ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਸਰਬੱਤ ਖਾਲਸਾ ਨਾਲ ਸਬੰਧਿਤ ਤੇ ਤਖਤਾਂ ਦੇ ਜਥੇਦਾਰਾਂ ਦੀਆਂ ਗ੍ਰਿਫਤਾਰੀਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਨੇ ਲੋਕਤੰਤਰ ਦਾ ਕਤਲ ਤੇ ਧਾਰਮਿਕ ਅਜ਼ਾਦੀ ਨੂੰ ਪੂਰੀ ਤਰ੍ਹਾਂ ਨੇਸਤੋਨਬੂਦ ਕਰ ਦਿੱਤਾ ਹੈ ਜਿਹੜਾ ਬਾਦਲ ਦਲ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।
ਸਰਨਾ ਭਰਾਵਾਂ ਨੇ ਕਿਹਾ ਕਿ ਬਾਦਲ ਦਲ ਤਾਂ ਅਕਾਲੀ ਦਲ ਦੇ ਮੁੱਢਲੇ ਅਸੂਲਾਂ ਨੂੰ ਪਹਿਲਾਂ ਹੀ ਤਿਲਾਂਜ਼ਲੀ ਦੇ ਚੁੱਕਾ ਹੈ ਅਤੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਅਕਾਲੀ ਸ਼ਬਦ ਨਾਲ ਬੇਇਨਸਾਫੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਾਦਲ ਦਾ ਪੂਰੀ ਤਰ੍ਹਾਂ ਭੋਗ ਪੈ ਜਾਵੇਗਾ ਜਿਸ ਨੂੰ ਲੈ ਕੇ ਬੁਖਲਾਹਟ ਵਿੱਚ ਆ ਕੇ ਬਾਦਲ ਪਿਉ ਪੁੱਤ ਸਿੱਖਾਂ ਨੂੰ ਹੀ ਬੰਦੀ ਬਣਾ ਰਹੇ ਹਨ।
ਉਹਨਾਂ ਕਿਹਾ ਕਿ ਸਰਬੱਤ ਖਾਲਸਾ ਨਾਲ ਸਬੰਧਿਤ ਆਗੂ ਭਾਈ ਮੋਹਕਮ ਸਿੰਘ, ਭਾਈ ਜਰਨੈਲ ਸਿੰਘ ਸਖੀਰਾ , ਭਾਈ ਪਰਮਜੀਤ ਸਿੰਘ ਜਿਜੇਆਣੀ ਤੇ ਭਾਈ ਮਨਪ੍ਰੀਤ ਸਿੰਘ ਤੋ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਂਦਿਆ ਗ੍ਰਿਫਤਾਰ ਕਰਨ ਦੀ ਕਾਰਵਾਈ ਨੂੰ ਔਰੰਗਜੇਬ ਤੇ ਜ਼ਕਰੀਆ ਖਾਂ ਵੱਲੋ ਸਿੱਖਾਂ ਨਾਲ ਕੀਤੀਆ ਵਧੀਕੀਆਂ ਤੋਂ ਘਿਨਾਉਣੀ ਕਾਰਵਾਈ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ , ਭਾਈ ਮੋਹਕਮ ਸਿੰਘ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਕੋਲੋ ਹੀ ਸ਼ਾਮ ਦਾ ਪ੍ਰਸ਼ਾਦਾ ਛੱਕ ਕੇ ਪੰਜਾਬ ਵੱਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਨਿਕਲੇ ਸਨ ਕਿ ਹਰਿਆਣਾ ਦੀ ਹੱਦ ਅੰਬਾਲਾ ਲੰਘਦਿਆਂ ਹੀ ਸ਼ੰਭੂ ਬੈਰੀਅਰ ਪਾਰ ਕਰਦਿਆਂ ਹੀ ਪਟਿਆਲਾ ਪੁਲੀਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਘਨੌਰ ਥਾਣੇ ਬੰਦ ਕਰ ਦਿੱਤਾ ਜਿਹੜਾ ਪੂਰੀ ਤਰ੍ਹਾਂ ਸਿਧਾਂਤਕ, ਧਾਰਮਿਕ, ਸਮਾਜਿਕ, ਰਾਜਸੀ ਤੇ ਨੈਤਿਕ ਤੌਰ ਤੇ ਪੰਥ ਵਿਰੋਧੀ ਤੇ ਦੇਸ਼ ਦੇ ਸੰਵਿਧਾਨ ਵਿੱਚ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਇਤਿਹਾਸ ਦੇ ਪੰਨਿਆਂ ਤੇ ਇਹ ਦਰਜ ਹੋ ਜਾਵੇਗਾ ਕਿ ਅਕਾਲੀ ਸਰਕਾਰ ਸਮੇਂ ਹੀ ਅਕਾਲੀ ਮੁੱਖ ਮੰਤਰੀ ਨੇ ਸਿੱਖਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਹਨਾਂ ਆਗੂਆ ਨੂੰ ਰਿਹਾਅ ਕਰਾਉਣ ਲਈ ਹਰ ਪ੍ਰਕਾਰ ਦੀ ਮਦਦ ਕਰੇਗਾ ਅਤੇ ਬਾਦਲ ਪਰਿਵਾਰ ਦਾ ਪੰਜਾਬ ਵਿੱਚ ਗਲਬਾ ਖਤਮ ਕਰਕੇ ਇੱਕ ਲੋਕਤਾਂਤਰਿਕ ਸਰਕਾਰ ਕਾਇਮ ਕਰਨ ਲਈ ਹਰ ਪ੍ਰਕਾਰ ਦਾ ਯਤਨ ਕਰੇਗਾ।