼ਮਹੂਰੀਅਤ ਕਦਰਾ-ਕੀਮਤਾ ਨੂੰ ਡੂੰਘੀ ਸੱਟ ਮਾਰਨ ਵਾਲੇ ਹਨ । ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੀ ਪੰਜਾਬ ਅਤੇ ਸਿੱਖਾਂ ਵਿਚ ਸਾਂਖ ਡਿੱਗ ਜਾਣ ਦੀ ਬਦੌਲਤ ਬਾਦਲ ਦਲੀਆਂ ਵਿਚ ਪੈਦਾ ਹੋਈ ਬੁਖਲਾਹਟ ਨੂੰ ਵੀ ਸਪੱਸਟ ਜ਼ਾਹਰ ਕਰਦੇ ਹਨ। ਜਿਸ ਦੀ ਸਮੁੱਚੀਆਂ ਸਰਬੱਤ ਖ਼ਾਲਸਾ ਜਥੇਬੰਦੀਆਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਇਸ ਤਾਨਾਸ਼ਾਹੀ ਅਮਲ ਪ੍ਰਤੀ ਖ਼ਬਰਦਾਰ ਵੀ ਕਰਦੀ ਹੈ ।”
ਇਹ ਵਿਚਾਰ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਪ੍ਰੌ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਕੁੱਸਲਪਾਲ ਸਿੰਘ ਮਾਨ, ਸ. ਸੁਰਜੀਤ ਸਿੰਘ ਕਾਲਾਬੂਲਾ (ਚਾਰੇ ਜਰਨਲ ਸਕੱਤਰ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸੂਬੇਦਾਰ ਮੇਜਰ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਸਰੂਪ ਸਿੰਘ ਸੰਧਾ, ਰਣਜੀਤ ਸਿੰਘ ਸੰਘੇੜਾ, ਜਸਬੀਰ ਸਿੰਘ ਭੁੱਲਰ, ਕਰਮ ਸਿੰਘ ਭੋਈਆ, ਸੁਖਜੀਤ ਸਿੰਘ ਕਾਲਾ ਅਫ਼ਗਾਨਾ, ਅਵਤਾਰ ਸਿੰਘ ਖੱਖ, ਰਣਜੀਤ ਸਿੰਘ ਸੰਤੋਖਗੜ੍ਹ, ਗੋਪਾਲ ਸਿੰਘ ਝਾੜੋ, ਸਿੰਗਾਰਾ ਸਿੰਘ ਬਡਲਾ, ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੂ, ਪਰਮਿੰਦਰ ਸਿੰਘ ਬਾਲਿਆਬਾਲੀ, ਹਰਬੀਰ ਸਿੰਘ ਸੰਧੂ ਸਕੱਤਰ ਆਦਿ ਆਗੂਆਂ ਨੇ ਸਾਂਝੇ ਤੌਰ ਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋ ਭਾਈ ਧਿਆਨ ਸਿੰਘ ਮੰਡ ਦੀ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰੀ ਕਰਕੇ ਪਟਿਆਲਾ ਜੇਲ੍ਹ ਭੇਜਣ ਦੇ ਸਿੱਖ ਕੌਮ ਵਿਰੋਧੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਤਿੰਨੋ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜਾਂ ਸਰਬੱਤ ਖ਼ਾਲਸਾ ਜਥੇਬੰਦੀਆਂ ਦੇ ਕਿਸੇ ਵੀ ਆਗੂ ਵੱਲੋ ਕੋਈ ਗੈਰ-ਕਾਨੂੰਨੀ ਅਮਲ ਹੀ ਨਹੀਂ ਕੀਤਾ ਗਿਆ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਥੇਦਾਰ ਸਾਹਿਬਾਨ ਵੱਲੋ ਨਤਮਸਤਕ ਹੁੰਦੇ ਹੋਏ ਬਿਹਾਰ ਅਤੇ ਮਹਾਂਰਾਸਟਰ ਦੀਆਂ ਸੰਗਤਾਂ ਨੇ ਉਪਰੋਕਤ ਤਿੰਨੇ ਜਥੇਦਾਰ ਸਾਹਿਬਾਨ ਦਾ ਗਰਮਜੋਸੀ ਨਾਲ ਸਵਾਗਤ ਕੀਤਾ ਹੈ ਅਤੇ ਉਪਰੋਕਤ ਤਖ਼ਤਾਂ ਉਤੇ ਦਰਸ਼ਨ ਕਰਨ ਦੇ ਅਮਲ ਪੁਰ ਅਮਨ-ਚੈਨ ਨਾਲ ਸੰਪਨ ਹੋਏ ਹਨ ਤਾਂ ਹੁਣ ਜਦੋਂ ਤਖ਼ਤ ਸਾਹਿਬਾਨਾਂ ਦੇ ਸਰਬੱਤ ਖ਼ਾਲਸਾ ਵੱਲੋ ਚੁਣੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਦੇ ਤਖ਼ਤਾਂ ਦੇ ਦਰਸ਼ਨ ਕਰਨ ਜਾ ਰਹੇ ਸਨ ਤਾਂ ਪੰਜਾਬ ਦੀ ਬਾਦਲ ਹਕੂਮਤ ਨੂੰ ਹੁਣ ਕਿਹੜੀ ਗੱਲ ਦਾ ਡਰ ਪੈ ਗਿਆ ਕਿ ਜਥੇਦਾਰ ਸਾਹਿਬਾਨ ਉਤੇ ਝੂਠੇ ਕੇਸ ਬਣਾਕੇ ਉਹਨਾਂ ਨੂੰ ਫਿਰ ਤੋਂ ਜੇਲ੍ਹ ਭੇਜਣ ਦੇ ਕੌਮ ਵਿਰੋਧੀ ਪੰਜਾਬ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੇ ਅਮਲ ਕੀਤੇ ਜਾ ਰਹੇ ਹਨ ? ਉਹਨਾਂ ਕਿਹਾ ਕਿ ਗੁਰੂਘਰਾਂ ਦੇ ਦਰਸ਼ਨ ਕਰਨ ਜਾਂ ਗੁਰੂਘਰਾਂ ਨੂੰ ਨਤਮਸਤਕ ਹੋਣ ਤੋਂ ਕਿਸੇ ਵੀ ਗੁਰਸਿੱਖ ਨੂੰ ਬਾਦਲ-ਬੀਜੇਪੀ ਹਕੂਮਤ ਤਾਂ ਕੀ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ । ਜੋ ਤਖ਼ਤਾਂ ਉਤੇ ਸਰਧਾ ਪੂਰਵਕ ਜਾਣ ਦੇ ਜਥੇਦਾਰ ਸਾਹਿਬਾਨ ਦੇ ਪ੍ਰੋਗਰਾਮਾਂ ਵਿਚ ਵਿਘਨ ਪਾਉਣ ਹਿੱਤ ਬਾਦਲ-ਬੀਜੇਪੀ ਹਕੂਮਤ ਅਤੇ ਪੰਜਾਬ ਪੁਲਿਸ ਵੱਲੋ ਅਮਲ ਕੀਤੇ ਗਏ ਹਨ, ਇਹ ਨਾਦਰਸ਼ਾਹੀ, ਔਰੰਗਜੇਬੀ ਸੋਚ ਦਾ ਨਤੀਜਾ ਹਨ । ਜਿਸ ਦੇ ਨਤੀਜੇ ਪੰਜਾਬ ਸੂਬੇ ਅਤੇ ਹਿੰਦ ਲਈ ਕਦੀ ਵੀ ਲਾਹੇਵੰਦ ਸਾਬਤ ਨਹੀਂ ਹੋਣਗੇ ।
ਆਗੂਆਂ ਨੇ ਕਿਹਾ ਕਿ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਹਰ ਤਰ੍ਹਾਂ ਦੀਆਂ ਜ਼ਮਹੂਰੀਅਤ ਕਦਰਾ-ਕੀਮਤਾ ਅਤੇ ਅਮਨਮਈ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਆਪਣੇ ਕੌਮੀ ਅਤੇ ਧਾਰਮਿਕ ਪ੍ਰੋਗਰਾਮ ਕਰ ਰਹੀਆ ਹਨ ਅਤੇ ਕਿਸੇ ਵੱਲੋ ਵੀ ਇਥੋ ਦੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ । ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋ ਜਥੇਦਾਰ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਦੇ ਅਮਲ ਸਿੱਖ ਕੌਮ ਅਤੇ ਪੰਜਾਬ ਸੂਬੇ ਵਿਚ ਭੜਕਾਊ ਕਾਰਵਾਈ ਕੀਤੀ ਗਈ ਹੈ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਉਹਨਾਂ ਕਿਹਾ ਕਿ ਆਉਣ ਵਾਲੇ ਇਕ-ਦੋ ਦਿਨਾਂ ਵਿਚ ਸਰਬੱਤ ਖ਼ਾਲਸਾ ਜਥੇਬੰਦੀਆਂ ਦੇ ਆਗੂਆਂ ਦੀ ਇਕ ਮੀਟਿੰਗ ਸੱਦਕੇ ਪੰਜਾਬ ਸਰਕਾਰ ਵੱਲੋ ਬੁਖਲਾਹਟ ਵਿਚ ਆ ਕੇ ਕੀਤੀਆ ਗਈਆ ਗ੍ਰਿਫ਼ਤਾਰੀਆਂ ਵਿਰੁੱਧ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ । ਉਹਨਾਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਮਨ-ਚੈਨ ਨੂੰ ਕਾਇਮ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਕ੍ਰਮਵਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਇਸ ਸਮੇਂ ਹਰਿਆਣੇ ਵਿਚ ਹਨ । ਉਹਨਾਂ ਵੱਲੋ ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਦੇ ਆਗੂਆਂ ਵੱਲੋ ਵਿਚਾਰਾਂ ਕਰਦੇ ਹੋਏ ਜੋ ਅਗਲਾ ਕੌਮੀ ਪ੍ਰੋਗਰਾਮ ਇਹਨਾਂ ਗ੍ਰਿਫ਼ਤਾਰੀਆ ਵਿਰੁੱਧ ਬਣੇਗਾ, ਉਸ ਉਤੇ ਸਮੁੱਚੀ ਸਿੱਖ ਕੌਮ ਪਹਿਰਾ ਦੇਣ ਅਤੇ ਅਮਲ ਕਰਨ ਲਈ ਤਿਆਰ ਰਹੇ । ਆਗੂਆਂ ਨੇ ਪੰਜਾਬ ਸਰਕਾਰ ਨੂੰ ਖ਼ਬਰਦਾਰ ਕਰਦੇ ਹੋਏ ਇਹ ਵੀ ਮੰਗ ਕੀਤੀ ਕਿ ਪੰਜਾਬ ਦਾ ਮਾਹੌਲ ਹੋਰ ਵਿਸਫੋਟਕ ਬਣੇ, ਉਸ ਤੋ ਪਹਿਲੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਮੋਹਕਮ ਸਿੰਘ, ਜਰਨੈਲ ਸਿੰਘ ਸਖੀਰਾ, ਪਰਮਜੀਤ ਸਿੰਘ ਜੇਜੀਆਣੀ, ਮਨਪ੍ਰੀਤ ਸਿੰਘ ਨੂੰ ਬਿਨ੍ਹਾ ਸਰਤ ਤੁਰੰਤ ਰਿਹਾਅ ਕਰਕੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਰੱਖੇ ਤਾਂ ਬਿਹਤਰ ਹੋਵੇਗਾ । ਵਰਨਾ ਨਿਕਲਣ ਵਾਲੇ ਮਾਰੂ ਨਤੀਜਿਆ ਲਈ ਸੈਟਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ।