ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਕਲ੍ਹ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਿੱਖ ਗੁਰਮਤਿ ਤੇ ਸਿੱਖ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕੀਤੇ ਜਾਣ ਦੇ ਦਿੱਤੇ ਗਏ ਆਦੇਸ਼ ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿਲੇਬਸ ਬਣਾਉਣ ਵਾਲੀ ਕਮੇਟੀ ਵਿੱਚ ਹੋਰ ਬੁੱਧੀਜੀਵੀਆਂ ਤੋਂ ਇਲਾਵਾ ਮਿਸ਼ਨਰੀ ਤੇ ਗੁਰਮਤਿ ਕਾਲਜ਼ ਦੇ ਨੁੰਮਾਇੰਦਆਿਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਤੇ ਜਿਹੜਾ ਵੀ ਸਿਲੇਬਸ ਬਣਾਇਆ ਜਾਵੇ ਉਸ ਨੂੰ ਸਾਰੇ ਡੇਰਿਆਂ ਤੇ ਦਮਦਮੀ ਟਕਸਾਲਾਂ ਦੇ ਹੈਡ ਕੁਆਵਟਰਾਂ ਵਿੱਚ ਵੀ ਲਾਗੂ ਕੀਤਾ ਜਾਵੇ।
ਸ੍ਰ. ਸਰਨਾ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ਜਾਂ ਇੱਕ ਜਥੇਬੰਦੀ ਦੇ ਕਹਿਣ ਤੋ ਸਿਲੇਬਸ ਇੱਕ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਗੁਰਮਤਿ ਕਾਲਜਾਂ ਤੇ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਭਰੋਸੇ ਵਿੱਚ ਲਿਆ ਜਾਣਾ ਬਹੁਤ ਜਰੂਰੀ ਸੀ ਕਿਉਂਕਿ ਇਹ ਕੌਮੀ ਮਸਲਾ ਹੈ ਤੇ ਜਲਦਬਾਜ਼ੀ ਵਿੱਚ ਕੁਝ ਵੀ ਨਹੀ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪੰਜਾਬ ਦੀ ਹਾਕਮ ਧਿਰ ਦੀਆ ਨੀਤੀਆਂ ਕਾਰਨ ਪਹਿਲਾਂ ਹੀ ਸਿੱਖੀ ਨੇਸਤੋਨਬੂਦ ਹੋ ਗਈ ਹੈ ਅਤੇ ਇਸ ਲਈ ਸਿੱਖੀ ਦੇ ਪ੍ਰਚਾਰਕਾਂ ਨੂੰ ਕਟਿਹਰੇ ਵਿੱਚ ਖੜਾ ਕਰਨ ਤੋਂ ਪਹਿਲਾਂ ਉਹਨਾਂ ਦੀ ਰਾਇ ਲਈ ਜਾਣੀ ਬਹੁਤ ਜਰੂਰੀ ਸੀ। ਉਹਨਾਂ ਕਿਹਾ ਕਿ ਜੇਕਰ ਪੰਜ ਸਿੰਘ ਸਾਹਿਬਾਨ ਨੇ ਸਿੱਖ ਮਿਸ਼ਨਰੀ ਕਾਰਜ ਤੇ ਸਿੱਖ ਗੁਰਮਤਿ ਕਾਲਜਾਂ ਦਾ ਸਿਲੇਬਸ ਇੱਕ ਕਰਨ ਦਾ ਫੈਸਲਾ ਲੈ ਹੀ ਲਿਆ ਹੈ ਤਾਂ ਸਿਲੇਬਸ ਬਣਾਉਣ ਵਾਲੀ ਕਮੇਟੀ ਵਿੱਚ ਸਿੱਖ ਬੁੱਧੀਜੀਵੀਆ ਤੋਂ ਇਲਾਵਾ ਪ੍ਰਚਾਰਕ ਪੈਦਾ ਕਰਨ ਵਾਲੇ ਇਹਨਾਂ ਕਾਲਜਾਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਡੇਰਾਵਦ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ ਤੇ ਸਿੱਖੀ ਪਰੰਪਰਾ ਤੇ ਸਿਧਾਂਤਾਂ ਨੂੰ ਅਮਰਵੇਲ ਬਣ ਕੇ ਖਤਮ ਕਰ ਰਿਹਾ ਹੈ ਪਰ ਜਥੇਦਾਰਾਂ ਦੀ ਗਾਜ਼ ਸਿਰਫ ਮਿਸ਼ਨਰੀ ਤੇ ਗੁਰਮਤਿ ਕਾਲਜਾਂ ਤੇ ਹੀ ਡਿੱਗਣੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਡੇਰਿਆਂ ਦੀ ਮਰਿਆਦਾ ਤੇ ਸਿਲੇਬਸ ਨੂੰ ਇੱਕ ਨਹੀ ਕੀਤਾ ਜਾਂਦਾ ਉਨਾ ਚਿਰ ਤੱਕ ਕਮੇਟੀਆਂ ਬਣਾਉਣੀਆਂ ਤੇ ਸਿਲੇਬਸ ਇੱਕ ਕਰਨ ਦੀ ਕਾਵਾਂਰੌਲੀ ਪਾਉਣੀ ਕੋਈ ਉੱਚਿਤ ਨਹੀਂ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਮਹਿਤਾ ਨੂੰ ਕਿਸੇ ਵੇਲੇ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਹੋਣ ਦਾ ਮਾਣ ਹਾਸਲ ਸੀ ਪਰ ਅੱਜ ਇਹ ਇੱਕ ਅਕਾਲੀ ਦਲ ਬਾਦਲ ਦਾ ਵਿੰਗ ਬਣ ਤੇ ਰਹਿ ਗਈ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਮਹਿਤਾ, ਦਮਦਮੀ ਟਕਸਾਲ ਅਜਨਾਲਾ ਤੇ ਦਮਦਮੀ ਟਕਸਾਲ ਸੰਗਰਾਵਾਂ ( ਬਟਾਲਾ) ਨੂੰ ਵੀ ਸਿਲੇਬਸ ਦੇ ਘੇਰੇ ਵਿੱਚ ਲਿਆਂਦਾ ਜਾਵੇ ਨਹੀਂ ਤਾਂ ਕਾਲਜਾਂ ਦੇ ਸਿਲੇਬਸ ਨੂੰ ਇੱਕ ਕਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਸਗੋਂ ਦੁਬਿੱਧਾ ਪੈਦਾ ਹੋਵੇਗੀ।