ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਤੇ ਵਾਰ ਕਰਦੇ ਹੋਏ ਕਿਹਾ ਕਿ ਟਰੰਪ ਦੀਆਂ ਨੀਤੀਆਂ ਨਾਲ ਅਮਰੀਕਾ ਦਾ ਅਕਸ ਖਰਾਬ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਇਮੀਗਰਾਂਟਸ, ਮੁਸਲਮਾਨਾਂ ਅਤੇ ਵਪਾਰ ਸਬੰਧੀ ਟਰੰਪ ਦੀ ਨੀਤੀ ਅਗਿਆਨਤਾ ਅਤੇ ਵੰਡਣ ਵਾਲੀ ਹੈ।
ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਅਕਲ ਨੂੰ ਛਿੱਕੇ ਤੇ ਟੰਗ ਕੇ ਟਰੰਪ ਝੂਠ ਬੋਲ ਰਹੇ ਹਨ। ਮੈਕਸੀਕੋ ਦੀ ਸਰਹੱਦ ਤੇ ਦੀਵਾਰ ਖੜੀ ਕਰਨ ਦੇ ਟਰੰਪ ਦੇ ਬਿਆਨ ਤੇ ਓਬਾਮਾ ਨੇ ਕਿਹਾ ਕਿ ਕੋਈ ਵੀ ਦੀਵਾਰ ਇਸ ਨੂੰ ਰੋਕ ਨਹੀਂ ਸਕਦੀ। ਅਜਿਹਾ ਕਰਨ ਨਾਲ ਅੱਤਵਾਦ ਦੇ ਖਿਲਾਫ਼ ਲੜਾਈ ਵਿੱਚ ਅਮਰੀਕਾ ਦੇ ਪ੍ਰਮੁੱਖ ਸਾਥੀ ਦੇਸ਼ ਅਲੱਗ-ਥਲੱਗ ਹੋ ਜਾਣਗੇ। ਟਰੰਪ ਦੇ ਵਿਵਾਦਪੂਰਣ ਬਿਆਨਾਂ ਕਰਕੇ ਪਹਿਲਾਂ ਹੀ ਕਈ ਦੇਸ਼ ਉਨ੍ਹਾਂ ਦੀ ਆਲੋਚਨਾ ਕਰ ਚੁੱਕੇ ਹਨ। ਬ੍ਰਿਟੇਨ ਦੇ ਪ੍ਰਧਾਨਮੰਤਰੀ ਕੈਮਰਨ ਨੇ ਤਾਂ ਮੁਸਲਮਾਨਾਂ ਦੇ ਪਰਵੇਸ਼ ਤੇ ਰੋਕ ਲਗਾਉਣ ਦੇ ਬਿਆਨ ਨੂੰ ਲੈ ਕੇ ਟਰੰਪ ਨੂੰ ਮੂਰਖ ਤੱਕ ਕਹਿ ਦਿੱਤਾ ਸੀ।