ਵਾਸ਼ਿੰਗਟਨ – ਅਮਰੀਕਾ ਵਿੱਚ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਕਿ ਪੈਰਿਸ ਵਿੱਚ ਹੋਇਆ ਇਤਿਹਾਸਿਕ ਜਲਵਾਯੂ ਸਮਝੌਤਾ ਅਮਰੀਕਾ ਦੇ ਹਿਤਾਂ ਦੇ ਖਿਲਾਫ਼ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਉਹ ਰਾਸ਼ਟਰਪਤੀ ਬਣਨਗੇ ਤਾਂ ਇਹ ਸਮਝੌਤਾ ਰੱਦ ਕਰਕੇ ਨਵੀਂ ਊਰਜਾ ਨੀਤੀ ਲਿਆਂਦੀ ਜਾਵੇਗੀ।
ਟਰੰਪ ਨੇ ਉਤਰੀ ਡਕੋਟਾ ਵਿੱਚ ਕਿਹਾ ਕਿ ਅਮਰੀਕਾ ਕੋਲ ਓਪੇਕ ਦੇਸ਼ਾਂ ਦੇ ਮੁਕਾਬਲੇ ਡੇਢ ਗੁਣਾ ਵੱਧ ਤੇਲ ਹੈ। ਰੂਸ ਦੇ ਮੁਕਾਬਲੇ ਤਿੰਨ ਗੁਣਾ ਵੱਧ ਕੋਇਲਾ ਅਤੇ ਰੂਸ, ਇਰਾਨ, ਕਤਰ ਅਤੇ ਸਾਊਦੀ ਅਰਬ ਤੋਂ ਵੱਧ ਪ੍ਰਾਕ੍ਰਿਤਕ ਗੈਸ ਹੈ। ਸਾਡੇ ਕੋਲ 500 ਖਰਬ ਡਾਲਰ ਦੀ ਗੈਸ ਅਤੇ ਤੇਲ ਦਾ ਅਜਿਹਾ ਭੰਡਾਰ ਹੈ ਜਿਸ ਦਾ ਲਾਭ ਨਹੀਂ ਉਠਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਪੈਰਿਸ ਵਿੱਚ ਹੋਏ ਜਲਵਾਯੂ ਸਮਝੌਤੇ ਨੂੰ ਰੱਦ ਕਰ ਦੇਣਗੇ। ਉਨ੍ਹਾਂ ਅਨੁਸਾਰ ਆਪਣੀਆਂ ਊਰਜਾ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਸਾਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ।