ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪਧਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਹੁਣ ਦਿੱਲੀ ਤੋਂ ਬਾਹਰ ਵਸਦੀ ਸਿੱਖ ਸੰਗਤਾਂ ਵੱਲੋਂ ਵੀ ਸਲਾਘਾ ਕੀਤੀ ਜਾ ਰਹੀ ਹੈ। ਜਿੱਥੇ ਦਿੱਲੀ ਤੋਂ ਬਾਹਰ ਕਮੇਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਵਿਚ ਹਜ਼ਾਰਾ ਸੰਗਤਾਂ ਦਾ ਇਕੱਠ ਹਾਜ਼ਰੀਆਂ ਭਰ ਰਿਹਾ ਹੈ ਉਥੇ ਹੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਵੱਲੋਂ ਪੰਥ ਪ੍ਰਸਤ ਸੋਚ ਦੇ ਨਾਲ ਕੀਤੇ ਜਾ ਰਹੇ ਕਾਰਜਾਂ ਨੂੰ ਸਨਮਾਨ ਦੇ ਰੂਪ ਵਿਚ ਮਾਨਤਾ ਵੀ ਦਿੱਤੀ ਜਾ ਰਹੀ ਹੈ।
ਇਸੇ ਕੜੀ ਵਿਚ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਜੰਮੂ ਦੇ ਰਿਆਸੀ ਦੀ ਬੰਦਈ ਖਾਲਸਾ ਸੰਗਤ ਵੱਲੋਂ ਆਪਣੇ ਮੁੱਖੀ ਬਾਬਾ ਜਤਿੰਦਰ ਪਾਲ ਸਿੰਘ ਸੋਢੀ ਦੀ ਅਗਵਾਈ ਵਿਚ ਗੁਰਦੁਆਰਾ ਟਿਕਾਣਾ ਬਾਬਾ ਬੰਦਾ ਸਿੰਘ ਬਹਾਦਰ, ਭਾਈ ਪਰਮਾਨੰਦ ਕਾੱਲੋਨੀ ਦਿੱਲੀ ਅਤੇ ਰਾਜਸਥਾਨ ਸਿੱਖ ਬੋਰਡ, ਜੈਪੁਰ ਵੱਲੋਂ ਜੈਪੁਰ ਵਿਖੇ ਜੀ. ਕੇ. ਦਾ ਸਨਮਾਨ ਕੀਤਾ ਗਿਆ। ਬੰਦਈ ਖਾਲਸਾ ਸੰਗਤ ਵੱਲੋਂ ਇਸ ਮੌਕੇ ਜਿਥੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਉਪਰਾਲਾ ਕੀਤਾ ਗਿਆ ਉਥੇ ਹੀ ਰਾਜਸਥਾਨ ਸਿੱਖ ਬੋਰਡ ਵੱਲੋਂ ਬਿਡਲਾ ਆਡੀਟੋਰਿਅਮ ਜੈਪੁਰ ਵਿਖੇ ਦਾਸਤਾਨ-ਏ-ਬਾਬਾ ਬੰਦਾ ਸਿੰਘ ਬਹਾਦਰ ਨਾਟਕ ਦਾ ਮੰਚਨ ਕੀਤਾ ਗਿਆ।
ਇਨ੍ਹਾਂ ਸਮਾਗਮਾ ਵਿਚ ਹਾਜ਼ਰੀ ਭਰਦੇ ਹੋਏ ਜੀ. ਕੇ. ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਬਾਬਾ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਜੀ. ਕੇ. ਨੇ ਮੰਨਿਆ ਕਿ ਬਾਬਾ ਜੀ ਦੇ ਇਤਿਹਾਸ ਨੂੰ ਸਾਡੇ ਹੀ ਇਤਿਹਾਸਕਾਰਾਂ ਨੇ ਤੰਗ ਸੋਚ ਨਾਲ ਸਿੱਖਾਂ ਦੇ ਸਾਹਮਣੇ ਰੱਖਿਆ ਹੈ ਪਰ ਦਿੱਲੀ ਕਮੇਟੀ ਦੀ ਕੋਸ਼ਿਸ਼ਾਂ ਸੱਦਕਾ ਸ਼ਤਾਬਦੀ ਸਮਾਗਮਾ ਦੀ ਸਮਾਪਤੀ ਉਪਰੰਤ ਸੰਗਤ ਖੁਦ ਮਹਿਸ਼ੂਸ ਕਰੇਗੀ ਕਿ ਬਾਬਾ ਜੀ ਦੇ ਜੀਵਨ ਬਾਰੇ ਕਈ ਭੁੱਲੇ-ਵਿਸਰੇ ਕਿੱਸਿਆਂ ਨਾਲ ਜੁੜਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ। ਜੀ।