ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ
ਮੁੱਲ: 100 ਰੁ:, ਸਫ਼ੇ: 80
ਸੰਪਰਕ: 98154-71219
ਸੁਖਵਿੰਦਰ ਅੰਮ੍ਰਿਤ ਪੰਜਾਬੀ ਸਾਹਿਤ ਦੀ ਉੱਘੀ ਕਵਿਤਰੀ ਹੈ। ਉਹ ਸਰਲ ਅਤੇ ਘੱਟ ਸ਼ਬਦਾਂ ਵਿੱਚ ਬਹੁਤ ਗਹਿਰੀ ਗੱਲ ਕਹਿਣ ਦੀ ਜਾਂਚ ਰੱਖਦੀ ਹੈ। ਸੁਖਵਿੰਦਰ ਅੰਮ੍ਰਿਤ ਦੀ ਪੁਸਤਕ “ਕਣੀਆਂ” ਜੋ ਖੁੱਲੀਆਂ ਕਵਿਤਾਵਾਂ ਦਾ ਤੀਸਰਾ ਕਾਵਿ-ਸੰਗ੍ਰਹਿ ਹੈ। ਪੁਸਤਕ ਵਿਚਲੀ ਹਰ ਕਵਿਤਾ ਬਹੁਤ ਪ੍ਰਭਾਵਸ਼ਾਲੀ ਹੈ। ਉਸਦੇ ਹਰ ਸ਼ਬਦ ‘ਚ ਜਜ਼ਬਾਤੀ ਤੇ ਰੂਹਾਨੀ ਰਿਸ਼ਤੇ ਦੀ ਝਲਕ ਦਿਸਦੀ ਹੈ। ‘ਫੁੱਲ, ਵਰਖਾ ਅਤੇ ਰੌਸ਼ਨੀ’ ਜਿਹੀ ਗਹਿਰੇ ਅਰਥਾਂ ਵਾਲੀ ਕਵਿਤਾ ਵਿੱਚੋਂ ਇਹ ਝਲਕ ਦਿਸਦੀ ਹੈ। ਉਸਦੀ ਸੋਚ ਦੀ ਡੂੰਘਾਈ ‘ਹੁਣ ਮਾਂ…’ ਕਵਿਤਾ ‘ਚ ਔਰਤ ਦੇ ਦਿਲ ਦੇ ਦਰਦ ਨੂੰ ਕੁੱਝ ਸ਼ਬਦਾਂ ਵਿੱਚ ਸੁਮੇਟਿਆ ਹੈ। ਔਰਤ ਦੇ ਹਰ ਰੂਪ ਦੀ ਵਿਆਖਿਆ ਕਰਦੀ ਹੋਈ ਔਰਤ ਦੇ ਜਜ਼ਬੇ ਅਤੇ ਅਰਮਾਨਾਂ ਨੂੰ ਉਸਨੇ ਉਚਰਦਾ, ਸਹਿਮਦਾ ਅਤੇ ਟੁੱਟਦਾ ਵੇਖਿਆ ਹੈ। ‘ਉਹ ਪੁਰਸ਼’ ਕਵਿਤਾ ਦੇ ਵਿਚ ਸਹਿਮੀ ਜਿਹੀ ਕੁੜੀ ਤੋਂ ਲੈ ਕੇ ਬਗ਼ਾਵਤ ਤੱਕ ਦਾ ਸਫ਼ਰ ਬਿਆਨ ਕੀਤਾ ਗਿਆ ਹੈ।
ਸੁਖਵਿੰਦਰ ਅੰਮ੍ਰਿਤ ਦੇ ਅੰਦਰ ਰਸਮਾਂ-ਰੀਤਾਂ ਵਿਚ ਕੈਦ ਕੀਤੀ ਉਹ ਕੁੜੀ ਹੈ ਜਿਹੜੀ ਆਪਣੇ ਦਰਦ ਅਤੇ ਸਮਾਜ ਖਿਲਾਫ਼ ਰੂਹ ਨੂੰ ਸ਼ਬਦਾਂ ਵਿੱਚ ਢਾਲ ਲੈਂਦੀ ਹੈ। ‘ਸਬਕ’ ਕਵਿਤਾ ਵਿੱਚ ਜੋ ਔਰਤ ਆਪਣੇ ਨਾਲ ਹੋਏ ਅੰਨਿਅ ਨੂੰ ਵਿਰਾਸਤ ਵਿੱਚ ਆਪਣੀ ਧੀ ਨੂੰ ਨਹੀਂ ਦੇਣਾ ਚਾਹੁੰਦੀ । ਉਸਦੀ ਝੋਲੀ ਉਹਨਾਂ ਸੁਪਨਿਆਂ ਨਾਲ ਭਰਨਾ ਚਾਹੁੰਦੀ ਹੈ ਜੋ ਕਦੀ ਉਸ ਨੇ ਆਪਣੇ ਲਈ ਵੇਖੇ ਹੁੰਦੇ ਸੀ:-
ਮਰਦ ਮਾਇਨੇ ਹਕੂਮਤ
ਔਰਤ ਮਾਇਨੇ ਬੇਬਸੀ
