ਫ਼ਤਹਿਗੜ੍ਹ ਸਾਹਿਬ – “3 ਜੂਨ 1984 ਤੋਂ ਲੈਕੇ 6 ਜੂਨ 1984 ਤੱਕ ਹਿੰਦ ਹਕੂਮਤ, ਹਿੰਦ ਫ਼ੌਜ, ਬਰਤਾਨੀਆ ਤੇ ਰੂਸ ਦੀਆਂ ਫੌ਼ਜਾ, ਬੀਜੇਪੀ, ਆਰ.ਐਸ.ਐਸ, ਕਾਂਗਰਸ, ਕਾਉਮਨਿਸਟ ਆਦਿ ਸਭ ਹਿੰਦੂਤਵ ਪਾਰਟੀਆਂ ਤੇ ਸੰਗਠਨਾਂ ਨੇ ਮਿਲਕੇ ਇਕ ਡੂੰਘੀ ਸਾਜਿ਼ਸ ਤਹਿਤ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਜੋ ਹਜ਼ਾਰਾਂ ਦੀ ਗਿਣਤੀ ਵਿਚ ਉਥੇ ਪਹੁੰਚੇ ਨਿਰਦੋਸ਼ ਸਿੱਖ ਸਰਧਾਲੂ ਜਿਨ੍ਹਾਂ ਵਿਚ ਬੀਬੀਆਂ, ਬੱਚੇ, ਨੌਜ਼ਵਾਨ, ਬਜੁਰਗ ਸਨ, ਨੂੰ ਸ਼ਹੀਦ ਕਰ ਦਿੱਤਾ ਸੀ । ਇਹ ਹਿੰਦ ਹਕੂਮਤ ਹਿੰਦੂਤਵ ਸੰਗਠਨਾਂ ਅਤੇ ਹਿੰਦ ਫ਼ੌਜ ਦਾ ਅਣਮਨੁੱਖੀ ਅਮਲ ਸੀ, ਜਿਸ ਨੂੰ ਕੋਈ ਵੀ ਅਮਨ-ਚੈਨ ਤੇ ਜ਼ਮਹੂਰੀਅਤ ਚਾਹੁੰਣ ਵਾਲਾ ਇਨਸਾਨ ਕਦੀ ਵੀ ਸਹੀ ਕਰਾਰ ਨਹੀਂ ਦੇ ਸਕਦਾ । ਜੋ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ੍ਰੀ ਮੱਕੜ ਵੱਲੋ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੀ ਸਹਿ ਤੇ ਬੀਤੇ ਦਿਨੀਂ ਇਹ ਬਿਆਨ ਆਇਆ ਹੈ ਕਿ 6 ਜੂਨ ਬਲਿਊ ਸਟਾਰ ਦੀ ਸ਼ਹਾਦਤ ਦੇ ਦਿਹਾੜੇ ਤੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਕੌਮ ਸਰਧਾ ਪੂਰਵਕ ਪਹੁੰਚਕੇ ਸ਼ਹੀਦਾਂ ਨੂੰ ਹਰ ਸਾਲ ਨਤਮਸਤਕ ਹੁੰਦੀ ਹੈ, ਉਥੇ ਟਾਸਕ ਫੋਰਸ ਅਤੇ ਚਿੱਟ ਕੱਪੜੀਆ ਵਿਚ ਪੁਲਿਸ ਤਾਇਨਾਤ ਕੀਤੀ ਜਾਵੇਗੀ । ਅਜਿਹੇ ਅਮਲ ਸਿੱਖ ਧਰਮ ਵਿਚ ਕਦੇ ਵੀ ਪ੍ਰਵਾਨ ਨਹੀਂ ਕੀਤੇ ਗਏ । ਜਦੋਕਿ ਸਿੱਖ ਕੌਮ, ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਪੁਰ ਅਮਨ ਤਰੀਕੇ ਜ਼ਮਹੂਰੀਅਤ ਕਦਰਾ-ਕੀਮਤਾ ਉਤੇ ਪਹਿਰਾ ਦਿੰਦੇ ਹੋਏ ਹੀ ਸਰਧਾ ਦੇ ਫੁੱਲ ਭੇਟ ਕਰਦੀਆ ਹਨ ਅਤੇ ਜੋ ਵੀ ਮਾਹੌਲ ਗੜਬੜ ਵਾਲਾ ਸਿਰਜਿਆ ਜਾਂਦਾ ਹੈ, ਉਹ ਪੰਜਾਬ ਦੀ ਬਾਦਲ-ਬੀਜੇਪੀ ਦੀ ਹਿੰਦੂਤਵ ਹੁਕਮਰਾਨਾਂ ਦੀ ਹੱਥ ਠੋਕੀ ਹਕੂਮਤ ਅਤੇ ਉਹਨਾਂ ਦੇ ਗੁਲਾਮ ਬਣੇ ਸ੍ਰੀ ਅਵਤਾਰ ਸਿੰਘ ਮੱਕੜ ਵਰਗੇ ਅਖੋਤੀ ਪ੍ਰਧਾਨ, ਟਾਸਕ ਫੋਰਸ ਅਤੇ ਸਰਕਾਰ ਵੱਲੋ ਨਿਹੰਗ ਅਤੇ ਸਿੱਖੀ ਬਾਣੇ ਵਿਚ ਭੇਜੇ ਹੋਏ ਹੁੱਲੜਬਾਜ ਹੀ ਪੈਦਾ ਕਰਦੇ ਹਨ ਤਾਂ ਕਿ ਕੌਮਾਂਤਰੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਦੀ ਆਜ਼ਾਦੀ ਚਾਹੁੰਣ ਵਾਲੀਆਂ ਜਥੇਬੰਦੀਆਂ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ।”
ਇਹ ਵਿਚਾਰ ਅੱਜ ਇਥੇ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਜਥੇਦਾਰ ਭਾਗ ਸਿੰਘ ਸੁਰਤਾਪੁਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਸਿਆਸੀ ਮਾਮਲਿਆ ਦੀ ਕਮੇਟੀ ਦੀ ਮੀਟਿੰਗ ਵਿਚ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਮੁੱਖੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 6 ਜੂਨ ਦੇ ਸ਼ਹੀਦੀ ਦਿਹਾੜੇ ਤੇ ਸਾਜ਼ਸੀ ਢੰਗ ਨਾਲ ਹਿੰਦੂਤਵ ਹੁਕਮਰਾਨਾਂ ਦੇ ਇਸਾਰੇ ਤੇ ਵਿਗਾੜੇ ਜਾਂਦੇ ਆ ਰਹੇ ਸਿੱਖ ਧਰਮ ਅਤੇ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਨੂੰ ਦਾਗੀ ਕਰਨ ਦੇ ਅਮਲਾਂ ਪ੍ਰਤੀ ਖ਼ਬਰਦਾਰ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋ ਬਿਨ੍ਹਾਂ ਕਿਸੇ ਡਰ-ਭੈ ਤੋ ਆਪਣੇ ਸ਼ਹੀਦਾਂ ਨੂੰ 6 ਜੂਨ ਨੂੰ ਨਤਮਸਤਕ ਹੋਣ ਲਈ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਮੀਟਿੰਗ ਦੇ ਫੈਸਲਿਆ ਤੋ ਇਸ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆ ਹੋਇਆ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਰਬੱਤ ਖਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਕਦੀ ਵੀ ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਮਲਾਂ ਵਿਚ ਰਤੀਭਰ ਵੀ ਵਿਸ਼ਵਾਸ ਨਹੀਂ ਰੱਖਦੇ । ਸਾਡੇ ਧਾਰਮਿਕ ਤੇ ਸਿਆਸੀ ਪ੍ਰੋਗਰਾਮ ਪੂਰੇ ਜਾਬਤੇ ਵਿਚ ਰਹਿੰਦੇ ਹੋਏ ਪੁਰ ਅਮਨ ਤਰੀਕੇ ਕੀਤੇ ਜਾਂਦੇ ਹਨ । ਜਿਸ ਦੀ ਪ੍ਰਤੱਖ ਮਿਸਾਲ 10 ਨਵੰਬਰ 2015 ਨੂੰ ਚੱਬਾ ਅੰਮ੍ਰਿਤਸਰ ਵਿਖੇ 7 ਲੱਖ ਦੀ ਗਿਣਤੀ ਵਿਚ ਇਕੱਠੇ ਹੋਏ ਸਿੱਖਾਂ ਦੇ ਇਕੱਠ ਅਤੇ ਪੁਰ ਅਮਨ ਤਰੀਕੇ ਕੀਤੇ ਗਏ ਫੈਸਲੇ ਅਤੇ ਸਰਬੱਤ ਖ਼ਾਲਸਾ ਦੀ ਸਮਾਪਤੀ ਦੇ ਅਮਲ ਖੁਦ-ਬ-ਖੁਦ ਜ਼ਾਹਰ ਕਰਦੇ ਹਨ । ਹਾਜ਼ਰੀਨ ਮੈਬਰਾਂ ਨੇ ਕਿਹਾ ਕਿ ਗੁਰਸਿੱਖਾਂ ਨੂੰ ਗੁਰੂ ਸਾਹਿਬਾਨ ਦੇ ਹੁਕਮ ਹਨ “ਭੈ ਕਾਹੁ ਕੋ ਦੇਤਿ ਨਾਹਿ, ਨ ਭੈ ਮਾਨਤਿ ਆਨਿ” ਦੇ ਅਨੁਸਾਰ ਗੁਰਸਿੱਖ ਨਾ ਤਾਂ ਕਿਸੇ ਵੱਡੀ ਤੋ ਵੱਡੀ ਤਾਕਤ ਦਾ ਆਪਣੇ ਮਨ ਵਿਚ ਭੈ ਰੱਖਦਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣ ਵਿਚ ਵਿਸ਼ਵਾਸ ਰੱਖਦਾ ਹੈ । ਬਲਕਿ ਜਮਹੂਰੀਅਤ ਅਤੇ ਅਮਨਮਈ ਲੀਹਾਂ ਉਤੇ ਪਹਿਰਾ ਦਿੰਦਾ ਹੋਇਆ ਆਪਣੇ ਧਰਮ ਦੇ ਅਸੂਲਾਂ, ਨਿਯਮਾਂ, ਸਿਧਾਤਾਂ ਦਾ ਬਾਦਲੀਲ ਢੰਗ ਨਾਲ ਪ੍ਰਚਾਰ ਵੀ ਕਰਦਾ ਹੈ ਅਤੇ ਆਪਣੇ ਕੌਮੀ ਨਾਇਕਾਂ, ਸ਼ਹੀਦਾਂ ਅਤੇ ਘੱਲੂਘਾਰਿਆ ਆਦਿ ਮਹਾਨ ਦਿਹਾੜਿਆ ਨੂੰ ਪੂਰਨ ਸਰਧਾ ਅਤੇ ਸਤਿਕਾਰ ਸਹਿਤ ਨਿਰੰਤਰ ਮਨਾਉਦਾ ਆ ਰਿਹਾ ਹੈ । ਜੇਕਰ ਬੀਤੇ ਸਮੇਂ ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕਿਸੇ ਹੋਰ ਗੁਰੂਘਰ ਜਾਂ ਤਖ਼ਤ ਸਾਹਿਬਾਨ ਉਤੇ ਕੋਈ ਗੈਰ-ਧਾਰਮਿਕ ਜਾਂ ਗੈਰ-ਸਮਾਜਿਕ ਅਮਲ ਹੋਇਆ ਹੈ, ਉਸ ਲਈ ਨਾ ਤਾਂ ਸਿੱਖ ਕੌਮ ਜਿੰਮੇਵਾਰ ਹੈ, ਨਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਨਾ ਹੀ ਸਰਬੱਤ ਖ਼ਾਲਸਾ ਜਥੇਬੰਦੀਆਂ, ਉਸ ਲਈ ਸ੍ਰੀ ਨਰਿੰਦਰ ਮੋਦੀ ਅਤੇ ਬੀਜੇਪੀ ਆਰ.ਐਸ.ਐਸ. ਦੇ ਗੁਲਾਮ ਬਣੇ ਅਖੋਤੀ ਪੰਥਕ ਆਗੂ ਜਾਂ ਉਹਨਾਂ ਦੇ ਗੁਲਾਮ ਬਣੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਮੈਬਰ ਹਨ । ਜੋ ਆਪਣੇ ਪਰਿਵਾਰਿਕ, ਮਾਲੀ, ਵਪਾਰਿਕ ਫਾਇਦਿਆ ਲਈ ਧਰਮ ਅਤੇ ਸਿੱਖ ਕੌਮ ਦੇ ਸਾਨਾਮੱਤੇ ਇਤਿਹਾਸ ਨੂੰ ਦਾਗੀ ਕਰਦੇ ਆ ਰਹੇ ਹਨ । ਮੀਟਿੰਗ ਨੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਗੰਭੀਰ ਅਤੇ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਿਵੇ ਬਾਦਲ-ਬੀਜੇਪੀ ਹਕੂਮਤ ਅਤੇ ਐਸ.ਜੀ.ਪੀ.ਸੀ. ਦੇ ਕਰਤਾ-ਧਰਤਿਆ ਵੱਲੋ 10 ਨਵੰਬਰ 2015 ਵਾਲੇ ਹੋਏ ਸਰਬੱਤ ਖ਼ਾਲਸਾ ਨੂੰ ਅਸਫਲ ਬਣਾਉਣ ਲਈ ਸਰਕਾਰੀ ਪੱਧਰ ਤੇ ਹਕੂਮਤੀ ਤਾਕਤ ਦੀ ਖੂਬ ਦੁਰਵਰਤੋ ਕਰਨ ਉਪਰੰਤ ਵੀ ਅਤੇ ਸਿੱਖ ਕੌਮ ਵਿਚ ਦਹਿਸਤ ਪੈਦਾ ਕਰਨ ਉਪਰੰਤ ਵੀ ਸਿੱਖ ਕੌਮ ਨੇ ਰਤੀ ਵੀ ਪ੍ਰਵਾਹ ਨਾ ਕਰਦੇ ਹੋਏ ਆਪਣੀਆ ਵੱਡੀ ਗਿਣਤੀ ਵਿਚ ਚੱਬਾ ਵਿਖੇ ਹਾਜਰੀਆ ਲਗਵਾਈਆ ਸਨ ਅਤੇ ਹੋਣ ਵਾਲੇ ਕੌਮੀ ਫੈਸਲਿਆ ਵਿਚ ਜੈਕਾਰਿਆ ਦੀ ਗੂੰਜ ਵਿਚ ਸਮੂਲੀਅਤ ਕਰਕੇ ਪ੍ਰਵਾਨਗੀ ਦਿੱਤੀ ਸੀ, ਉਸੇ ਤਰ੍ਹਾਂ 6 ਜੂਨ 2016 ਨੂੰ ਬਲਿਊ ਸਟਾਰ ਦੀ 32ਵੀਂ ਸ਼ਹੀਦੀ ਬਰਸੀ ਉਤੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਹਿੱਤ ਲੱਖਾਂ ਦੀ ਗਿਣਤੀ ਵਿਚ ਬਿਨ੍ਹਾਂ ਕਿਸੇ ਡਰ-ਭੈ ਅਤੇ ਸਰਕਾਰੀ ਸਾਜਿ਼ਸਾ ਦਾ ਟਾਕਰਾ ਕਰਦੇ ਹੋਏ ਪਹੁੰਚਿਆ ਜਾਵੇ ਅਤੇ ਆਪਣੇ ਸ਼ਹੀਦਾਂ ਨੂੰ ਅਮਨਮਈ ਅਤੇ ਜ਼ਮਹੂਰੀਅਤ ਤਰੀਕੇ ਜਾਬਤੇ ਵਿਚ ਰਹਿੰਦੇ ਹੋਏ ਸਰਧਾ ਦੇ ਫੁੱਲ ਭੇਟ ਕੀਤੇ ਜਾਣ । ਕਿਉਂਕਿ ਸਿੱਖ ਕੌਮ ਨੇ ਮੌਜੂਦਾ ਅਖੋਤੀ ਜਥੇਦਾਰਾਂ ਐਸ.ਜੀ.ਪੀ.ਸੀ. ਦੀ ਬੋਗਸ ਅੰਤਰਿੰਗ ਕਮੇਟੀ ਦੇ ਪ੍ਰਧਾਨ ਅਤੇ ਐਸ.ਜੀ.ਪੀ.ਸੀ. ਦੇ ਦੋਸ਼ਪੂਰਨ ਪ੍ਰਬੰਧ ਅਤੇ ਪੰਜਾਬ ਸਰਕਾਰ ਦੇ ਰਾਜ ਪ੍ਰਬੰਧ ਨੂੰ ਦੁਰਕਾਰ ਦਿੱਤਾ ਹੈ ਅਤੇ ਇਹ ਲੋਕ ਆਪਣੀ ਖੁੱਸਦੀ ਜਾ ਰਹੀ ਧਾਰਮਿਕ ਅਤੇ ਸਿਆਸੀ ਤਾਕਤ ਤੋ ਬੁਖਲਾਹਟ ਵਿਚ ਆ ਕੇ ਕਿਸੇ ਵੀ ਨੀਵੇ ਤੋ ਨੀਵੇ ਪੱਧਰ ਤੇ ਜਾ ਕੇ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਕੌਮ ਅਤੇ ਸਾਨੂੰ ਬਦਨਾਮ ਕਰਨ ਵਿਚ ਕੋਈ ਵੀ ਸਾਜਿ਼ਸ ਰਚ ਸਕਦੇ ਹਨ । ਜਿਸ ਤੋ ਸਿੱਖ ਕੌਮ ਹਰ ਪੱਖੋ ਸੁਚੇਤ ਰਹਿੰਦੇ ਹੋਏ ਅਤੇ ਤਿਆਰ ਰਹਿੰਦੇ ਹੋਏ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਵੀ ਭੇਟ ਕਰੇ ਅਤੇ ਇਹਨਾਂ ਸਾਜਿ਼ਸਾਂ ਦਾ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਜੁਆਬ ਵੀ ਦੇਵੇ । ਅੱਜ ਦੀ ਮੀਟਿੰਗ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਮੱਕੜ ਅਤੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਅਪੀਲ ਕਰਦੀ ਹੈ ਕਿ ਸਿੱਖ ਜਥੇਬੰਦੀਆਂ ਅਤੇ ਸਿੱਖਾਂ ਵੱਲੋ ਬੀਤੇ ਸਮੇਂ ਅਤੇ ਅੱਜ ਮਨਾਈ ਜਾਣ ਵਾਲੀ ਸ਼ਹੀਦੀ ਬਰਸੀ ਤੇ ਕਦੀ ਵੀ ਕੋਈ ਗੈਰ-ਸਮਾਜਿਕ ਜਾਂ ਗੈਰ-ਧਾਰਮਿਕ ਅਮਲ ਨਹੀਂ ਹੋਇਆ । ਇਸ ਲਈ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਟਾਸਕ ਫੋਰਸ ਚਿੱਟ ਕਪੜੀਆ ਵਿਚ ਪੁਲਿਸ ਨੂੰ ਤਾਇਨਾਤ ਕਰਕੇ ਮਹਾਨ ਸਿੱਖੀ ਰਵਾਇਤਾ ਦਾ ਬਿਲਕੁਲ ਉਲੰਘਣ ਨਾ ਕਰੇ ਅਤੇ ਸਿੱਖ ਕੌਮ ਨੂੰ ਅਮਨ ਪੂਰਵਕ ਤਰੀਕੇ ਇਸ ਸ਼ਹੀਦੀ ਦਿਹਾੜੇ ਨੂੰ ਮਨਾਉਣ ਦਾ ਪ੍ਰਬੰਧ ਕਰੇ ਤਾਂ ਬਿਹਤਰ ਹੋਵੇਗਾ । ਜੇਕਰ ਸਰਕਾਰ ਤੇ ਐਸ.