ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਮਹਿਰ ਸਿੰਘ ਦੇ ਘਰ ਮਾਤਾ ਦਲਵੀਰ ਕੌਰ ਦੀ ਕੁੱਖੋਂ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹੀਂ ਦਿਨੀਂ, ਦਲਿਤ ਲੋਕਾਂ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਲੁੱਟ ਸਿੱਖਰਾਂ ਤੇ ਸੀ ਅਜਿਹੇ ਹਾਲਤ ਵਿੱਚ ਸੰਤ ਰਾਮ ਉਦਾਸੀ ਦਾ ਬੱਚਪਨ ਬੀਤਿਆ। ਉਦਾਸੀ ਨੇ ਘੋਰ ਗਰੀਬੀ ਵਿੱਚ ਪੜ੍ਹਾਈ ਜਾਰੀ ਰੱਖੀ ਉਸ। ਸਮੇਂ ਦਲਿਤ ਪਰਿਵਾਰ ਦੇ ਮੁੰਡਿਆਂ ਲਈ ਸਿਰਫ਼ ਸੀਰੀ ਰਲਣ ਤੋਂ ਸਿਵਾ ਹੋਰ ਸੋਚਿਆ ਵੀ ਨਹੀ ਜਾਂਦਾ ਸੀ। ਪਰ ਉਦਾਸੀ ਨੂੰ ਆਜ਼ਾਦੀ ਉਪਰੰਤ ਹੋਏ ਵਿਦਿਅਕ ਪਸਾਰ ਸਦਕਾ ਪੜ੍ਹਨ ਦਾ ਮੌਕਾ ਮਿਲ ਗਿਆ, ਉਹ ਆਪ ਅਧਿਆਪਕ ਬਣ ਹੋਰਨਾਂ ਪੀੜ੍ਹੀਆਂ ਦਾ ਪ੍ਰੇਰਨਾ ਸਰੋਤ ਬਣਿਆ। ਉਸਨੂੰ ਅੱਖਾਂ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਜਾਤੀ ਕੋਹੜ ਦਾ ਵਿਤਕਰਾ ਹੰਢਾਉਣਾ ਪਿਆ ਪਰ ਉਦਾਸੀ ਜਾਣਦਾ ਸੀ ਕਿ ਇਸ ਜਾਤ-ਪਾਤ ਦੇ ਭੇਦ ਦਾ ਜਦੋਂ ਤੱਕ ਅੰਤ ਨਹੀਂ ਕੀਤਾ ਜਾਂਦਾ ਤਦ ਤੱਕ ਸਮਾਜ ਅਤੇ ਲੋਕਾਂ ਵਿੱਚ ਇਕਮਿਕਤਾ ਨਹੀਂ ਆ ਸਕਦੀ। ਇਸ ਤਰ੍ਹਾਂ ਉਹ ਪਹਿਲਾਂ ਆਪਣੇ ਆਪ ਨੂੰ ਮਨੂੰਵਾਦ ਦੇ ਘੇਰੇ ਤੋਂ ਨਾਬਰ ਕਰਦਾ ਹੈ। ਸੰਤ ਰਾਮ ਉਦਾਸੀ ਦੀ ਸਮੁੱਚੀ ਰਚਨਾ ਵਿੱਚ ਆਪਣੀ ਜਾਤ ਪ੍ਰਤੀ ਹੀਣਤਾ ਜਾਂ ਦੂਜਿਆ ਪ੍ਰਤੀ ਨਫ਼ਰਤ ਨਹੀਂ ਸੀ। ਉਹ ਸ਼ੋਸ਼ਤ ਧਿਰਾਂ ਦੀ ਆਪਸੀ ਸਾਂਝੇਦਾਰੀ ਉਸਾਰਦਾ ਹੈ।
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲਾਂ ਵਿੱਚੋਂ ਨੀਰ ਵੱਗਿਆ
ਇਥੇ ਜੱਟ ਅਤੇ ਸੀਰੀ ਦੋਨੋਂ, ਸ਼ਾਸ਼ਕ ਵਰਗ ਵੱਲੋਂ ਦਬਾਏ ਸ਼ੋਸ਼ਕ ਵਰਗ ਦੀਆਂ ਪੀੜਾਂ ਨੂੰ ਬਿਆਨ ਕਰਦੇ ਹਨ।
ਉਸਦਾ ਪਰਿਵਾਰਕ ਪਿਛੋਕੜ ਨਾਮਧਾਰੀਆਂ ਦੇ ਪ੍ਰਭਾਵ ਹੇਠ ਸੀ ਉਦਾਸੀ ਹੌਲੀ ਹੌਲੀ ਮਾਰਕਸਵਾਦੀ ਪ੍ਰਭਾਵ ਕਬੂਲਣ ਲੱਗਦਾ ਹੈ ਇਸ ਪ੍ਰਭਾਵ ਅਧੀਨ ਹੀ ਉਹ ਨਿਜ਼ਾਮ ਵਿਰੋਧੀ ਅਤੇ ਦੱਬੇ ਕੁੱਚਲੇ ਲੋਕਾਂ ਦੇ ਹੱਕੀ ਸੁਰ ਵਾਲੀ ਰਚਨਾ ਰਚਦਾ ਹੈ ਅਤੇ ਨਕਸਲਬਾੜੀ ਲਹਿਰ ਦਾ ਅੰਗ ਬਣ ਜਾਂਦਾ ਹੈ ਜਿਸ ਕਾਰਨ ਉਸਨੂੰ ਬਹਾਦਰ ਸਿੰਘ ਵਾਲਾ ਦੀ ਪੁਲੀਸ ਦੇ ਸਪੈਸ਼ਲ ਸਟਾਫ ਨੇ 11-1-71 ਨੂੰ ਗ੍ਰਿਫਤਾਰ ਕਰ ਲਿਆ ਦੂਜੀ ਵਾਰ ਉਸਨੂੰ ਐਮਰਜੈਂਸੀ ਵਕਤ 7 ਜੁਲਾਈ 1975 ਫੜਿਆ ਗਿਆ ਅਤੇ ਪਟਿਆਲੇ ਜੇਲ੍ਹ ਵਿਚ ਰੱਖਿਆ ਗਿਆ। ਉਸ ਤੋਂ ਬਾਅਦ ਕਾਫੀ ਸਮਾਂ ਉਹ ਅੰਡਰਗਰਾਉਂਡ ਵੀ ਰਿਹਾ, ਉਸਨੇ ਥਾਣਿਆਂ ਦਾ ਤਸ਼ੱਦਦ ਸਹਿਆ, ਜੇਲ੍ਹਾਂ ਕੱਟੀਆਂ, ਨੌਕਰੀ ਤੋਂ ਮੁਲਤਵੀ ਰਿਹਾ ਪਰ ਆਪਣੀ ਵਿਚਾਰਧਾਰਾ ਤੋਂ ਨਾ ਡੋਲਿਆ ਸਰਕਾਰੀ ਤਸ਼ੱਦਦ ਨੇ ਉਸਨੂੰ ਹੋਰ ਦ੍ਰਿੜ੍ਹ ਬਣਾ ਦਿੱਤਾ ਸੀ।
ਅਸੀਂ ਜੜ ਨਾ ਗੁਲਾਮੀ ਦੀ ਛੱਡਣੀ,
ਸਾਡੀ ਭਾਵੇ ਜੜ ਨਾ ਰਹੇ। (ਲਹੂ ਭਿੱਜੇ ਬੋਲ)
ਸੰਤ ਰਾਮ ਉਦਾਸੀ ਨੇ ਆਮ ਲੋਕਾਈ ਵਿੱਚ ਆਪਣੀ ਵਿਚਾਰਧਾਰਾ ਦਾ ਪ੍ਰਸਾਰ ਕਰਨ ਲਈ ਸਾਹਿਤ ਦੀ ਕਾਵਿਤਾ/ਗੀਤ ਵਿਧਾ ਨੂੰ ਮਾਧਿਅਮ ਬਣਾਇਆ। ਪੰਜਾਬੀ ਕਵਿਤਾ ਆਧੁਨਿਕ ਸਮੇਂ ਵਿੱਚ ਵੱਖ-ਵੱਖ ਵਾਦਾਂ (ਸਨਾਤਨਵਾਦ, ਰਹੱਸਵਾਦ, ਰੁਮਾਂਸਵਾਦ, ਯਥਾਰਥਵਾਦ, ਪ੍ਰਗਤੀਵਾਦ, ਪ੍ਰਯੋਗਵਾਦ, ਜੁਝਾਰਵਾਦ) ਵਿੱਚੋਂ ਗੁਜ਼ਰੀ, ਜਿੰਨ੍ਹਾਂ ਵਿੱਚੋਂ ਜੁਝਾਰਵਾਦੀ ਪ੍ਰਵਿਰਤੀ ਦਾ ਆਪਣਾ ਇਕ ਨਿਵੇਕਲਾ ਅਤੇ ਵਿਸ਼ੇਸ਼ ਸਥਾਨ ਰਿਹਾ ਹੈ। ਜੁਝਾਰਵਾਦੀ ਕਾਵਿ ਪ੍ਰਵਿਰਤੀ ਸਿੱਧੇ ਤੌਰ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਸੀ, ਨਕਸਲਬਾੜੀ ਲਹਿਰ ਜੁਝਾਰਵਾਦੀ ਕਾਵਿ ਪ੍ਰਵਿਰਤੀ ਦੀ ਆਧਾਰ ਤੇ ਪ੍ਰੇਰਨਾ ਸਰੋਤ ਬਣੀ, ਜਿਸ ਤੋਂ ਪ੍ਰੇਰਿਤ ਹੋਏ ਕਵੀਆਂ ਨੇ ਸਮਾਜਿਕ ਯਥਾਰਥ ਨੂੰ ਚੰਗੀ ਤਰ੍ਹਾਂ ਘੋਖਿਆ ਤੇ ਤਿੱਖੇ ਸ਼ਬਦਾਂ ਰਾਹੀਂ ਲੋਕ-ਵਿਰੋਧੀ ਤੱਤਾਂ ਦੀ ਅਲੋਚਨਾ ਕੀਤੀ। ਇਸ ਲਹਿਰ ਦੇ ਪ੍ਰਭਾਵ ਅਧੀਨ ਹੀ ਉਦਾਸੀ ਇਸਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਆਮ ਲੋਕਾਈ ਦੇ ਸਰੋਕਾਰਾਂ ਨੂੰ ਪੇਸ਼ ਕਰਨ ਲੱਗਿਆ ਤੇ ਆਪਣੇ ਕਾਵਿ ਅਨੁਭਵਾਂ ਨੂੰ ਵਿਦਰੋਹੀ ਸੁਰ ਵਿੱਚ ਅਲਾਪਿਆ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਹਸ਼ੀਏ ਤੇ ਧੱਕੇ ਲੋਕਾਂ ਦੀ ਚੇਤਨਾ ਨੂੰ ਪ੍ਰਚੰਡ ਕਰਨ ਲਈ ਹਰ ਸਭੰਵ ਕੋਸ਼ਿਸ਼ ਕੀਤੀ ਉਸਨੇ ਜਗੀਰੂ ਕਦਰਾਂ ਕੀਮਤਾਂ ਅਤੇ ਸਾਮਰਾਜੀ ਲੁੱਟ ਦੇ ਖਿਲਾਫ਼ ਲੋਕਾਂ ਨੂੰ ਵਿੱਰੋਹ ਕਰਨ ਲਈ ਪ੍ਰੇਰਿਆ। ਉਹ ਪੰਜਾਬੀ ਕਵਿਤਾ ਦਾ ਪ੍ਰਬੁੱਧ ਤੇ ਪ੍ਰਵੀਨ ਸ਼ਾਇਰ ਸੀ । ਉਸਨੇ ਨੇ ਸਥਾਪਤ ਸੱਤਾ ਨੂੰ ਆਪਣੀ ਕਲਮ ਨਾਲ ਟੱਕਰ ਦਿੱਤੀ ਤੇ ਸਾਰੀ ਜ਼ਿੰਦਗੀ ਸੰਘਰਸ਼ ਵਿੱਚ ਬਤੀਤ ਕਰਦਿਆਂ ਆਮ ਲੋਕਾਈ ਦੀਆਂ ਥੁੜਾਂ ਨੂੰ ਚਿਤਰਿਤ ਕਰਦੇ ਹੋਏ ਸੰਘਰਸ਼ ਕਰਨ ਦਾ ਸੁਨੇਹਾ ਦਿੱਤਾ। ਉਹ ਕ੍ਰਾਂਤੀ ਨੂੰ ਹੀ ਸਮਾਜਿਕ ਪ੍ਰਬੰਧ ਬਦਲਣ ਦਾ ਇਕੋ ਇਕ ਸਾਧਨ ਸਮਝਦਾ ਸੀ।