ਨਵੀਂ ਦਿੱਲੀ- ਯੂ.ਪੀ.ਐੱਸ.ਈ. ਵੱਲੋਂ ਲਈ ਜਾਂਦੀ ਸਿਵਲ ਸਰਵਿਸ ਪ੍ਰੀਖਿਆ ਵਿੱਚ ਇਸ ਵਾਰੀ ਕੌਮੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਨੌਜਵਾਨ ਜਸਮੀਤ ਸਿੰਘ ਸੰਧੂ ਵੱਲੋਂ ਸਫਲਤਾ ਦੇ ਝੰਡੇ ਗੱਡਦੇ ਹੋਏ ਆਲ ਇੰਡੀਆ ਵਿੱਚ ਪੰਜਾਬੀ ਵਿਸ਼ੇ ਰਾਹੀਂ ਤੀਜੀ ਪੁਜੀਸ਼ਨ ਹਾਸਲ ਕਰਕੇ ਸਮੁੱਚੇ ਪੰਜਾਬੀਆਂ ਨੂੰ ਬਾਗੋ-ਬਾਗ ਕਰ ਦਿੱਤਾ ਹੈ। ਪੰਜਾਬੀ ਹੈਲਪ ਲਾਈਨ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਜਸਮੀਤ ਨੇ ਇਸ ਦਾ ਸਿਹਰਾ ਮਾਂ ਬੋਲੀ ਪੰਜਾਬੀ ਨੂੰ ਦਿੱਤਾ ਹੈ ਜਿਸ ਦੇ ਸਦਕਾ ਉਸ ਦੀ ਇਹ ਪੁਜੀਸ਼ਨ ਬਣ ਸਕੀ। ਜ਼ਿਕਰਯੋਗ ਗੱਲ ਇਹ ਹੈ ਕਿ ਜਸਮੀਤ ਨੇ ਸਿਵਲ ਸਰਵਿਸ ਵਿੱਚ ‘ਪੰਜਾਬੀ ਲਿਟਰੇਚਰ’ ਰਾਹੀਂ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਸ ਗੱਲ ਨੂੰ ਸਨਮੁੱਖ ਰੱਖਦੇ ਹੋਏ ਦਿੱਲੀ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਲੱਗੀ ਹੋਈ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਆਗੂ ਪ੍ਰਕਾਸ਼ ਸਿੰਘ ਗਿੱਲ, ਐਸ.ਪੀ. ਸਿੰਘ, ਜਸਵਿੰਦਰ ਕੌਰ, ਮਹਿੰਦਰਪਾਲ ਮੁੰਜਾਲ ਅਤੇ ਸੁਨੀਲ ਕੁਮਾਰ ਬੇਦੀ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਾਬਕਾ ਪਿ੍ੰ. ਡਾ. ਹਰਮੀਤ ਸਿੰਘ ਦੀ ਰਹਿਨੁਮਾਈ ਹੇਠ ਦੱਖਣੀ ਦਿੱਲੀ ਵਿਖੇ ਜਸਮੀਤ ਸਿੰਘ ਸੰਧੂ ਦੇ ਘਰ ਵਿਸ਼ੇਸ਼ ਤੌਰ ਤੇ ਉਸ ਨੂੰ ਸਨਮਾਨਤ ਕਰਨ ਲਈ ਪਹੁੰਚੇ। ਡਾ. ਹਰਮੀਤ ਸਿੰਘ ਵੱਲੋਂ ਨੌਜਵਾਨ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸੁਆਗਤ ਕੀਤਾ ਗਿਆ ਉਥੇ ਹੀ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਵੱਲੋਂ ਜਸਮੀਤ ਸੰਧੂ ਨੂੰ ਵਿਸ਼ੇਸ ਤੌਰ ਤੇ ਸੰਸਥਾ ਵੱਲੋਂ ਤਿਆਰ ਕੀਤਾ ਗਿਆ ‘ਸਨਮਾਨ ਪੱਤਰ’ ਭੇਟ ਕੀਤਾ ਗਿਆ। ਸੰਸਥਾ ਦੀ ਇਕੋ ਇਕ ਇਸਤਰੀ ਆਗੂ ਜਸਵਿੰਦਰ ਕੌਰ ਵੱਲੋਂ ਜਸਮੀਤ ਸਿੰਘ ਸੰਧੂ ਨੂੰ ਮਿਠਾਈ ਖੁਆਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਤੇ ਜਸਮੀਤ ਦੇ ਪਿਤਾ ਡਾ. ਜੀਤ ਸਿੰਘ ਸੰਧੂ ਨੇ ਜਸਮੀਤ ਦੀ ਇਸ ਸਫਲਤਾ ਦਾ ਸਿਹਰਾ ਅਕਾਲ ਪੁਰਖ ਨੂੰ ਦਿੱਤਾ ਜਿਸ ਦੇ ਕਰਕੇ ਇਹ ਸਭ ਸਫਲ ਹੋ ਸਕਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਸਮੀਤ ਆਈ.ਆਰ.ਐ¤ਸ. ਵਿੱਚ ਨੌਕਰੀ ਕਰ ਰਿਹਾ ਸੀ ਤੇ ਪਿਛਲੇ ਸਾਲ ਇਸ ਨੇ ‘ਪੀ.ਸੀ.ਐੱਸ.’ ਦੀ ਪ੍ਰੀਖਿਆ ਵੀ ਪਾਸ ਕਰ ਲਈ ਸੀ ਤੇ ਸਿਵਲ ਸਰਵਿਸ ਦੀ ਪ੍ਰੀਖਿਆ ਜਸਮੀਤ ਨੇ ਤੀਜੇ ਸਾਲ ਵਿੱਚ ਸ਼ਾਨਦਾਰ ਤਰੀਕੇ ਨਾਲ ਹਾਸਲ ਕੀਤੀ ਹੈ ਇਸ ਦਾ ਉਹਨਾਂ ਨੂੰ ਵੀ ਖਿਆਲ ਨਹੀਂ ਸੀ। ਜਸਮੀਤ ਨੇ ਹੈਲਪ ਲਾਈਨ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਇਸ ਦੱਸਵੀਂ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਕੀਤੀ ਸੀ ਤੇ ਅੱਜ ਸਿਵਲ ਸਰਵਿਸ ਵਿੱਚ ਇਸ ਵਿਸ਼ੇ ਦੀ ਮਦਦ ਨਾਲ ਹੀ ਮੈਂ ਇਹ ਸਫਲਤਾ ਹਾਸਲ ਕਰ ਸਕਿਆ ਹਾਂ। ਮੇਰੀ ਇਸ ਸਫਲਤਾ ਵਿੱਚ ਜਿੱਥੇ ਮੇਰੀ ਮਾਤਾ ਸੁਰਿੰਦਰ ਕੌਰ ਤੇ ਪਿਤਾ ਜੀਤ ਸਿੰਘ ਅਤੇ ਭਰਾ ਤੇਜਵੀਰ ਸਿੰਘ ਦਾ ਬਹੁਤ ਵੱਡਾ ਹੱਥ ਹੈ ਉਥੇ ਹੀ ਖਾਸ ਤੌਰ ਤੇ ਪੰਜਾਬੀ ਵਿਸ਼ੇ ਦੀ ਸੇਧ ਦੇਣ ਲਈ ਪ੍ਰੋ. ਗੁਰਬਚਨ ਸਿੰਘ ਰਾਹੀਂ ਪਟਿਆਲਾ ਅਤੇ ਡਾ. ਠਾਕਰ ਦਾਸ ਜੋਸ਼ੀ ਜ¦ਧਰ ਦਾ ਵਿਸ਼ੇਸ਼ ਯੋਗਦਾਨ ਹੈ। ਜਿੰਨਾਂ ਨੇ ਪੰਜਾਬੀ ਲਿਟਰੇਚਰ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦਾ ਡੂੰਘਾ ਗਿਆਨ ਵਿਸਤਾਰ ਸਹਿਤ ਕਰਾਇਆ। ਭਾਵੇਂ ਕਿ ਆਰੰਭ ਵਿੱਚ ਉਸ ਨੂੰ ਪੁਸਤਕਾਂ ਕਰਕੇ ਇਸ ਦੀ ਤਿਆਰੀ ਵਿੱਚ ਬੁਨਿਆਦੀ ਤੌਰ ਤੇ ਮੁਸ਼ਕਲਾਂ ਦਾ ਸਾਮਨਾ ਕਰਨਾ ਪਿਆ ਖਾਸ ਤੌਰ ਤੇ ਦਿੱਲੀ ਵਿੱਚ ਪੰਜਾਬੀ ਭਾਸ਼ਾ ਬਾਰੇ ਬਹੁਤੇ ਲੋਕ ਚੇਤੰਨ ਨਹੀਂ ਹਨ ਤੇ ਇਸ ਕਰਕੇ ਦਿੱਲੀ ਤੋਂ ਉਸ ਨੂੰ ਕੋਈ ਜ਼ਿਆਦਾ ਮਦਦ ਨਹੀਂ ਮਿਲ ਸਕੀ। ਲੇਕਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ਤੋਂ ਉਸ ਨੂੰ ਇਸ ਵਿਸ਼ੇ ਦੀ ਤਿਆਰੀ ਲਈ ਬਹੁਤ ਹੀ ਮਦਦ ਮਿਲੀ। ਜੇਕਰ ਦਿੱਲੀ ਵਿੱਚ ਪੰਜਾਬੀ ਅਕਾਦਮੀ ਅਤੇ ਕੇਂਦਰੀ ਸਾਹਿਤ ਅਕਾਦਮੀ ਦੀ ਲਾਇਬਰੇਰੀ ਵਿੱਚ ਵੀ ਇਸ ਸੰਬੰਧੀ ਪੁਸਤਕਾਂ ਮੁਹੱਈਆ ਹੋਣ ਤਾਂ ਨੌਜਵਾਨਾਂ ਨੂੰ ਬਹੁਤ ਲਾਭ ਹੋ ਸਕਦਾ ਹੈ। ਪੰਜਾਬੀ ਹੈਲਪ ਲਾਈਨ ਦੇ ਆਗੂਆਂ ਵੱਲੋਂ ਜਸਮੀਤ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਸਿਵਲ ਸਰਵਿਸ ਸੰਬੰਧੀ ਤਿਆਰ ਕੀਤਾ ਗਿਆ ‘ਕਿਤਾਬਚਾ’ ਵੀ ਵਿਖਾਇਆ ਗਿਆ ਜਿਸ ਨੂੰ ਵੇਖ ਕੇ ਜਸਮੀਤ ਨੇ ਕਿਹਾ ਕਿ ਆਈ.ਏ.ਐ¤ਸ. ਦੀ ਤਿਆਰੀ ਵਾਸਤੇ ਇਹ ਕਿਤਾਬਚਾ ਵੀ ਕਾਫੀ ਮਦਦਗਾਰ ਸਿੱਧ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਸਿਲਬੇਸ ਦੇ ਨਾਲ-ਨਾਲ ਪੁਸਤਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਹੈਲਪ ਲਾਈਨ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਪੰਜਾਬੀ ਭਾਸ਼ਾ ਦੇ ਕਾਰਜ ਲਈ ਜਿੱਥੇ ਜਸਮੀਤ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਥੇ ਹੀ ਸੰਸਥਾ ਵੱਲੋਂ ਸਨਮਾਨਤ ਕੀਤੇ ਜਾਣ ਤੇ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ।
ਪੰਜਾਬੀ ਭਾਸ਼ਾ ਨਾਲ ਵੀ ‘ਸਿਵਲ ਸਰਵਿਸ’ ਅੰਦਰ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ-ਜਸਮੀਤ ਸੰਧੂ
This entry was posted in ਭਾਰਤ.