ਜੀ.ਪੀ.ਸੀ. ਨੇ ਤਾਕਤ ਦੀ ਦੁਰਵਰਤੋ ਕਰਕੇ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋ ਰੋਕਣ ਅਤੇ ਦਹਿਸਤ ਪਾਉਣ ਦੀ ਸਾਜਿ਼ਸ ਰਚੀ ਤਾਂ ਉਸ ਲਈ ਮੋਦੀ ਹਕੂਮਤ, ਬਾਦਲ ਹਕੂਮਤ, ਸ੍ਰੀ ਮੱਕੜ, ਅੰਤਰਿੰਗ ਕਮੇਟੀ ਅਤੇ ਸ. ਹਰਚਰਨ ਸਿੰਘ ਸਕੱਤਰ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੇ ਅਤੇ ਸਿੱਖ ਕੌਮ ਇਹਨਾਂ ਨੂੰ ਕਦੀ ਮੁਆਫ਼ ਨਹੀਂ ਕਰੇਗੀ ।
ਅੱਜ ਦੀ ਮੀਟਿੰਗ ਨੇ ਪੁਰਜੋਰ ਤਿੱਖੇ ਸ਼ਬਦਾਂ ਵਿਚ ਜੀ-ਪੰਜਾਬੀ ਟੀ.ਵੀ. ਚੈਨਲ ਜੋ ਲੰਮੇ ਸਮੇਂ ਤੋ ਨਿਰਪੱਖਤਾ ਅਤੇ ਨਿਰਭੈਤਾ ਨਾਲ ਪੰਜਾਬੀਆ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਸਹੀ ਰਿਪੋਰਟ ਪੇਸ ਕਰਦਾ ਆ ਰਿਹਾ ਹੈ ਅਤੇ ਇਮਾਨਦਾਰੀ ਨਾਲ ਜਰਨਲਿਜਮ ਦੇ ਅਸੂਲਾਂ ਤੇ ਪਹਿਰਾ ਦਿੰਦਾ ਆ ਰਿਹਾ ਹੈ, ਉਸ ਉਤੇ ਪੰਜਾਬ ਸਰਕਾਰ ਵੱਲੋ ਲਗਾਈ ਪਾਬੰਦੀ ਦੀ ਜੋਰਦਾਰ ਨਿੰਦਾ ਕਰਦੇ ਹੋਏ ਇਸ ਪਾਬੰਦੀ ਨੂੰ ਤੁਰੰਤ ਹਟਾਉਣ ਦੀ ਜਿਥੇ ਮੰਗ ਕਰਦਾ ਹੈ, ਉਥੇ ਸਰਕਾਰ ਵੱਲੋ ਅਜਿਹਾ ਸਦਭਾਵਨਾ ਵਾਲਾ ਮਾਹੌਲ ਨਾ ਬਣਾਉਣ ਦੀ ਬਦੌਲਤ ਪੈਦਾ ਹੋਣ ਵਾਲੇ ਅਗਲੇ ਹਾਲਾਤਾਂ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਏਗਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਧਰਮ ਦੀ ਅਤੇ ਪ੍ਰੈਸ ਦੀ ਆਜ਼ਾਦੀ ਦਾ ਕਤਈ ਵੀ ਗਲਾ ਘੁੱਟਣ ਨਹੀਂ ਦੇਵੇਗਾ । ਅੱਜ ਦੀ ਮੀਟਿੰਗ ਨੇ ਫੈਸਲਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੀਆਂ ਜਿ਼ਲ੍ਹਾ ਜਥੇਬੰਦੀਆਂ ਨੂੰ ਜਿ਼ਲ੍ਹਾ ਪੱਧਰ ਉਤੇ ਜਿ਼ਲ੍ਹਾ ਮੈਜਿਸਟ੍ਰੇਟ ਰਾਹੀ ਜੀ-ਪੰਜਾਬੀ ਚੈਨਲ ਉਤੇ ਲਗਾਈ ਗਈ ਪਾਬੰਦੀ ਵਿਰੁੱਧ ਗਵਰਨਰ ਪੰਜਾਬ ਨੂੰ 14 ਮਈ 2016 ਨੂੰ ਰੋਸ ਧਰਨੇ ਦਿੰਦੇ ਹੋਏ ਯਾਦ-ਪੱਤਰ ਦੇਣ ਦਾ ਫੈਸਲਾ ਕੀਤਾ ਹੈ । ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋ ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਨਾ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਦੇ ਅਜਿਹੇ ਅਮਲਾਂ ਨੂੰ ਹੀ ਕਿਸਾਨਾਂ ਅਤੇ ਗ਼ਰੀਬ ਮਜ਼ਦੂਰਾਂ ਵੱਲੋ ਕੀਤੀਆਂ ਜਾਣ ਵਾਲੀਆ ਖੁਦਕਸੀਆ ਲਈ ਜਿੰਮੇਵਾਰ ਠਹਿਰਾਉਦੇ ਹੋਏ ਕਿਹਾ ਕਿ ਬਾਦਲ-ਬੀਜੇਪੀ ਹਕੂਮਤ ਕੇਵਲ ਪੰਜਾਬੀਆਂ ਅਤੇ ਸਿੱਖਾਂ ਨੂੰ ਅੱਛਾ ਰਾਜ ਪ੍ਰਬੰਧ ਦੇਣ ਵਿਚ ਹੀ ਅਸਫ਼ਲ ਨਹੀਂ ਹੋਈ, ਬਲਕਿ ਪੰਜਾਬ ਦੇ ਨਿਵਾਸੀਆ ਲਈ ਕੁੱਲੀ, ਜੁੱਲੀ, ਗੁੱਲੀ ਦੇ ਮੁੱਢਲੇ ਪ੍ਰਬੰਧ ਕਰਨ ਤੋ ਵੀ ਪੂਰਨ ਰੂਪ ਵਿਚ ਅਸਫਲ ਹੋ ਚੁੱਕੀ ਹੈ । ਜਿਸਦਾ ਜੁਆਬ ਪੰਜਾਬ ਦੇ ਨਿਵਾਸੀ ਅਤੇ ਸਿੱਖ ਕੌਮ 2017 ਨੂੰ ਆਉਣ ਵਾਲੀਆ ਅਸੈਬਲੀ ਚੋਣਾਂ ਜਾਂ ਐਸ.ਜੀ.ਪੀ.ਸੀ. ਚੋਣਾ ਵਿਚ ਅਵੱਸ ਦੇਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਨੂੰ ਧਾਰਮਿਕ ਅਤੇ ਸਿਆਸੀ ਤੌਰ ਤੇ ਪ੍ਰਬੰਧ ਚਲਾਉਣ ਦੇ ਫਰਜ ਹਰ ਕੀਮਤ ਤੇ ਅਦਾ ਕਰਨਗੇ ।
ਇਕ ਹੋਰ ਫੈਸਲੇ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ ਸਮੁੱਚੇ ਸਿੱਖਾਂ ਨੂੰ ਜਿ਼ਲ੍ਹਾ ਅਤੇ ਸ਼ਹਿਰ ਪੱਧਰ ਤੇ ਆਪੋ-ਆਪਣੇ ਗੁਰੂਘਰਾਂ ਵਿਚ 29 ਮਈ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਰਖਵਾਕੇ 31 ਮਈ ਨੂੰ ਭੋਗ ਪੁਆਏ ਜਾਣ ਜੋ 01 ਜੂਨ ਨੂੰ ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਸੰਬੰਧੀ ਸਮਾਗਮ ਹੋ ਰਿਹਾ ਹੈ ਉਸ ਅਰਦਾਸ ਵਿਚ ਹੁੰਮ-ਹਮਾਕੇ ਸਮੂਲੀਅਤ ਕੀਤੀ ਜਾਵੇ । ਇਕ ਵੱਖਰੇ ਫੈਸਲੇ ਰਾਹੀ ਯੂਪੀ ਵਿਖੇ 1994 ਵਿਚ ਪੀਲੀਭੀਤ ਜੇਲ੍ਹ ਵਿਖੇ ਪੁਲਿਸ ਅਫ਼ਸਰਾਂ ਵੱਲੋਂ ਮਾਰੇ ਗਏ 7 ਸਿੱਖਾਂ ਅਤੇ ਜਖ਼ਮੀ ਕੀਤੇ ਗਏ ਸਿੱਖਾਂ ਦੇ ਕੇਸ ਦੀ ਨਿਰਪੱਖਤਾ ਨਾਲ ਜਾਂਚ ਕਰਨ ਅਤੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ । ਮੀਟਿੰਗ ਨੇ ਇਸ ਗੱਲ ਦੀ ਜੋਰਦਾਰ ਨਿਖੇਧੀ ਕੀਤੀ ਕਿ ਜਿਵੇ ਕੈਪਟਨ ਅਮਰਿੰਦਰ ਸਿੰਘ ਨੇ ਕਾਤਲ ਐਸ.ਐਸ. ਵਿਰਕ ਨੂੰ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਧ ਸੈਣੀ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾਇਆ ਸੀ, ਉਸੇ ਤਰ੍ਹਾਂ ਗੁਜਰਾਤ ਵਿਚ ਬੀਬੀ ਇਸਰਤ ਜਹਾ ਦੇ ਕਾਤਲ ਪੁਲਿਸ ਅਫ਼ਸਰ ਪਾਂਡੇ ਨੂੰ ਡੀਜੀਪੀ ਬਣਾ ਦਿੱਤਾ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।
ਅੱਜ ਦੀ ਮੀਟਿੰਗ ਨੇ ਲੰਡਨ ਦੇ ਨਵੇ ਚੁਣੇ ਗਏ ਪੰਜਾਬੀ ਮੇਅਰ ਸ੍ਰੀ ਸਾਦਿਕ ਖਾਨ ਦੀ ਹੋਈ ਚੋਣ ਉਤੇ ਅਤੇ ਸ. ਗੁਰਦਿਆਲ ਸਿੰਘ ਅਟਵਾਲ ਵੱਲੋਂ ਕੌਸਲਰ ਚੁਣੇ ਜਾਣ ਤੇ ਸਿੱਖ ਕੌਮ ਵੱਲੋਂ ਉਚੇਚੇ ਤੌਰ ਤੇ ਵਧਾਈ ਦਿੱਤੀ । ਅੱਜ ਦੀ ਮੀਟਿੰਗ ਜਥੇਦਾਰ ਭਾਗ ਸਿੰਘ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਕੁਸਲਪਾਲ ਸਿੰਘ ਮਾਨ (ਤਿੰਨੋ ਜਰਨਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ, ਸੂਬੇਦਾਰ ਮੇਜਰ ਸਿੰਘ, ਬਹਾਦਰ ਸਿੰਘ ਭਸੌੜ, ਕਰਮ ਸਿੰਘ ਭੋਈਆ, ਗੁਰਜੋਤ ਸਿੰਘ ਕੈਨੇਡਾ, ਕੁਲਦੀਪ ਸਿੰਘ ਭਾਗੋਵਾਲ, ਪ੍ਰਦੀਪ ਸਿੰਘ ਪ੍ਰਧਾਨ ਯੂਥ, ਕੁਲਦੀਪ ਸਿੰਘ ਦੁਭਾਲੀ ਸੀਨੀਅਰ ਮੀਤ ਪ੍ਰਧਾਨ ਯੂਥ ਆਦਿ ਆਗੂ ਹਾਜ਼ਰ ਸਨ ।