ਏਥਨਜ਼ – ਗਰੀਸ ਦੀ ਸੰਸਦ ਨੇ ਸਖਤ ਆਰਥਿਕ ਸੁਧਾਰਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਯੂਰੋਜੋਨ ਦੀ ਅਹਿਮ ਬੈਠਕ ਦੇ ਪਹਿਲਾਂ ਦਿੱਤੀ ਗਈ ਹੈ। ਯੌਰੋਜੋਨ ਦੇ ਵਿੱਤ ਮੰਤਰੀਆਂ ਦੀ ਬੈਠਕ ਮੰਗਲਵਾਰ ਨੂੰ ਬਰਸੇਲਜ਼ ਵਿੱਚ ਹੋਣੀ ਹੈ। ਇਹ ਵੀ ਸੰਭਾਵਨਾ ਹੈ ਕਿ ਇਸ ਮੀਟਿੰਗ ਵਿੱਚ ਬੇਲਆਊਟ ਕੋਸ਼ ਤੋਂ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ।
ਗਰੀਸ ਨੂੰ ਦੋ ਮਹੀਨਿਆਂ ਵਿੱਚ 3.5 ਅਰਬ ਯੂਰੋ ਦੇ ਕਰੀਬ ਕਰਜ਼ੇ ਦੀ ਅਦਾਇਗੀ ਕਰਨੀ ਹੈ। ਇਸ ਲਈ ਉਹ ਸਹਾਇਤਾ ਪ੍ਰਾਪਤ ਕਰਨ ਦੀ ਪੂਰੀ ਕੋਸਿ਼ਸ਼ ਕਰ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗਰੀਸ ਦੀ ਸੰਸਦ ਨੇ ਪੈਨਸ਼ਨ ਅਤੇ ਇਨਕਮ ਪ੍ਰਣਾਲੀ ਵਿੱਚ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ ਸੀ। ਵਰਨਣਯੋਗ ਹੈ ਕਿ ਗਰੀਸ ਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ਼) ਦਾ ਬਹੁਤ ਸਾਰਾ ਕਰਜ਼ਾ ਹੈ, ਜਿਸ ਨੂੰ ਚਕਾਉਣ ਲਈ ਉਸ ਨੂੰ ਮੱਦਦ ਦੀ ਜਰੂਰਤ ਹੈ।
ਵਿਰੋਧੀ ਧਿਰ ਦੇ ਨੇਤਾ ਕਿਰਿਆਕੋਸ ਮਿਟਸੋਟਾਕਿਸ ਨੇ ਕਿਹਾ ਕਿ ਇਨ੍ਹਾਂ ਨਵੇਂ ਸੁਧਾਰਾਂ ਦੀ ਹਨੇਰੀ ਵਿੱਚ ਗਰੀਸ ਵਿੱਚ ਕੋਈ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇਗਾ। ਸਰਕਾਰ ਦੁਆਰਾ ਕੀਤੇ ਗਏ ਨਵੇਂ ਸੁਧਾਰਾਂ ਸਬੰਧੀ ਏਥਨਜ਼ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਹੈ।