ਲੁਧਿਆਣਾ – ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਉਹਨਾਂ ਦੇ ਯੂਨੀਵਰਸਿਟੀ ਵਿੱਚ ਪਹੁੰਚਣ ਤੇ ਇੱਕ ਸਮਾਗਮ ਪਾਲ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ । ਕੇਂਦਰੀ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਤ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਇਸ ਵਿੱਚ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ । ਇਸ ਮੌਕੇ ਪੰਜਾਬ ਦੇ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸ. ਤੋਤਾ ਸਿੰਘ, ਦਿੱਲੀ ਦੇ ਸਾਂਸਦ ਸ੍ਰੀ ਮਹੇਸ਼ ਗਿਰੀ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਹਸਬੈਂਡਰੀ ਦੇ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਨੰਦਾ, ਭਾਰਤੀ ਕ੍ਰਿਸ਼ੀ ਅਨੁਸੰਧਾਨ ਦੇ ਯੂਨੀਵਰਸਿਟੀ ਵਿਖੇ ਸਥਿਤ ’ਅਟਾਰੀ’ ਦੇ ਨਿਰਦੇਸ਼ਕ ਡਾ. ਰਾਜਵੀਰ ਸਿੰਘ, ’ਸਿਫ਼ਟ’ ਦੇ ਨਿਰਦੇਸ਼ਕ ਡਾ. ਆਰ ਕੇ ਗੁਪਤਾ ਅਤੇ ਭਾਰਤੀ ਮੱਕਾ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਵਿਨੈ ਮਹਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਇਸ ਮੌਕੇ ਸ੍ਰੀ ਰਾਧਾ ਮੋਹਨ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਖੋਜਾਂ ਉਪਰੰਤ ਇਹ ਦੇਖਿਆ ਗਿਆ ਹੈ ਕਿ ਕੁਦਰਤੀ ਅਤੇ ਜੈਵਿਕ ਖੇਤੀ ਮਨੁੱਖੀ ਜੀਵਨ ਲਈ ਵਧੇਰੇ ਲਾਭਕਾਰੀ ਹੈ ਅਤੇ ਵਾਤਾਵਰਨ ਵੀ ਸੁਰੱਖਿਅਤ ਰਹਿੰਦਾ ਹੈ । ਉਹਨਾਂ ਕਿਹਾ ਕਿ ਇਸ ਲਈ ਸਾਨੂੰ ਕੁਦਰਤੀ ਖੇਤੀ ਵੱਲ ਤੁਰਨਾ ਪਵੇਗਾ । ਸ੍ਰੀ ਰਾਧਾ ਮੋਹਨ ਨੇ ਖੇਤ ਪਾਠਸ਼ਾਲਾ, ਗੋਕਲ ਗਰਾਮ ਅਤੇ ਮਿੱਟੀ ਸਿਹਤ ਕਾਰਡ ਵਰਗੇ ਨੁਕਤਿਆਂ ਨੂੰ ਉਭਾਰਦਿਆਂ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਉਲੀਕੀਆਂ ਗਈਆਂ ਵਿਸ਼ਾਲ ਯੋਜਨਾਵਾਂ ਤੋਂ ਬਾਖੂਬੀ ਜਾਣੂੰ ਕਰਵਾਇਆ । ਉਹਨਾਂ ਕੇਂਦਰ ਦੀ ਯੋਜਨਾ ਮਨਰੇਗਾ ਬਾਰੇ ਬੋਲਦਿਆਂ ਕਿਹਾ ਕਿ ਭਵਿੱਖ ਵਿੱਚ ਇਹ ਯੋਜਨਾ ਛੋਟੇ ਕਿਸਾਨਾਂ ਅਤੇ ਵਿਸ਼ੇਸ਼ ਕਰ ਪੱਛੜੀਆਂ ਜਾਤੀਆਂ ਦੇ ਕਿਸਾਨਾਂ ਲਈ ਵੀ ਲਾਭਦਾਇਕ ਸਿੱਧ ਹੋਵੇਗੀ । ਉਹਨਾਂ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸਾਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸਦੀ ਸਾਂਭ ਸੰਭਾਲ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ । ਉਹਨਾਂ ਕਿਹਾ ਕਿ ਮਨਰੇਗਾ ਯੋਜਨਾ ਅਧੀਨ ਤਲਾਬ, ਛੱਪੜ ਅਤੇ ਖੂਹ ਪੁੱਟਣ ਦੇ ਲਈ ਵੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ । ਉਹਨਾਂ ਹਰੇ ਇਨਕਲਾਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਸਾਇਣਾਂ ਦੀ ਜ਼ਿਆਦਾ ਵਰਤੋਂ ਕਾਰਨ ਮਿੱਟੀ ਦੀ ਸਿਹਤ ਵਿੱਚ ਨਿਘਾਰ ਆਇਆ ਹੈ ਇਸਲਈ ਸਾਨੂੰ ਮਿੱਟੀ ਪਰਖ਼ ਦੇ ਅਨੁਸਾਰ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਉਹਨਾਂ ਦੱਸਿਆ ਕਿ ਹੁਣ ਤੱਕ ਸਾਢੇ ਤਿੰਨ ਲੱਖ ਮਿੱਟੀ ਸਿਹਤ ਕਾਰਡ ਵੰਡੇ ਜਾ ਚੁੱਕੇ ਹਨ ਅਤੇ 2017 ਤੱਕ ਸਾਰੇ ਕਿਸਾਨਾਂ ਨੂੰ ਇਹ ਕਾਰਡ ਪਹੁੰਚਾਏ ਜਾਣਗੇ। ਜੇਕਰ ਕੋਈ ਪੰਚਾਇਤ ਮਿੱਟੀ ਪਰਖ ਲੈਬਾਰਟਰੀ ਲਗਾਉਣਾ ਚਾਹੁੰਦੀ ਹੈ ਤਾਂ ਉਸ ਦੇ ਲਈ 80 ਪ੍ਰਤੀਸ਼ਤ ਰਾਸ਼ੀ ਸਰਕਾਰ ਵੱਲੋਂ ਪ੍ਰਦਾਨ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਭਵਿੱਖ ਵਿੱਚ ਜ਼ਿਆਦਾ ਉਤਪਾਦਨ ਲੈਣ ਲਈ ਸਾਨੂੰ ਤੁਪਕਾ ਸਿੰਚਾਈ ਵਰਗੀਆਂ ਤਕਨੀਕਾਂ ਵੱਲ ਤੁਰਨਾ ਪਵੇਗਾ। ਤੁਪਕਾ ਸਿੰਚਾਈ ਨਾਲ ਅਸੀਂ ਜ਼ਿਆਦਾ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਾਂ । ਉਹਨਾਂ ਕਿਹਾ ਕਿ ਜੇਕਰ ਅਸੀਂ ਪਾਣੀ ਦੀ ਮਹੱਤਤਾ ਨਾ ਸਮਝੀ ਤਾਂ ਅਗਲਾ ਮਹਾਯੁੱਧ ਪਾਣੀ ਲਈ ਹੀ ਹੋਵੇਗਾ । ਸ੍ਰੀ ਸਿੰਘ ਨੇ ਘਰੇਲੂ ਬਗੀਚੀ ਦੀ ਮਹੱਤਤਾ ਨੂੰ ਦਰਸਾਉਦਿਆਂ ਕਿਹਾ ਕਿ ਖੇਤੀ ਦਾ ਜ਼ਰੂਰੀ ਅੰਗ ਹੈ ਬਾੜੀ । ਬਾੜੀ ਤੋਂ ਭਾਵ ਹੈ ਘਰ ਦੀ ਖਪਤ ਲਈ ਸਬਜ਼ੀਆਂ, ਫ਼ਲਾਂ ਅਤੇ ਦਾਲਾਂ ਦੀ ਕਾਸ਼ਤ ਕਰਨਾ ਹੈ । ਉਹਨਾਂ ਕਿਹਾ ਕਿ ਖੇਤੀ ਨੂੰ ਲਾਹੇਵੰਦ ਬਨਾਉਣ ਲਈ ਸਾਨੂੰ ਸਹਾਇਕ ਕਿੱਤਿਆਂ ਨੂੰ ਅਪਨਾਉਣਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਪੰਜਾਬ ਵਿੱਚ ਲਸਣ ਅਤੇ ਅਜਵੈਣ, ਮਸਾਲਿਆਂ ਦੀ ਖੇਤੀ ਨੂੰ ਪ੍ਰਫੁਲਿਤ ਕਰਨ ਦੇ ਲਈ ਸਾਢੇ 12 ਕਰੋੜ ਦੀ ਰਾਸ਼ੀ ਰੱਖੀ ਗਈ ਹੈ ।
ਇਸ ਮੌਕੇ ਸ. ਤੋਤਾ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਮੰਡੀਕਰਨ ਦੀ ਪ੍ਰਣਾਲੀ ਨੂੰ ਹੋਰ ਬੇਹਤਰ ਕਰਨਾ ਪਵੇਗਾ ਤਾਂ ਜੋ ਕਿਸਾਨ ਆਪਣੀ ਉਪਜ ਦਾ ਚੋਖਾ ਲਾਭ ਲੈ ਸਕੇ । ਉਹਨਾਂ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਪੰਜਾਬ ਦੀ ਕਿਰਸਾਨੀ ਤੋਂ ਜਾਣੂੰ ਹੋਣ ਦੇ ਲਈ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ ।
ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਹੇ । ਉਹਨਾਂ ਯੂਨੀਵਰਸਿਟੀਆਂ ਵੱਲੋਂ ਯੋਜਨਾਵਾਂ ਕਿਸਾਨਾਂ ਤ¤ਕ ਪਹੁੰਚਾਉਣ ਦੇ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਯੋਜਨਾਵਾਂ ਦੇ ਲਾਭਪਾਤਰੀਆਂ ਨੇ ਆਪਣੇ ਵਿਚਾਰ ਮਾਣਯੋਗ ਸ੍ਰੀ ਰਾਧਾ ਮੋਹਨ ਸਿੰਘ ਜੀ ਨਾਲ ਸਾਂਝੇ ਕੀਤੇ । ਸਮਾਗਮ ਦਾ ਸੰਚਾਲਨ ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਨੇ ਕੀਤਾ। ਦੌਰਾਨ ਇਹਨਾਂ ਲਾਭਪਾਤਰੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਦੋਹਾਂ ਯੂਨੀਵਰਸਿਟੀਆਂ ਦੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਗਾਈ ਗਈ ।