, ਡਾ। ਜਸਪਾਲ ਸਿੰਘ (ਵਾਇਸ ਚਾਸ਼ਲਰ ਪੰਜਾਬੀ ਯੂਨੀ।) ਨੇ ਪੁਸਤਕ ‘ਸੰਤ ਰਾਮ ਉਦਾਸੀ : ਜੀਵਨ ਤੇ ਰਚਨਾ ‘ ਦੇ ਮੁੱਖ-ਬੰਦ ਲਿਖਦਿਆਂ ਸੰਤ ਰਾਮ ਉਦਾਸੀ ਨੂੰ ਗੂੰਗੇ ਦਲਿਤਾਂ ਦੀ ਗਰਜ਼ਵੀਂ ਆਵਾਜ਼ ਕਹਿ ਕੇ ਸਨਮਾਨਿਆ ਹੈ । ਸੰਤ ਰਾਮ ਉਦਾਸੀ ਦਾ ਨਕਸਲਬਾੜੀ ਲਹਿਰ ਵਿੱਚ ਸਥਾਨ ਨਿਸ਼ਚਿਤ ਕਰੀਏ ਤਾਂ ਉਦਾਸੀ ਨਕਸਲਬਾੜੀ ਲਹਿਰ ਦਾ ਸੱਭ ਤੋਂ ਸਰਗਰਮ ਤੇ ਪ੍ਰਮੱਖ ਕਵੀ ਸੀ। ਇਕ ਦਹਾਕਾ ਚੱਲੀ ਇਸ ਲਹਿਰ ਨੇ ਬਹੁਤ ਹੀ ਉੱਘੇ ਕਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ। ਜਿਨ੍ਹਾਂ ਵਿੱਚ ਅਵਤਾਰ ਸਿੰਘ ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਕੜ, ਅਮਰਜੀਤ ਚੰਦਨ, ਓਮ ਪ੍ਰਕਾਸ਼ ਸ਼ਰਮਾ, ਸੰਤ ਸੰਧੂ ਅਤੇ ਸੰਤ ਰਾਮ ਉਦਾਸੀ ਵਰਗੇ ਕਵੀ ਪ੍ਰਮੱਖ ਰਹੇ, ਇਹ ਕਵੀ ਸਿੱਧੇ ਤੌਰ ’ਤੇ ਇਸ ਲਹਿਰ ਨਾਲ ਜੁੜੇ ਹੋਏ ਸੀ। ਪਰ ਅਕਾਦਮਿਕ ਪੱਧਰ ’ਤੇ ਜ਼ਿਆਦਾਤਰ ਉਪਰੋਕਤ ਕਵੀ ਅਣਗੌਲ਼ੇ ਹੀ ਰਹੇ । ਜੇਕਰ ਸੰਤ ਰਾਮ ਉਦਾਸੀ ਦੀ ਗੱਲ ਕਰੀਏ ਤਾਂ ਉਹ ਅਕਾਦਮਿਕ ਪੱਧਰ ਤੇ ਬੇਸ਼ੱਕ ਅਣਗੌਲਿਆ ਰਿਹਾ ਪਰ ਪੰਜਾਬ ਦਾ ਅਜਿਹਾ ਕੋਈ ਪਿੰਡ ਨਹੀਂ ਸੀ ਜਿਸ ਦੀ ਜੂਹ ਵਿੱਚ ਉਦਾਸੀ ਦੀ ਆਵਾਜ਼ ਨਾ ਗੂੰਜੀ ਹੋਵੇ ਅਤੇ ਕੋਈ ਪਿੰਡ ਅਜਿਹਾ ਨਹੀਂ ਸੀ ਜਿਸ ਦੀ ਸੱਥ ਵਿੱਚ ਉਦਾਸੀ ਦਾ ਜ਼ਿਕਰ ਨਾ ਹੋਇਆ ਹੋਵੇ। ਉਦਾਸੀ ਪਿੰਡਾਂ ਦਾ ਮਕਬੂਲ ਸ਼ਾਇਰ ਸੀ ਉਸਨੂੰ ਅਕਾਦਮਿਕ ਪੁਰਸਕਾਰ ਚਾਹੇ ਨਾ ਮਿਲੇ ਪਰ ਜਿੱਥੇ ਵੀ ਉਹ ਜਾਂਦਾ ਲੋਕ-ਪਿਆਰ ਦੇ ਤਗ਼ਮਿਆ ਦੀ ਬੁਛਾਰ ਸ਼ੁਰੂ ਹੋ ਜਾਂਦੀ ਸੀ ਉਸਦੀ ਮਕਬੂਲਿਅਤ ਦਾ ਅੰਦਾਜ਼ਾ ਪਿੰਡਾਂ ਵਿਚ ਵਿਆਹਾਂ ਸਮੇਂ ਵੱਜਦੇ ਉਦਾਸੀ ਦੇ ਕ੍ਰਾਂਤੀਕਾਰੀ ਗੀਤਾਂ ਦੇ ਰਕਾਡਾਂ ਤੋਂ ਹੀ ਲਗਾਇਆ ਜਾ ਸਕਦਾ ਹੈ। ਸੰਤ ਰਾਮ ਉਦਾਸੀ ਦੇ ਕ੍ਰਮ ਅਨੁਸਾਰ ਚਾਰ ਕਾਵਿ ਸੰਗ੍ਰਹਿ ‘ਲਹੂ ਭਿੱਜੇ ਬੋਲ’ (1971), ‘ਸੈਨਤਾਂ’ (1976), ‘ਚੌ-ਨੁਕਰੀਆਂ ਸੀਖਾਂ’ (1978), ‘ਲਹੂ ਤੋਂ ਲੋਹੇ ਤੱਕ’ (1979) ਪ੍ਰਕਾਸ਼ਿਤ ਹੋਏ । ਸੰਤ ਰਾਮ ਉਦਾਸੀ ਦੀ ਮੌਤ ਤੋਂ ਬਾਅਦ ਕੁੱਝ ਸੰਪੂਰਨ ਕਾਵਿ ਸੰਗ੍ਰਹਿ (ਕੁੱਝ ਅਣ-ਪ੍ਰਕਾਸ਼ਿਤ ਕਵਿਤਾਵਾਂ ਸਹਿਤ) ਇਕ ਲਿਖਾਰੀ ਸਭਾ ਬਰਨਾਲਾ ਵੱਲੋਂ ‘ਕੰਮੀਆਂ ਦਾ ਵਿਹੜਾ ’ (1987) ਵਿੱਚ ਪ੍ਰਕਾਸ਼ਿਤ ਹੋਈ ਅਤੇ ਦੂਜੀ ਡਾ। ਅਜਮੇਰ ਸਿੰਘ ਦੀ ਪੁਸਤਕ ‘ਸੂਹੇ ਬੋਲ ਉਦਾਸੀ ਦੇ ‘ (2011) ਵਿੱਚ ਪ੍ਰਕਾਸ਼ਿਤ ਹੋਈ ਅਤੇ ਡਾ। ਚਰਨਜੀਤ ਕੌਰ ਵੱਲੋਂ ਪੁਸਤਕ ‘ਸੰਤ ਰਾਮ ਉਦਾਸੀ : ਜੀਵਨ ਤੇ ਰਚਨਾ ‘ (ਕੁੱਝ ਚੋਣਵੀਆਂ ਕਵਿਤਾਵਾਂ ਸਹਿਤ ) (2014) ਵਿਚ ਛਪ ਚੁੱਕੀ ਹੈ ।
ਵਿਚਾਰਧਾਰਾ ਤੌਰ ਤੇ ਸੰਤ ਰਾਮ ਉਦਾਸੀ ਮਾਰਕਸਵਾਦੀ ਸੋਚ ਦਾ ਧਾਰਨੀ ਸੀ, ਇਸ ਲਈ ਉਸਦੀ ਸ਼ਾਇਰੀ ਦਾ ਮੂਲ ਵਿਚਾਰਧਾਰਕ ਧਰਾਤਲ ਵੀ ਮਾਰਕਸਵਾਦੀ ਚੇਤਨਾ ਹੀ ਸੀ ਪਰ ਉਦਾਸੀ ਕਾਵਿ ਵਿੱਚ ਕੇਂਦਰੀ ਰਸ ਕਰੁਣਾ ਉਭਰਦਾ ਹੈ ਡਾ।ਚਰਨਜੀਤ ਕੌਰ ਬਰਾੜ ਨੇ ਆਪਣੀ ਪੁਸਤਕ “ਸੰਤ ਰਾਮ ਉਦਾਸੀ ਜੀਵਨ ਤੇ ਰਚਨਾ ” ਵਿਚ ਉਸਨੂੰ ਕਰੁਣਾ ਦਾ ਸ਼ਾਇਰ ਕਿਹਾ ਹੈ। ਉਦਾਸੀ ਆਮ ਲੋਕਾਂ ਦਾ ਕਵੀ ਸੀ, ਉਸਦੀ ਰਚਨਾ ਦੇ ਪਾਤਰ ਲੋਟੂ ਨਿਜ਼ਾਮ ਅਤੇ ਸ਼ਾਸ਼ਕ ਵਰਗ ਵੱਲੋਂ ਸ਼ੋਸ਼ਣ ਦੇ ਸ਼ਿਕਾਰ ਕਿਸਾਨ, ਮਜ਼ਦੂਰ ਅਤੇ ਹਾਸ਼ੀਏ ਤੇ ਧੱਕੇ ਲੋਕ ਸਨ ਜਿਨ੍ਹਾਂ ਦੇ ਹਿਰਦੇ ਪੀੜ ਵੇਦਨਾਂ ਦੀ ਹੂਕ ਉਦਾਸੀ ਦੀ ਰਚਨਾ ਵਿੱਚ ਪਹਿਚਾਣੀ ਜਾ ਸਕਦੀ ਹੈ।ਜਿਵੇਂ-