ਕੇ। ਨੇ ਕਿਹਾ ਕਿ ਸੰਗਤਾਂ ਦਾ ਉਤਸਾਹ ਸਾਨੂੰ ਸ਼ਤਾਬਦੀ ਸਮਾਗਮਾ ਨੂੰ ਯਾਦਗਾਰੀ ਬਣਾਉਣ ਦੀ ਪ੍ਰੇਰਣਾ ਕਰਦਾ ਹੈ ਇਸੇ ਕਰਕੇ ਇੰਦੌਰ, ਰਾਇਪੁਰ, ਜੰਮੂ, ਜੈਪੁਰ ਤੋਂ ਬਾਅਦ ਇਹ ਕਾਫਿਲਾ ਬੰਬੇ ਹੁੰਦਾ ਹੋਇਆ ਕਈ ਹੋਰ ਸ਼ਹਿਰਾਂ ਤਕ ਸ਼ਤਾਬਦੀ ਸ਼ਮਾਗਮਾਂ ਨੂੰ ਲੈ ਕੇ ਪੁਜੇਗਾ।
ਜੀ. ਕੇ. ਨੇ ਸਿੱਖ ਸੰਗਤਾਂ ਵੱਲੋਂ ਵੱਖ-ਵੱਖ ਸ਼ਹਿਰਾਂ ਤੋਂ ਗੁਰਮਤਿ ਸਮਾਗਮ ਕਰਾਉਣ ਵਾਸਤੇ ਦਿੱਲੀ ਕਮੇਟੀ ਨੂੰ ਆ ਰਹੀਆਂ ਬੇਨਤੀਆਂ ਦੀ ਵੀ ਜਾਣਕਾਰੀ ਦਿੱਤੀ। ਜੀ।ਕੇ। ਨੇ ਕਿਹਾ ਕਿ ਅਸੀਂ ਕਨਾਟ ਪਲੇਸ ਵਿਖੇ ਸੈਂਟ੍ਰਲ ਪਾਰਕ ’ਚ ਪਹਿਲੀ ਵਾਰ ਗੱਤਕੇ ਦਾ ਪ੍ਰਦਰਸ਼ਨ ਇਤਿਹਾਸ ਦੀ ਰੌਸ਼ਨੀ ਵਿਚ ਕਰਾਉਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਦੇਸ਼-ਵਿਦੇਸ਼ ਤੋਂ ਆਉਂਦੇ ਸੈਲਾਨੀ ਸਿੱਖ ਕੌਮ ਦੀ ਚੜਦੀਕਲਾ ਤੋਂ ਜਾਣੂ ਹੋ ਸਕਣ। ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਸਨਮਾਨ ਲਈ ਜੀ. ਕੇ. ਨੇ ਧੰਨਵਾਦ ਵੀ ਪ੍ਰਗਟਾਇਆ।
ਰਾਣਾ ਨੇ ਕਮੇਟੀ ਵੱਲੋਂ ਦਿੱਲੀ ਫ਼ਤਹਿ ਦਿਵਸ, ਨਿਤਨੇਮ ਦੀ ਬਾਣੀਆਂ ਦੀ ਕਥਾ ਅਤੇ ਸ਼ਹੀਦੀ ਸ਼ਤਾਬਦੀ ਦੇ ਸਮਾਗਮਾ ਦੀ ਬਣਾਈ ਗਈ ਬਣਤਰ ਨੂੰ ਸਿੱਖ ਇਤਿਹਾਸ ਅਤੇ ਬਾਣੀਆਂ ਨੂੰ ਸੁੱਚਜੇ ਢੰਗ ਨਾਲ ਸੰਭਾਲਣ ਦੀ ਕਮੇਟੀ ਦੀ ਕੋਸ਼ਿਸ਼ ਕਰਾਰ ਦਿੱਤਾ। ਇਨ੍ਹਾਂ ਸਮਾਗਮਾ ਵਿਚ ਵੱਡੀ ਗਿਣਤੀ ਵਿਚ ਬੰਦਈ ਸਿੱਖ ਸੰਗਤ ਦੇ ਨਾਲ ਹੀ ਜੈਪੁਰ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਅਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਤੇ ਜਸਬੀਰ ਸਿੰਘ ਜੱਸੀ ਮੌਜੂਦ ਸਨ।