ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਜੰਮੂ ਦੇ ਅਖਨੂਰ ਬੱਸ ਸਟੈਂਡ ‘ਤੇ ਇੱਕ ਸਿੱਖ ਨੌਜਵਾਨ ਹਰਵਿੰਦਰ ਸਿੰਘ ਦੀ ਦੋ ਸਕੇ ਭਰਾਵਾਂ ਸੰਨੀ ਗੁਪਤਾ ਤੇ ਬੰਨੀ ਗੁਪਤਾ ਵੱਲੋਂ ਕੇਸਾਂ ਤੋਂ ਫੜ ਕੇ ਸ਼ਰੇਆਮ ਬੇਸ ਬਾਲ ਨਾਲ ਛੱਲੀਆਂ ਵਾਂਗ ਕੁੱਟ ਮਾਰ ਕੀਤੇ ਜਾਣ ਦਾ ਕੜਾ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਹੈ ਕਿ ਦੋਸ਼ੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ ਨਹੀਂ ਤਾਂ ਸਿੱਖ ਜਗਤ ਸੜਕਾਂ ਤੇ ਨਿਕਲ ਆਵੇਗਾ ਤੇ ਉਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਜੰਮੂ ਕਸ਼ਮੀਰ ਸਰਕਾਰ, ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਜਿੰਮੇਵਾਰ ਹੋਣਗੇ।
ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਹਰਵਿੰਦਰ ਸਿੰਘ ਦੀ ਭਲੇ ਹੀ ਹਮਲਾਵਰਾਂ ਨਾਲ ਕੋਈ ਪੁਰਾਣੀ ਰੰਜਿਸ਼ ਸੀ ਜਾਂ ਉਹ ਕਨੂੰਨ ਦਾ ਭਗੌੜਾ ਸੀ ਪਰ ਜਿਸ ਤਰੀਕੇ ਨਾਲ ਹਰਵਿੰਦਰ ਸਿੰਘ ਨੂੰ ਸ਼ਰੇਆਮ ਬੱਸ ਅੱਡੇ ‘ਤੇ ਜਨਤਕ ਤੌਰ ਤੇ ਕੁੱਟਿਆ ਗਿਆ ਹੈ ਉਹ ਸਿਰਫ ਕਨੂੰਨ ਦੀ ਉਲੰਘਣਾ ਹੀ ਨਹੀਂ ਸਗੋਂ ਹੈਵਾਨੀਅਤ ਦੀ ਮੂੰਹ ਬੋਲਦੀ ਤਸਵੀਰ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਜੰਮੂ ਕਸ਼ਮੀਰ ਦੇ ਆਈ.ਜੀ.ਪੀ. ਸ੍ਰੀ ਦਿਨੇਸ਼ ਰਾਣਾ ਨਾਲ ਸਖਤੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ ਅਤੇ ਹਰਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਆਈ ਜੀ ਨੇ ਇਨਸਾਫ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੀਤੇ ਸਾਲ ਵੀ ਜਦੋਂ ਸਿੱਖ ਸ਼ਾਤਮਈ ਮੁਜਾਹਰਾ ਕਰ ਰਹੇ ਸਨ ਤਾਂ ਪੁਲੀਸ ਨੇ ਗੋਲੀ ਚਲਾ ਕੇ ਇੱਕ ਸਿੱਖ ਜਸਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਕਰੀਬ ਤਿੰਨ ਹੋਰ ਨੂੰ ਜਖਮੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸਿੱਖ ਦੇਸ਼ ਦੇ ਵਫਾਦਰ ਸਿਪਾਹੀ ਹਨ ਅਤੇ ਸਰਹੱਦਾ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਦੇਸ਼ ਦੀ ਤਰੱਕੀ ਵਿੱਚ ਵਿਸ਼ੇਸ਼ ਹਿੱਸਾ ਪਾਉਣ ਵਾਲੇ ਹਨ। ਉਹਨਾਂ ਕਿਹਾ ਕਿ ਦੋਸ਼ੀਆਂ ਦੇ ਵਿਰੁੱਧ ਇਰਾਦਾ ਕਤਲ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕੇਸਾਂ ਦੀ ਬੇਅਦਬੀ ਦੀਆਂ ਧਾਰਾਵਾਂ ਵੀ ਮੁਕੱਦਮੇ ਵਿੱਚ ਦਰਜ ਕੀਤੀਆਂ ਜਾਣ ਤਾਂ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅਜਿਹੀ ਦੁਬਾਰਾ ਗਲਤੀ ਕਰਨ ਦੀ ਜੁਅਰਤ ਨਾ ਕਰ ਸਕੇ।