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਗੀਆਂ ਨੂੰ,
ਨੱਕ ਵੱਗਦੇ,ਅੱਖਾਂ ਚੁੰਨੀਆਂ ਤੇ ਦੰਦ ਕਰੇੜੇ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆ ਦੇ ਵਿਹੜੇ। (ਲਹੂ ਤੋਂ ਲੋਹੇ ਤੱਕ)
ਉਹ ਆਮ ਲੋਕਾਂ ਨਾਲ ਹਮਦਰਦੀ ਅਤੇ ਅਪੱਣਤ ਰੱਖਣ ਵਾਲਾ ਤੇ ਲੋਟੂ ਨਿਜ਼ਾਮ ਦਾ ਵਿਰੋਧੀ ਸੀ। ਉਦਾਸੀ ਦੀ ਕਵਿਤਾ ਦਾ ਕੇਂਦਰੀ ਵਿਸ਼ਾ ਕਿਸੇ ਵੀ ਕਿਸਮ ਦੀ ਲੁੱਟ ਦਾ ਸ਼ਿਕਾਰ ਪਾਤਰ ਹੈ, ਪਰ ਮੁੱਖ ਤੌਰ ਤੇ ਉਹ ਦਲਿਤ ਮਜਦੂਰਾਂ ਨੂੰ ਕੇਂਦਰ ਵਿੱਚ ਰੱਖਦਾ ਹੈ।ਜਿਵੇਂ-
ਉਠ ਕਿਰਤੀਆ ਉਠ ,ਉਠਣ ਦਾ ਵੈਲਾ ।
ਜੜ ਵੈਰੀ ਦੀ ਪੁੱਟ ਵੇ, ਪੁਟਣ ਦਾ ਵੈਲਾ ।
ਸੰਤ ਰਾਮ ਉਦਾਸੀ ਦੀ ਰਚਨਾ ਨੂੰ ਪੜਾਅ ਵੰਡ ਕਰਕੇ ਦੇਖੀਏ ਤਾਂ ਉਦਾਸੀ ਦੀ ਪਹਿਲੇ ਪੜਾਅ ਦੀ ਕਵਿਤਾ ਰੁਮਾਂਟਿਕ ਵਿਚਾਰਵਾਦੀ ਅਤੇ ਧਾਰਮਿਕ ਪ੍ਰਭਾਵ ਵਾਲੀ ਸੀ। ਇਸ ਦੌਰ ਵਿੱਚ ਉਦਾਸੀ ਨੇ ਪੰਜਾਬ ਦਾ ਪ੍ਰਕਿਰਤੀ ਚਿਤ੍ਰਣ, ਦੇਸ਼ ਪਿਆਰ ਅਤੇ ਕਿਸਾਨੀ ਮੋਹ ਵਿੱਚ ਭਿੱਜੀ ਕਵਿਤਾ ਰਚੀ ।ਜਿਵੇਂ-
ਜੱਦ ਤੱਕ ਪੰਜ ਦਰਿਆ ਨਾ ਥੰਮਣ
ਵੱਗਦਾ ਰਹੇ ਤੇਰਾ ਖੂਹ ਮਿੱਤਰਾ
ਜੀਵੇ ਤੇਰੀ ਭਾਰਤ ਮਾਤਾ,
ਜਿਸ ਦਾ ਤੂੰ ਰਖਵਾਲਾ ਏ
ਦੂਜੇ ਪੜਾਅ ਵਿਚ ਉਸਦੀ ਕਵਿਤਾ ਕਮਿਊਨਿਸਟ ਵਿਚਾਰਾਂ ਦੀ ਧਾਰਨੀ ਹੁੰਦੀ ਹੈ, ਜਿਸ ਵਿਚ ਮਾਰਕਸਵਾਦੀ ਵਿਚਾਰਧਾਰਾ ਹਾਵੀ ਰਹਿੰਦੀ ਹੈ। ਉਸ ਦੀ ਕਵਿਤਾ ਸ਼ੋਸ਼ਣ-ਵਿੱਰੋਧੀ ਸੁਰ ਅਲਾਪਦੀ ਹੈ ਜਿਸ ਵਿੱਚ ਉਹ ਹਥਿਆਰਬੰਦ ਇਨਕਲਾਬ, ਰਾਜਸੱਤਾ ਦੇ ਭਿਆਨਕ ਚਿਹਰੇ ਨੂੰ ਬੇ-ਨਕਾਬ ਕਰਨਾ, ਜੇਲ੍ਹਾਂ ਦੇ ਅਨੁਭਵ ਦੀ ਪੇਸ਼ਕਾਰੀ, ਨਾਰੀ ਦੀ ਸਮਾਜਿਕ ਦਸ਼ਾ ਨੂੰ ਬਦਲਣਾ, ਧਾਰਮਿਕ ਕੁਰਤੀਆਂ ਤੇ ਪਖੰਡਾਂ ਦਾ ਵਿਰੋਧ, ਭਾਰਤੀ ਮਿਥਿਹਾਸ ਪਰੰਪਰਾ ਦੀਆਂ ਮਿੱਥਾਂ ਦੇ ਵਿਸਫੋਟ ਨਾਲ ਸੰਬੰਧਤ ਰਚਨਾ ਕਰਦਾ ਹੈ। ਜਿਵੇਂ-
ਇਕ ਤੂੰ ਕਸਾਈ ਮੇਰੇ ਪਿੰਡ ਦਿਆ ਰਾਜਿਆ ਉਏ,
ਦੂਜਾ ਤੇਰਾ ਸ਼ਾਹਾਂ ਨਾਲ ਜੋੜ ।
ਕੱਲ “ਜੈਲੂ” ਚੌਕੀਦਾਰ ਦਿੰਦਾ ਫਿਰੇ ਹੋਕਾ,
ਆਖੇ ਖੇਤਾਂ ਵਿਚ ਬੀਜੋ ਹੱਥਿਆਰ । (ਲਹੂ ਭਿੱਜੇ ਬੋਲ)
ਤੀਜੇ ਪੜਾਅ ਵਿਚ ਪਹੁੰਚ ਕੇ ਉਦਾਸੀ ਇਕ ਪ੍ਰਸਿੱਧ ਕਵੀ ਦੇ ਤੌਰ ਤੇ ਜਾਣਿਆ ਜਾਣ ਲੱਗਦਾ ਹੈ। ਇਸ ਸਮੇਂ ਉਦਾਸੀ ਨਵੀਂ ਰਚਨਾ ਬਹੁਤ ਘੱਟ ਕਰਦਾ ਹੈ ਇਸ ਸਮੇਂ ਦੌਰਾਨ ਜ਼ਿਆਦਾਤਰ ਉਹ ਆਪਣੀਆਂ ਪੁਰਾਣੀਆਂ ਰਚਨਾਵਾਂ ਨੂੰ ਹੀ ਵਧੇਰੇ ਗਾਉਂਦਾ ਹੈ।
ਉਦਾਸੀ ਦੁਆਰਾ ਵਰਤੀਆਂ ਕਲਾਤਮਿਕ ਜੁਗਤਾਂ ਦੀ ਨਿਸ਼ਾਨਦੇਹੀ ਕਰੀਏ ਤਾਂ ਉਦਾਸੀ ਦੀ ਕਵਿਤਾਵਾਂ ਵਿੱਚ ਕਾਵਿ ਦੀ ਹਰ ਕਲਾ ਜੁਗਤ ਦਾ ਰੰਗ ਵੇਖਿਆ ਜਾ ਸਕਦਾ ਹੈ ਅਤੇ ਉਦਾਸੀ ਨੇ ਹਰ ਕਾਵਿ ਰੂਪ ਦਾ ਜਾਮਾ ਆਪਣੀ ਰਚਨਾ ਨੂੰ ਪਹਿਨਾਇਆ। ਉਦਾਸੀ ਨੇ ਛੰਦ-ਬੱਧ ਕਵਿਤਾ, ਖੁੱਲੀ ਕਵਿਤਾ, ਗੀਤ, ਰੁਬਾਈ ਅਤੇ ਗ਼ਜ਼ਲ ਲਿਖੀ, ਪਰ ਉਸਦੀ ਦੀ ਵਧੇਰੇ ਮਕਬੂਲੀਅਤ ਗੀਤ ਰਚਨਾ ਕਰਕੇ ਹੋਈ। ਵਿਸ਼ੇ-ਵਸਤੂ, ਵਿਚਾਰਧਾਰਾ, ਕਾਵਿ ਸ਼ੈਲਿ, ਅਤੇ ਬਿੰਬਾਵਲੀ ਦੇ ਪੱਖੋਂ ਉਹ ਆਧੁਨਿਕ ਕਵੀ ਹੈ।
