? ਸਵੇਰ ਵੇਲੇ ਤ੍ਰੇਲ ਪਏ ਘਾਹ ਉੱਪਰ ਨੰਗੇ ਪੈਂਰੀ ਤੁਰਨ ਨਾਲ ਅੱਖਾਂ ਨੂੰ ਕੋਈ ਫਾਇਦਾ ਹੁੰਦਾ ਹੈ, ਜੇ ਹਾਂ ਤਾਂ ਕਿਵੇਂ?
* ਅਸਲ ਵਿਚ ਹਰ ਕਿਸਮ ਦੀ ਹਲਕੀ ਕਸਰਤ ਸਮੁੱਚੇ ਸਰੀਰ ਨੂੰ ਫਾਇਦਾ ਹੀ ਪਹੁੰਚਾਉਂਦੀ ਹੈ ਸਵੇਰ ਵੇਲੇ ਘਾਹ ਉੱਪਰ ਤੁਰਨਾ ਸਰੀਰ ਦੇ ਨਾਲ-ਨਾਲ ਅੱਖਾਂ ਲਈ ਜ਼ਰੂਰ ਫਾਇਦੇਮੰਦ ਹੋਵੇਗਾ।
? ਕੀ ਖੂਨ ਗਰੁੱਪ ਜਾਣ ਕੇ ਇਨਸਾਨ ਦੀ ਸਖਸ਼ੀਅਤ ਬਾਰੇ ਜਾਣਿਆ ਜਾ ਸਕਦਾ ਹੈ?
* ਖੂਨ ਦੇ ਗਰੁੱਪ ਦਾ ਕਿਸੇ ਵਿਅਕਤੀ ਦੀ ਸਖਸ਼ੀਅਤ ਨਾਲ ਕੋਈ ਸੰਬੰਧ ਨਹੀਂ ਹੁੰਦਾ।
? ਕਈ ਮਨੁੱਖਾਂ ਦੇ ਮੱਛਰ ਨਹੀਂ ਲੜਦਾ। ਜੇਕਰ ਲੜਦਾ ਹੈ ਤਾਂ ਮਰ ਜਾਂਦਾ ਹੈ। ਇਸਦਾ ਕੀ ਕਾਰਨ ਹੈ।
* ਕਈ ਮਨੁੱਖਾਂ ਦੇ ਖੂਨ ਵਿਚ ਅਜਿਹੇ ਰਸ ਹੁੰਦੇ ਹਨ ਜਿਹੜੇ ਮੱਛਰਾਂ ਪ੍ਰਤੀ ਅਲਰਜਿਕ ਹੁੰਦੇ ਹਨ। ਇਸ ਲਈ ਮੱਛਰ ਅਜਿਹੇ ਮਨੁੱਖਾਂ ਨੂੰ ਕੱਟਦਾ ਹੈ ਤਾਂ ਮੱਛਰ ਦੀ ਮੌਤ ਹੋ ਜਾਂਦੀ ਹੈ। ਆਡੋਮਾਸ ਜਾਂ ਮੱਛਰਾਂ ਨੂੰ ਭਜਾਉਣ ਵਾਲੀਆਂ ਕਰੀਮਾਂ ਇਸੇ ਸਿਧਾਂਤ ਤੇ ਬਣਾਈਆਂ ਜਾਂਦੀਆਂ ਹਨ।
? ਹਰ ਇਨਸਾਨ ਦੇ ਖੂਨ ਦਾ ਰੰਗ ਇੱਕੋ ਜਿਹਾ ਲਾਲ ਹੈ ਪਰ ਇਸਦੇ ਕਈ ਗਰੁੱਪ ਹਨ। ਇਹ ਕਿਉਂ?
