ਨਵੀਂ ਦਿੱਲੀ – ਉਤਰਾਖੰਡ ਵਿੱਚ ਪਿੱਛਲੇ ਲੰਬੇ ਸਮੇਂ ਤੋਂ ਬੀਜੇਪੀ ਵੱਲੋਂ ਖੇਡਿਆ ਜਾ ਰਿਹਾ ਸਿਆਸੀ ਖੇਡ ਬੁੱਧਵਾਰ ਨੂੰ ਸਮਾਪਤ ਹੋ ਗਿਆ ਹੈ। ਸੁਪਰੀਮ ਕੋਰਟ ਨੇ ਰਾਜ ਵਿੱਚ ਹੋਏ ਸ਼ਕਤੀ ਪ੍ਰਦਰਸ਼ਨ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਜਿਸ ਅਨੁਸਾਰ ਰਾਜ ਵਿਧਾਨ ਸਭਾ ਵਿੱਚ ਹਰੀਸ਼ ਰਾਵਤ ਬਹੁਮੱਤ ਸਾਬਿਤ ਕਰਨ ਵਿੱਚ ਸਫਲ ਰਹੇ ਹਨ। ਰਾਸ਼ਟਰਪਤੀ ਦੇ ਦਸਤਖਤਾਂ ਤੋਂ ਬਾਅਦ ਰਾਜ ਵਿੱਚੋਂ ਰਾਸ਼ਟਰਪਤੀ ਸ਼ਾਸਨ ਹਟ ਜਾਵੇਗਾ।
ਸੁਪਰੀਮ ਕੋਰਟ ਵਿੱਚ ਜਦੋਂ ਸੀਲਬੰਦ ਲਿਫ਼ਾਫ਼ੇ ਖੋਲ੍ਹੇ ਗਏ ਤਾਂ 61 ਵਿਧਾਇਕਾਂ ਵਿੱਚੋਂ ਹਰੀਸ਼ ਰਾਵਤ ਦੇ ਪੱਖ ਵਿੱਚ 33 ਵੋਟ ਮਿਲੇ। ਵਿਧਾਨ ਸਭਾ ਵਿੱਚ ਹੋਏ ਸ਼ਕਤੀ ਪ੍ਰਦਰਸ਼ਨ ਦੌਰਾਨ ਹਰੀਸ਼ ਰਾਵਤ ਦੇ ਪੱਖ ਵਿੱਚ 33 ਵੋਟ ਮਿਲੇ ਅਤੇ ਉਸ ਦੇ ਵਿਰੋਧ ਵਿੱਚ 28 ਵੋਟ ਮਿਲੇ। ਜਿਸ ਕਾਰਣ ਕੇਂਦਰ ਸਰਕਾਰ ਦੀ ਚੰਗੀ ਕਿਰਕਿਰੀ ਹੋਈ।ਇਸ ਫੈਂਸਲੇ ਤੋਂ ਬਾਅਦ ਮੋਦੀ ਕੈਬਨਿਟ ਨੇ ਤੁਰੰਤ ਰਾਜ ਵਿੱਚੋਂ ਰਾਸ਼ਟਰਪਤੀ ਸ਼ਾਸਨ ਹਟਾਉਣ ਦਾ ਫੈਂਸਲਾ ਲਿਆ। ਅਦਾਲਤ ਨੇ ਕਿਹਾ ਕਿ ਸਰਕਾਰ ਰਾਸ਼ਟਰਪਤੀ ਸ਼ਾਸਨ ਸਮਾਪਤ ਕਰਨ ਦੇ ਆਦੇਸ਼ ਦੀ ਕਾਪੀ ਕੋਰਟ ਦੇ ਸਾਹਮਣੇ ਰੱਖੇ। ਕੋਰਟ ਨੇ ਇਹ ਵੀ ਕਿਹਾ ਕਿ ਕੁਝ ਜਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਹਰੀਸ਼ ਰਾਵਤ ਮੁੱਖਮੰਤਰੀ ਦੇ ਆਹੁਦੇ ਦਾ ਕੰਮਕਾਰ ਸੰਭਾਲ ਸਕਦੇ ਹਨ।