ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ ਲੁਧਿਆਣਾ ਵੱਲੋਂ ਵਾਤਾਵਰਨ ਦੇ ਬਚਾਓ ਲਈ ਆਪਣਾ ਯੋਗਦਾਨ ਪਾਉਣ ਲਈ ਕੈਂਪਸ ਵਿਚ ਬੂਟੇ ‘ਚ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਪੰਜਾਬ ਅਤੇ ਸਿੰਧ ਬੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਏ ਕੇ ਜੈਨ, ਚੀਫ਼ ਜਰਨਲ ਮੈਨੇਜਰ ਇਕਬਾਲ ਸਿੰਘ ਭਾਟੀਆ ਅਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਕੈਂਪਸ ਵਿਚ ਬੂਟੇ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ।ਇਸ ਮੁਹਿੰਮ ਤਹਿਤ ਕੈਂਪਸ ਦੇ ਅੰਦਰ ਅਤੇ ਆਲੇ ਦੁਆਲੇ ਬੂਟੇ ਲਗਾ ਕੇ ਵਾਤਾਵਰਨ ਦੀ ਸੇਵਾ ਨੂੰ ਸਮਰਪਿਤ ਮਨੁੱਖਤਾ ਹਿਤ ਕਾਰਜ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਇਕ ਜਾਗਰੂਕਤਾ ਸੈਮੀਨਾਰ ਵੀ ਲਗਾਇਆ ਗਿਆ । ਇਸ ਦੇ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਬੈਂਕਿੰਗ ਸੈਕਟਰ ਵਿਚ ਨੌਕਰੀ ਦੇ ਮੌਕਿਆਂ ਸਬੰਧੀ ਵੀ ਜਾਣਕਾਰੀ ਦਿਤੀ।
ਇਸ ਮੌਕੇ ਤੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹੁਣ ਨਵੀਂ ਪੀੜੀ ਨੂੰ ਅੱਗੇ ਆ ਕੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸੁੱਧ ਅਤੇ ਸਾਫ਼ ਰੱਖਣ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਆਪਣੇ ਸਕੂਲ,ਕਾਲਜ ਅਤੇ ਘਰ ਤੋਂ ਹੀ ਇਹ ਸ਼ੁਰੂਆਤ ਕਰ ਦੇਣ ਤਾਂ ਸਮਾਜ ਨੂੰ ਇਸ ਨਾਲ ਨਵੀਂ ਦਿਸ਼ਾ ਮਿਲੇਗੀ । ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਤਾੜਨਾ ਕੀਤੀ ਕਿ ਜੇਕਰ ਸਮਾਂ ਰਹਿੰਦਿਆਂ ਅਸੀ ਆਪਣੇ ਵਾਤਾਵਰਨ ਦੀ ਸੰਭਾਲ ਲਈ ਉਪਰਾਲੇ ਨਾ ਕੀਤੇ ਤਾਂ ਬਹੁਤ ਛੇਤੀ ਹੀ ਇਸ ਦੇ ਬਹੁਤ ਭਿਆਨਕ ਨਤੀਜੇ ਭੁਗਤਣੇ ਪੈਣਗੇ । ਚੇਅਰਮੈਨ ਗੁਰਚਰਨ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਕੁਦਰਤੀ ਸੋਮਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਬਿਜਲੀ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਦੀ ਪ੍ਰੇਰਨਾ ਦਿਤੀ । ਅਖੀਰ ਵਿਚ ਵਿਦਿਆਰਥੀਆਂ ਨੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਅਤੇ ਬੂਟੇ ਲਗਾਉਣ ਲਈ ਸੌਂਹ ਵੀ ਚੁੱਕੀ ਗਈ ।