* ਖੂਨ ਵਿਚ ਦੋ ਰੰਗ ਦੇ ਪ੍ਰੋਟੀਨ ਹੁੰਦੇ ਹਨ। ਇੱਕ ਐਂਟੀਜਨ ਅਤੇ ਇੱਕ ਐਂਟੀਬੌਡੀ ਹੁੰਦਾ ਹੈ। ਇਨ੍ਹਾਂ ਦੋਹਾਂ ਪ੍ਰਟੀਨਾਂ ਦੀਆਂ ਕਿਸਮਾਂ ਕਾਰਨ ਖੂਨ ਦੇ ਵੱਖ-ਵੱਖ ਖੂਨ ਗਰੁੱਪ ਹੁੰਦੇ ਹਨ।
? ਬਿਜਲੀ ਚਲੀ ਜਾਣ ਤੋਂ ਬਾਅਦ ਇਕਦਮ ਸਾਨੂੰ ਦਿਖਾਈ ਦੇਣਾ ਬੰਦ ਕਿਉਂ ਹੋ ਜਾਂਦਾ ਹੈ।
* ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਕਿਸੇ ਵਸਤੂ ਉੱਪਰ ਪੈਂਦੀਆਂ ਹਨ ਤਾਂ ਵਸਤੂ ਕੁਝ ਕਿਰਨਾਂ ਨੂੰ ਆਪਣੇ ਵਿਚ ਸੋਖ ਲੈਂਦੀ ਹੈ ਅਤੇ ਕੁਝ ਨੂੰ ਮੋੜ ਦਿੰਦੀ ਹੈ। ਉਨ੍ਹਾਂ ਮੁੜੀਆਂ ਹੋਈਆਂ ਕਿਰਨਾਂ ਵਿਚੋਂ ਕੁਝ ਸਾਡੀਆਂ ਅੱਖਾਂ ਵਿਚ ਪੈ ਜਾਂਦੀਆਂ ਹਨ। ਇਸ ਲਈ ਵਸਤੂ ਦਿਖਾਈ ਦੇਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਉਸ ਵਸਤੂ ਤੇ ਪ੍ਰਕਾਸ਼ ਦੀਆਂ ਕਿਰਨਾਂ ਪੈਣੋਂ ਬੰਦ ਹੋ ਜਾਂਦੀਆਂ ਹਨ। ਇਸ ਲਈ ਮੁੜਦੀਆਂ ਵੀ ਨਹੀਂ ਅਤੇ ਸਾਡੀਆਂ ਅੱਖਾਂ ਵਿਚ ਨਹੀਂ ਪੈਂਦੀਆਂ। ਇਸ ਲਈ ਵਸਤੂ ਸਾਨੂੰ ਦਿਖਾਈ ਨਹੀਂ ਦਿੰਦੀ।
? ਖੂਨ ਦੀ ਘਾਟ ਕਾਰਨ ਐਨੀਮੀਆ ਹੋ ਜਾਂਦਾ ਹੈ ਤੇ ਖੂਨ ਦੇ ਵਧਣ ਨਾਲ ਕਿਹੜਾ ਰੋਗ ਹੋ ਜਾਂਦਾ ਹੈ।
* ਆਮ ਤੌਰ ‘ਤੇ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਵਿਚ ਖੂਨ ਵਧਦਾ ਹੈ ਪਰ ਬਹੁਤ ਥੋੜ੍ਹੀ ਮਾਤਰਾ ਵਿਚ ਵਧਦਾ ਹੈ ਜਿਸ ਨੂੰ ਅਸੀਂ ਖੂਨ ਟੈਸਟ ਰਾਹੀਂ (‘‘:3) ਪਤਾ ਲਗਾ ਸਕਦੇ ਹਾਂ। ਜੇ ਖੂਨ ਬਹੁਤ ਜ਼ਿਆਦਾ ਮਾਤਰਾ ਵਿਚ ਵਧਿਆ ਹੋਵੇ ਤਾਂ ਇਸਦਾ ਮਤਲਬ ਖੂਨ ਦਾ ਕੈਂਸਰ ਹੁੰਦਾ ਹੈ।
? ਬਲਗਮ ਦੇ ਪੈਦਾ ਹੋਣ ਦੇ ਕੀ ਕਾਰਨ ਹਨ ਤੇ ਇਸ ਦਾ ਘਰੇਲੂ ਇਲਾਜ ਦੱਸੋ।
* ਨੱਕ ਅੰਦਰ ਇੱਕ ਗ੍ਰੰਥੀ ਹੁੰਦੀ ਹੈ ਜਿਸ ਵਿਚ ਇੱਕ ਤਰਲ ਪਦਾਰਥ ਵਹਿੰਦਾ ਰਹਿੰਦਾ ਹੈ। ਜਦੋਂ ਕਿਸੇ ਸੰਕਾਰਤਮਕ ਰੋਗ ਕਾਰਨ ਇਹ ਤਰਲ ਪਦਾਰਥ ਜ਼ਿਆਦਾ ਮਾਤਰਾ ਵਿਚ ਵਹਿਣ ਲੱਗ ਜਾਂਦਾ ਹੈ, ਤਾਂ ਇਹ ਸਾਹ ਰਾਹੀਂ ਸਾਹ ਨਲੀ ਦੇ ਜ਼ਰੀਏ ਫੇਫੜਿਆਂ ਵਿਚ ਚਲਾ ਜਾਂਦਾ ਹੈ ਤੇ ਇਹ ਬਲਗਮ ਦਾ ਰੂਪ ਧਾਰਨ ਕਰਨ ਲੱਗ ਜਾਂਦਾ ਹੈ। ਇਸਦਾ ਘਰੇਲੂ ਇਲਾਜ ਗਰਾਰੇ ਹੀ ਹਨ ਪਰ ਇਹ ਕਾਰਗਾਰ ਉਦੋਂ ਹੀ ਸਿੱਧ ਹੁੰਦੇ ਹਨ ਜਦੋਂ ਸੰਕਾਰਤਮਕ ਰੋਗ ‘ਤੇ ਕਾਬੂ ਪਾਇਆ ਜਾਵੇ।
? ਜਿਵੇਂ ਰੌਲਾ ਪਾਇਆ ਜਾ ਰਿਹਾ ਹੈ ਕਾ. ਲੈਨਿਨ ਦੀ ਸਾਂਭ ਕੇ ਰੱਖੀ ਹੋਈ ਲਾਸ਼ ਤੋਂ ਲੈਨਿਨ ਦਾ ਕਲੋਨ ਤਿਆਰ ਕੀਤਾ ਜਾ ਰਿਹਾ ਹੈ। ਕੀ ਇਹ ਸੰਭਵ ਹੈ? ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਕੀ ਉਸਦੇ ਸੈੱਲ ਜਿਉਂਦੇ ਰਹਿੰਦੇ ਹਨ? ਕੀ ਡੈੱਡ ਸੈੱਲਾਂ ਤੋਂ ਕਲੋਨ ਤਿਆਰ ਕੀਤਾ ਜਾ ਸਕਦਾ ਹੈ।
* ਅਸਲ ਵਿਚ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਹਨ ਤੇ ਸਰੀਰ ਵਿਚ ਕੁਝ ਥਾਵਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਸੈੱਲਾਂ ਦੀ ਮੌਤ ਕਾਫੀ ਚਿਰ ਬਾਅਦ ਹੁੰਦੀ ਹੈ ਜਿਵੇਂ ਦੰਦਾਂ ਦੀਆਂ ਖੁੱਡਾਂ ਅੰਦਰ ਸੈੱਲ ਕਾਫੀ ਚਿਰ ਸੁਰੱਖਿਅਤ ਰਹਿੰਦੇ ਹਨ। ਜੇ ਕਿਸੇ ਵਿਅਕਤੀ ਦੇ ਸਰੀਰ ਵਿਚੋਂ ਕੋਈ ਜੀਵਿਤ ਸੈੱਲ ਮਿਲ ਜਾਂਦਾ ਹੈ ਤਾਂ ਫਿਰ ਹੀ ਉਸ ਦੀ ਕਲੋਨਿੰਗ ਕੀਤੀ ਜਾ ਸਕਦੀ ਹੈ। ਮੁਰਦਾ ਸੈੱਲਾਂ ਤੋਂ ਕਲੋਨਿੰਗ ਸੰਭਵ ਨਹੀਂ ਹੈ।
? ਕੀ ਦੌੜ ਲਗਾਉਣ ਤੇ ਨਵੇਂ ਖੂਨ ਦਾ ਨਿਰਮਾਣ ਹੁੰਦਾ ਹੈ।
* ਜੀ ਨਹੀਂ! ਦੌੜ ਲਗਾਉਣ ਨਾਲ ਸਰੀਰ ਵਿਚ ਊਰਜਾ ਦੀ ਕਮੀ ਜ਼ਰੂਰ ਹੁੰਦੀ ਹੈ ਜਿਹੜੀ ਖੁਰਾਕ ਨਾਲ ਪੂਰੀ ਕਰ ਲਈ ਜਾਂਦੀ ਹੈ।
? ਜਿਸ ਵਿਅਕਤੀ/ਸਖਸ਼ੀਅਤ ਨੂੰ ਵਿਛੜੇ ਕਈ ਵਰ੍ਹੇ (ਜਿਵੇਂ ਕਾ. ਲੈਨਿਨ) ਹੋ ਗਏ ਹੋਣ, ਉਸਦਾ ਕਲੋਨ ਕਿਹੜੇ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ।
* ਕਾ. ਲੈਨਿਨ ਦੀ ਮੌਤ ਨੂੰ ਭਾਵੇਂ ਲਗਭਗ 84 ਵਰ੍ਹੇ ਹੋ ਗਏ ਹਨ ਪਰ ਉਸਦੀ ਮ੍ਰਿਤਕ ਦੇਹ ਰਸਾਇਣਿਕ ਪਦਾਰਥਾਂ ਵਿਚ ਇਸ ਢੰਗ ਨਾਲ ਡੁਬੋ ਕੇ ਰੱਖੀ ਗਈ ਹੈ ਕਿ ਸਰੀਰ ਦੇ ਸੈੱਲਾਂ ਦੀ ਮੌਤ ਘੱਟ ਤੋਂ ਘੱਟ ਹੋਵੇ। ਇਸਦੇ ਮਿ²੍ਰਤਕ ਸਰੀਰ ਵਿੱਚ ਜੀਵਤ ਸੈੱਲਾਂ ਦਾ ਮਿਲਣਾ ਸੰਭਵ ਹੈ। ਜੇ ਅੱਜ ਨਹੀਂ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਲੈਨਿਨ ਦਾ ਕਲੋਨ ਵੀ ਤਿਆਰ ਕੀਤਾ ਜਾ ਸਕਦਾ ਹੈ।
? ਕਿਸੇ ਸਖ਼ਸ਼ੀਅਤ ਦਾ ਤਿਆਰ ਕਲੋਨ ਸਰੀਰਕ ਅਤੇ ਕਰਮ (ਕੰਮਕਾਰ) ਪੱਖੋਂ ਉਸੇ ਦਾ ਹੀ ਪੂਰਕ ਹੋਵੇਗਾ। ਮਤਲਬ ਕਿ ਕੀ ਕਾ. ਲੈਨਿਨ ਦਾ ਤਿਆਰ ਕਲੋਨ ਲੈਨਿਨ ਵਾਲੇ ਹੀ ਕੰਮ ਕਾਰ ਕਰੇਗਾ। ਮੇਰਾ ਮਤਲਬ ਇੱਕ ਸਖ਼ਸ਼ੀਅਤ ਬਣਨ ਪਿੱਛੋਂ ਕਿਸ-ਕਿਸ ਚੀਜ਼ ਦਾ ਰੋਲ ਹੁੰਦਾ ਹੈ? ਮੁਰਦੇ ਤੋਂ ਤਿਆਰ ਕੀਤਾ ਕਲੋਨ ਉਹੀ ਕੰਮ ਕਰੇਗਾ ਜਾਂ ਚੇਤਨਾ ਫਲਸਫਾ ਜਾਂ ਵਾਤਾਵਰਣ ਦਾ ਵੀ ਰੋਲ ਹੁੰਦਾ ਹੈ।