ਅੰਤਿਮ ਸਮੇਂ ਹਜ਼ੂਰ ਸਾਹਿਬ ਵਿਖੇ ਹੋ ਰਹੇ ਕਵੀ ਦਰਬਾਰ ਤੇ ਉਦਾਸੀ ਨੂੰ ਬਲਾਇਆ ਗਿਆ ਉਹ ਕਈ ਦਿਨ ਜਾਵਾਂ ਨਾ ਜਾਵਾਂ ਦੀ ਸ਼ਸ਼ੋਪੰਜ ’ਚ, ਰਿਹਾ, ਕਿਉਂਕੀ ਉਹ ਪਹਿਲਾਂ ਸਿੱਖ ਵਿਰੋਧੀ ਦੰਗਿਆਂ ਦੀ ਦਹਿਸ਼ਤ ਵਾਲੇ ਮਾਹੌਲ ਤੇ ਬੰਗਾਲ ਵਿਚ ਵਾਪਰੀ ਘਟਨਾ ਕਾਰਨ ਸਹਿਮਿਆ ਹੋਈਆ ਸੀ। ਉਹ ਹਜ਼ੂਰ ਸਾਹਿਬ ਜਾਣ ਦਾ ਮਨ ਬਣਾ ਲੈਂਦਾ ਹੈ ਤਾਂ ਆਪਣੀ ਲੜਕੀ ਨੂੰ ਕਹਿੰਦਾ ਹੈ ਕਿ ਮੈਂ ਬੰਗਾਲ ਤੋਂ ਤਾਂ ਵਾਪਿਸ ਆ ਗਿਆ ਸੀ ਹੁਣ ਖੋਰੇ ਆਵਾਂ ਕੇ ਨਾ…..ਆਖਰ ਉਹੀ ਵਾਪਰਿਆ ,ਉਹ ਪੰਹੁਚ ਤਾਂ ਠੀਕ ਗਿਆ ਉਸਨੇ ਬਹੁਤ ਉਂਚੀ ਸੁਰ ਵਿਚ ਕਵਿਤਾ ਕਹੀ ਹਰ ਪਾਸੇ ਉਦਾਸੀ ਦੀ ਆਵਾਜ਼ ਗੁੰਜ਼ ਉੱਠੀ। ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿੱਚ ਰੇਲਗੱਡੀ ਵਿੱਚ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ। ਉਦਾਸੀ ਜੀ ਭਾਂਵੇ ਜਿਸਮਾਨੀ ਤੌਰ ਤੇ ਜੱਗ ਤੋਂ ਰੁਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀ ਜਿੰਦਾ ਹਨ ਅਤੇ ਚੇਤਨਾ ਪੈਦਾ ਕਰ ਰਹੇ ਹਨ। ਉਹ ਭਾਵੇਂ ਪਾਸ ਵਾਂਗ ਸ਼ਹੀਦ ਹੋ ਕੇ ਧਰੂ ਤਾਰੇ ਵਾਂਗ ਤਾ ਨਹੀ ਚਮਕ ਸਕਿਆ ਪਰ ਸਮੇ ਦਾ ਸੱਚ ਉਸ ਕੋਲ ਸੀ। ਪਰ ਜਦ ਅਸੀਂ ਇਸ ਵਕਤ ਦੀ ਗਰਦ ਗੁਬਾਰ ਵਿਚੋਂ ਬੈਠਕੇ ਇਤਿਹਾਸ ਨਿਖਰੇਗਾ ਤਾਂ ਉਦਾਸੀ ਦਾ ਸਹੀ ਮੁਲਾਕਣ ਹੋ ਸਕੇਗਾ। ਕਿਉਂਕਿ ਇਨਕਲਾਬੀ ਲਹਿਰ ਨੂੰ ਵਿਕਸਤ ਕਰਨ ਦਾ ਸੁਆਲ ਅੱਜੀ ਵੀ ਪਹਾੜ ਵਾਂਗ ਮੂੰਹ ਅੱਡੀ ਖੜ੍ਹਾ ਹੈ।
ਕਿਰਪਾ ਕਰਕੇ ਇਸ ਉਦਾਸੀ ਜੀ ਦੀ ਕਾਵਿ ਰਚਨਾ ਦੇ ਕੁੱਝ ਸਬਦਾਂ ਦੇ ਅਰਥਾਂ ਬਾਰੇ ਜਾਣਕਾਰੀ ਦੇਵੋ ਜੀ. ਜਿਵੇਂ = ਚੀਨੀ ਅਸਵਾਰੇ