ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਮਹਿਰੌਲੀ ਵਿਖੇ ਸਥਾਪਿਤ ਹੋਣ ਵਾਲਾ ਬੁੱਤ ਲਗਭਗ ਆਪਣੀ ਉਸਾਰੀ ਦੇ ਅੰਤਿਮ ਪੜਾਅ ’ਚ ਹੈ। 7।5 ਏਕੜ ਦੇ ਪਾਰਕ ਵਿਚ ਕੁਤੁੱਬ ਮੀਨਾਰ ਦੇ ਨੇੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰ ਦੇ ਰੂਪ ਵਿਚ ਵਿਕਸਿਤ ਕੀਤੇ ਜਾ ਰਹੇ ਉਕਤ ਪਾਰਕ ਵਿਚ ਅਗਲੇ ਮਹੀਨੇ ਇਸ ਨੂੰ ਸਥਾਪਿਤ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪਾਰਕ ਸਬ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਗਵਾਲੀਅਰ ਵਿਖੇ ਇਸ ਬੁੱਤ ਨੂੰ ਘੜ ਰਹੇ ਬੁੱਤਕਾਰ ਸਿਧਾਰਥ ਰਾਇ ਦੀ ਕਾਰਜਸ਼ਾਲਾ ਵਿਖੇ ਜਾਇਜ਼ਾ ਲੈਣ ਉਪਰੰਤ ਦਿੱਤੀ।
ਭੋਗਲ ਨੇ ਦੱਸਿਆ ਕਿ 17 ਫੁੱਟ ਉੱਚੇ, 13 ਫੁੱਟ ਚੌੜੇ ਅਤੇ ਲਗਭਗ 6 ਟਨ ਵਜਨੀ ਇਸ ਬੁੱਤ ਦੀ ਦਿੱਖ ਪੰਜਾਬ ਸਰਕਾਰ ਵੱਲੋਂ ਚਪੜਚਿੜ੍ਹੀ ਮੈਦਾਨ ਵਿਖੇ ਬਾਬਾ ਜੀ ਦੇ ਸਥਾਪਿਤ ਕੀਤੇ ਗਏ ਬੁੱਤ ਵਰਗੀ ਹੈ। ਇਸ ਬੁੱਤ ਦੀ ਸੇਵਾ ਪੰਜਾਬ ਸਰਕਾਰ ਵੱਲੋਂ ਆਪਣੇ ਖਜਾਨੇ ’ਚੋ ਕੀਤੇ ਜਾਉਣ ਦੀ ਗੱਲ ਕਰਦੇ ਹੋਏ ਭੋਗਲ ਨੇ ਦੱਸਿਆ ਕਿ ਸਬ ਕਮੇਟੀ ਮੈਂਬਰ 29 ਮਈ ਨੂੰ ਗਵਾਲੀਅਰ ਵਿਖੇ ਮੁੜ੍ਹ ਤੋਂ ਬੁੱਤਕਾਰ ਦੀ ਕਾਰਜਸ਼ਾਲਾ ਵਿਚ ਜਾ ਕੇ ਪੂਰਣ ਤੌਰ ਤੇ ਤਿਆਰ ਬੁੱਤ ਦਾ ਜਾਇਜ਼ਾ ਲੈ ਕੇ ਇਸਨੂੰ ਦਿੱਲੀ ਵੱਲ ਨੂੰ ਰਵਾਨਾ ਕਰਨਗੇ।
ਭੋਗਲ ਨੇ ਕਿਹਾ ਕਿ ਪਾਰਕ ’ਚ ਕੁਦਰਤੀ ਨਜ਼ਾਰਿਆਂ ਅਤੇ ਦਰਖਤਾਂ ਨੂੰ ਸੁੰਦਰਤਾ ਦੇਣ ਦੇ ਨਾਲ ਹੀ ਵੱਖ-ਵੱਖ ਫੁੱਲਾਂ ਦੀਆਂ ਦੁਰਲੱਭ ਕਿਸ਼ਮਾਂ ਨੂੰ ਵੀ ਪਾਰਕ ਵਿਚ ਇਸ ਤਰੀਕੇ ਨਾਲ ਲਗਾਇਆ ਜਾਵੇਗਾ ਕਿ ਆਉਣ ਵਾਲੇ ਸੈਲਾਨੀ ਉਸਦੇ ਦਿੱਲਖਿੱਚਵੇ ਨਜ਼ਾਰੇ ਨੂੰ ਹਮੇਸ਼ਾ ਯਾਦ ਰੱਖਣ। ਭੋਗਲ ਨੇ ਮਹਿਰੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਅਸਥਾਨ ਦੀ ਭਾਲ ਅਤੇ ਉਸ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੋਂ ਬਾਅਦ ਹੁਣ ਯਾਦਗਾਰ ਦੀ ਉਸਾਰੀ 54 ਸਾਲ ਬਾਅਦ ਜਥੇਦਾਰ ਸੰਤੋਖ ਸਿੰਘ ਦੇ ਪਰਿਵਾਰ ਦੇ ਪ੍ਰਬੰਧ ਹਿੱਸੇ ਆਉਣ ਨੂੰ ਵੀ ਪਰਿਵਾਰ ਤੇ ਗੁਰੂ ਦੀ ਮੇਹਰ ਵੱਜੋਂ ਪਰਿਭਾਸ਼ਿਤ ਕੀਤਾ।
ਭੋਗਲ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਨੇ ਬਾਬਾ ਜੀ ਦੇ ਸ਼ਹੀਦੀ ਸਥਾਨ ਦੀ ਭਾਲ ਇਤਿਹਾਸਕਾਰਾਂ ਤੋਂ ਕਰਵਾਕੇ 1962 ਵਿਚ ਦਿੱਲੀ ਵਿੱਖੇ 10ਵਾਂ ਇਤਿਹਾਸਿਕ ਗੁਰਦੁਆਰਾ ਸਥਾਪਿਤ ਆਪਣੇ ਪ੍ਰਧਾਨਗੀ ਕਾਲ ਦੌਰਾਨ ਕਰਵਾਇਆ ਸੀ ਅਤੇ ਹੁਣ ਉਨ੍ਹਾਂ ਦੇ ਪੁੱਤਰ ਮਹਿਰੌਲੀ ਵਿਖੇ ਹੀ ਬਾਬਾ ਜੀ ਦੀ ਯਾਦਗਾਰ ਆਪਣੇ ਪ੍ਰਧਾਨਗੀ ਕਾਲ ਦੌਰਾਨ ਕਰਵਾਉਣ ਦਾ ਮਾਣ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ, ਮੁਖ ਇੰਜੀਨੀਅਰ ਸਤਿੰਦਰ ਸਿੰਘ ਭੱਲਾ ਅਤੇ ਇੰਜੀਨੀਅਰ ਪਰਮਪਾਲ ਸਿੰਘ ਵੀ ਭੋਗਲ ਨਾਲ ਮੌਜੂਦ ਸਨ।