ਝਾਂਜਰ ਮਾਇਨੇ ਬੇੜੀ
ਚੂੜੀ ਮਾਇਨੇ ਹਥਕੜੀ
ਸੁਖਵਿੰਦਰ ਇਹਨਾਂ ਨੂੰ ਬਦਲ ਦੇਣਾ ਲੋਚਦੀ ਹੈ:-
ਮਰਦ ਮਾਇਨੇ ਮੁਹੱਬਤ
ਔਰਤ ਮਾਇਨੇ ਵਫ਼ਾ
ਝਾਂਜਰ ਮਾਇਨੇ ਨ੍ਰਿਤ
ਚੂੜੀ ਮਾਇਨੇ ਅਦਾ
ਇਸ ਤੋਂ ਇਲਾਵਾ ‘ਤੁਸੀਂ ਵੀ’ ਕਵਿਤਾ ਵਿਚ ਟੁੱਟੇ ਹੋਏ ਇਨਸਾਨ ਨੂੰ ਆਤਮ-ਘਾਤ ਵੱਲ ਜਾਂਦੇ ਰਾਹਾਂ ਤੋਂ ਵਰਜਦੀ ਹੈ। ਕਿਸੇ ਰੂਹਾਨੀ ਰਿਸ਼ਤੇ ਨੂੰ ਆਵਾਜ਼ ਮਾਰਦੀ ਉਸਦੀ ਕਵਿਤਾ ‘ਤੁਰਦਾ ਆ ਮੇਰੇ ਵੱਲ’ ਹੈ:-
ਤੂੰ ਆ ਤਾਂ ਸਹੀ…
ਮੈਂ ਵੀ ਉਲੰਘ ਆਵਾਂਗੀ
ਰਸਮਾਂ ਦੀ ਲਛਮਣ ਰੇਖਾ
ਤੋੜ ਦਿਆਂਗੀ
ਰਿਸ਼ਤਿਆਂ ਦਾ ਜਾਲ
ਉਸਦੀ ਹਰ ਕਵਿਤਾ ਦਿਲ ਨੂੰ ਛੂੰਹਦੀ ਹੈ। ਮਰਦ ਪ੍ਰਧਾਨ ਸਮਾਜ ਦੇ ਖਿਲਾਫ਼ ਰੋਹਬ ਭਰੀ ‘ਉਡਾਣ’ ਕਵਿਤਾ ਸਮਾਜ ਉੱਤੇ ਸ਼ਕੰਜਾ ਕਸਦੀ ਹੈ। ਸੁਖਵਿੰਦਰ ਅੰਮ੍ਰਿਤ ਦੀ ‘ਦੁਆ’ ਕਵਿਤਾ ਰਾਹੀਂ ਚਾਰ-ਕੁ ਸ਼ਬਦਾਂ ਵਿੱਚ ਅਹਿਸਾਸ ਭਰੇ ਰਿਸ਼ਤੇ ਨਾਲ ਗਹਿਰੀ ਮੁਹੱਬਤ ਦਾ ਪ੍ਰਗਟਾਵਾ ਕੀਤਾ ਹੈ। ‘ਤੇਰੀ ਇਕ ਵੀ ਕਣੀ’ ਕਵਿਤਾ ਵਿਚ ਮੁਹੱਬਤ ‘ਤੇ ਅੱਥਰਾ ਹੱਕ ਜਤਾਇਆ ਗਿਆ ਹੈ। ‘ਮੁਕਤੀ’ ਕਵਿਤਾ ਪੁਸਤਕ “ਕਣੀਆਂ” ਦੀ ਆਖਰੀ ਕਵਿਤਾ ਹੈ:-
ਪਤਾ ਨਹੀਂ
ਤੇਰੀਆਂ ਅੱਖਾਂ ‘ਚ ਖ਼ੁਰ ਗਈ ਹਾਂ
ਜਾਂ
ਤੇਰਿਆਂ ਹੱਥਾਂ ‘ਚ ਭੁਰ ਗਈ ਹਾਂ
ਬਸ ਮੁਕਤ ਹੋ ਗਈ ਹਾਂ
ਆਪੇ ਤੋਂ।
ਇਸ ਕਵਿਤਾ ਰਾਹੀਂ ਮੁਹੱਬਤ ਭਰੇ ਸ਼ਬਦ ਜੋ ਖੁਦ ਤੋਂ ਮੁਕਤ ਹੋ ਕੇ ਸਿਰਫ਼ ਆਪਣੇ ਮਹਿਬੂਬ ਦੀ ਹੋ ਗਈ ਲੱਗਦੀ ਹੈ। ਇੰਨੇ ਜਜ਼ਬਾਤੀ, ਰੂਹਾਨੀ ਅਤੇ ਡੂੰਘੇ ਅਰਥਾਂ ਵਾਲੀ ਪੁਸਤਕ “ਕਣੀਆਂ” ਸਾਹਿਤ ਦੀ ਝੋਲੀ ਪਾਉਣ ਲਈ ਸੁਖਵਿੰਦਰ ਅੰਮ੍ਰਿਤ ਵਧਾਈ ਦੇ ਪਾਤਰ ਹਨ।
- ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