* ਅਸਲ ਵਿੱਚ ਕਿਸੇ ਵਿਅਕਤੀ ਦੀ ਸਖ਼ਸ਼ੀਅਤ ਦੋ ਗੱਲਾਂ ‘ਤੇ ਨਿਰਭਰ ਕਰਦੀ ਹੈ। 1. ਪੈਦਾਇਸ਼ ਸਮੇਂ ਮਿਲੇ ਗੁਣਸੂਤਰ 2. ਆਲੇ-ਦੁਆਲੇ ਵਿੱਚੋਂ ਪ੍ਰਾਪਤ ਕੀਤੇ ਗੁਣ। ਹੁਣ ਜੇ ਲੈਨਿਨ ਦਾ ਕਲੋਨ ਤਿਆਰ ਕੀਤਾ ਜਾਵੇਗਾ ਤਾਂ ਉਸ ਵਿੱਚ ਭਾਵੇਂ ਦਿਮਾਗੀ ਗੁਣ ਤਾਂ ਲੈਨਿਨ ਜਿੰਨੇ ਹੋਣਗੇ ਪਰ ਲੈਨਿਨ ਦੀ ਢਲਾਈ ਜਿਹੜੀਆਂ ਠੋਸ ਹਾਲਤਾਂ ਵਿੱਚ ਹੋਈ ਉਹ ਹਾਲਤਾਂ ਲੈਨਿਨ ਦੇ ਕਲੋਨ ਨੂੰ ਮਿਲਣੀਆਂ ਸੰਭਵ ਨਹੀਂ ਹੋਣਗੀਆਂ। ਇਸ ਲਈ ਕੁੱਲ ਮਿਲਾ ਕੇ ਲੈਨਿਨ ਦਾ ਕਲੋਨ ਸ਼ਕਲ ਸੂਰਤ ਤੋਂ ਤਾਂ ਲੈਨਿਨ ਵਰਗਾ ਹੋ ਸਕਦਾ ਹੈ ਪਰ ਵਿਵਹਾਰਿਕ ਪੱਖ ਤੋਂ ਲੈਨਿਨ ਵਰਗਾ ਹੋਣਾ ਅਸੰਭਵ ਹੈ।
? ਕੀ ਅੰਨ੍ਹਾ ਵਿਅਕਤੀ ਸੁਪਨੇ ਵੇਖਦਾ ਹੈ। ਜੇ ਵੇਖਦਾ ਹੈ ਤਾਂ ਕਿਵੇਂ।
* ਸੁਪਨੇ ਅਸਲ ਵਿਚ ਦਿਮਾਗ ਦੇ ਹਮੇਸ਼ਾ ਹੀ ਕੰਮ ਕਰਦੇ ਰਹਿਣ ਦੀ ਪ੍ਰਵਿਰਤੀ ਦਾ ਸਿੱਟਾ ਹੁੰਦੇ ਹਨ। ਦਿਮਾਗ ਦੁਆਰਾ ਦਿਨ ਵਿਚ ਕਲਪਿਤ ਕੀਤੀਆਂ ਗੱਲਾਂ ਨੂੰ ਅਸੀਂ ਮਨੋ-ਕਲਪਨਾ ਕਹਿੰਦੇ ਹਾਂ ਪਰ ਸੌਣ ਸਮੇਂ ਕਲਪਿਤ ਕੀਤੀਆਂ ਗੱਲਾਂ ਸੁਪਨਾ ਬਣ ਜਾਂਦੀਆਂ ਹਨ। ਅੰਨ੍ਹੇ ਵਿਅਕਤੀ ਵਿਚ ਦਿਮਾਗ ਹੁੰਦਾ ਹੈ ਅਤੇ ਉਹ ਗੱਲਾਂ ਦੀਆਂ ਕਲਪਨਾਵਾਂ ਵੀ ਕਰਦਾ ਹੈ। ਇਸ ਲਈ ਸੁਪਨੇ ਵੀ ਵੇਖਦਾ ਹੈ।