ਲੁਧਿਆਣਾ – ਬਰਤਾਨੀਆਂ ਦੇ ਇੱਕ ਉਚੇ ਮੈਂਬਰੀ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀ ਡੇਵਿਡ ਲੇਲਿਅਟ ਕਰ ਰਹੇ ਸਨ । ਇਸ ਵਫ਼ਦ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਰਜਿਸਟਰਾਰ ਡਾ. ਪੀ ਕੇ ਖੰਨਾ, ਡਾਇਰੈਕਟਰ ਰਿਸਰਚ ਡਾ. ਬਲਵਿੰਦਰ ਸਿੰਘ, ਡਾਇਰੈਟਕਰ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ ਦੇ ਨਾਲ ਵਿਚਾਰ ਚਰਚਾ ਕੀਤੀ ।
ਇਸ ਮੌਕੇ ਡਾ. ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਮੁੱਢਲੀਆਂ ਲਾਗਤਾਂ ਦੇ ਸੁਚੱਜੀ ਵਰਤੋਂ ਸੰਬੰਧੀ ਨਵੀਆਂ ਖੋਜਾਂ ਦੋਹਾਂ ਮੁਲਕਾਂ ਵੱਲੋਂ ਸਾਂਝੇ ਤੌਰ ਤੇ ਉਲੀਕੀਆਂ ਜਾ ਸਕਦੀਆਂ ਹਨ । ਡਾ. ਢਿੱਲੋਂ ਨੇ ਕਿਹਾ ਕਿ ਨੈਨੋ ਤਕਨਾਲੋਜੀ, ਭੋਜਨ ਪ੍ਰੋਸੈਸਿੰਗ ਅਤੇ ਖੇਤ ਮਸ਼ੀਨਰੀ ਦੇ ਵਿੱਚ ਦੋਹਾਂ ਮੁਲਕਾਂ ਦੇ ਵਿੱਚ ਦੋਪਾਸੜੇ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ । ਉਹਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਸਹਿਯੋਗ ਸਹੀਬੱਧ ਹੋਣ ਨਾਲ ਦੋਹਾਂ ਮੁਲਕਾਂ ਦੀਆਂ ਯੂਨੀਵਰਸਿਟੀਆਂ ਦੇ ਵਿਗਿਆਨੀਆਂ, ਵਿਦਿਆਰਥੀਆਂ ਨੂੰ ਚੋਖਾ ਲਾਭ ਪਹੁੰਚੇਗਾ ।
ਵਫ਼ਦ ਦੇ ਮੈਂਬਰ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਦਿਪਾਓਕਰ ਚੱਕਰਵਰਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਵਰ੍ਹੇ ਦੌਰਾਨ ਦੋਹਾਂ ਮੁਲਕਾਂ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਸੰਬੰਧੀ ਇਕ ਰੋਜਾ ਵਰਕਸ਼ਾਪ ਦਾ ਆਯੋਜਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕੀਤਾ ਜਾਵੇਗਾ । ਵਫ਼ਦ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦਿੱਲੀ ਦੇ ਸੀਨੀਅਰ ਸਲਾਹਕਾਰ (ਸਾਇੰਸ ਅਤੇ ਇਨੋਵੇਸ਼ਨ) ਸ੍ਰੀਮਤੀ ਸਵਾਤੀ ਸਕਸੈਨਾ ਤੋਂ ਇਲਾਵਾ ਅਮਰੀਕਾ ਦੀ ਈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸੁਧਾਕਰ ਵੀ ਸ਼ਾਮਲ ਸਨ ।