ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਾਰੇ ਸਟਾਫ਼ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ਾਂ ਦੇ ਆਧਾਰ ਤੇ ਸਟਾਫ਼ ਦੀ ਬਕਾਇਆ ਲਗਭਗ 75 ਕਰੋੜ ਰੁਪਏ ਦੀ ਰਕਮ ਦਾ ਪੂਰਣ ਭੁਗਤਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਕਮੇਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਜੀ.ਕੇ. ਨੇ ਦੱਸਿਆ ਕਿ ਜਦ ਅਸੀਂ 27 ਫਰਵਰੀ 2013 ਨੂੰ ਕਮੇਟੀ ਦੀ ਸੇਵਾ ਸੰਭਾਲੀ ਤਾਂ ਸਕੂਲਾਂ ਦੇ ਸਟਾਫ਼ ਨੂੰ ਅਸੀਂ ਆਪਣੇ ਚੋਣ ਮਨੋਰਥ ਪੱਤਰ ਦੇ ਆਧਾਰ ਤੇ ਤਣਖਾਹ ਕਮਿਸ਼ਨ ਦੀ ਸਿਫਾਰਸ਼ਾ ਨੂੰ ਪੂਰਣ ਤੌਰ ਤੇ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ। ਸਕੂਲਾਂ ਦੀ ਮਾਲੀ ਹਾਲਤ ਦਾ ਆਕਲਨ ਕਰਨ ਦੇ ਬਾਅਦ ਕਮੇਟੀ ਵੱਲੋਂ ਮਈ 2014 ਤੋਂ ਸਾਰੇ ਸਟਾਫ਼ ਨੂੰ 6ਵੇਂ ਤਣਖਾਹ ਕਮਿਸ਼ਨ ਦੇ ਆਧਾਰ ਤੇ ਤਣਖਾਹ ਦਾ ਭੁਗਤਾਨ ਸ਼ੁਰੂ ਕੀਤਾ ਗਿਆ ਸੀ ਅਤੇ 2003 ਤੋਂ ਚਲੀ ਆ ਰਹੀ ਲਗਭਗ 11 ਸਾਲ ਦੀ ਬਕਾਇਆ 125 ਕਰੋੜ ਰੁਪਏ ਦੀ ਰਕਮ ’ਚੋਂ 40 ਫੀਸਦੀ ਦਾ ਭੁਗਤਾਨ ਕਰਨ ਦਾ ਵੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀ ਜੋ ਕਿ ਹੁਣ ਸਟਾਫ਼ ਨੂੰ ਮਿਲ ਚੁੱਕਿਆ ਹੈ।
ਜੀ.ਕੇ. ਨੇ ਕਿਹਾ ਕਿ ਅਸੀਂ ਸਕੂਲਾਂ ਦੇ ਮੌਜੂਦਾ ਸਟਾਫ਼ ਦੇ ਇਲਾਵਾ ਸੇਵਾ ਮੁਕਤ ਹੋ ਚੁੱਕੇ ਸਟਾਫ਼ ਨੂੰ ਵੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਹੈ ਕਿਉਂਕਿ ਕਮੇਟੀ ਸਟਾਫ਼ ਦਾ ਕੋਈ ਵੀ ਹਕ ਸਕੂਲਾਂ ਤੇ ਬਕਾਇਆ ਨਹੀਂ ਰੱਖਣਾ ਚਾਹੁੰਦੀ ਹੈ ਇਸ ਲਈ ਕਮੇਟੀ ਵੱਲੋਂ ਬਕਾਇਆ 60 ਫੀਸਦੀ ਰਕਮ ਦਾ ਵੀ ਭੁਗਤਾਨ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸਦੇ ਬਾਰੇ ਕਮੇਟੀ ਦੇ ਵਕੀਲ ਛੇਤੀ ਹੀ ਅਦਾਲਤ ਵਿਚ ਆਪਣਾ ਪੱਖ ਰੱਖ ਕੇ ਅਦਾਲਤ ਨੂੰ ਇਸ ਫੈਸਲੇ ਦੀ ਜਾਣਕਾਰੀ ਦੇਣਗੇ। ਜੀ.ਕੇ. ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਟਾਫ਼ ਦੇ ਨਾਲ ਕੀਤੇ ਗਏ ਸਾਰੇ ਵਾਇਦੇ ਪੂਰੀ ਨੇਕਨੀਅਤੀ ਨਾਲ ਨਿਭਾਉਣ ਦਾ ਕਾਰਜ ਕੀਤਾ ਹੈ। ਜੀ.ਕੇ. ਨੇ ਇਸ ਮਸਲੇ ਤੇ ਰਾਜਨੀਤੀ ਕਰ ਰਹੇ ਲੋਕਾਂ ਨੂੰ ਸੁਵੀਧਾ ਦੀ ਰਾਜਨੀਤੀ ਬੰਦ ਕਰਨ ਦੀ ਵੀ ਸਲਾਹ ਦਿੱਤੀ। ਵਿਰਾਸਤ ’ਚ ਘਾਟੇ ਵਿਚ ਮਿਲੇ ਸਕੂਲਾਂ ’ਚ ਨਵੇਂ ਬੱਚਿਆਂ ਦੀ ਭਰਤੀ ਵੱਡੇ ਪੱਧਰ ਤੇ ਕਰਨ ਕਰਕੇ ਅਤੇ ਖਰਚਿਆਂ ਤੇ ਨਵੀਂ ਭਰਤੀਆਂ ਤੇ ਲਗਾਮ ਲਗਾਉਣ ਕਰਕੇ ਹੁਣ ਸਕੂਲਾਂ ਦੇ ਘਾਟੇ ਤੋਂ ਬਾਹਰ ਨਿਕਲਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਘਾਟੇ ਵਿਚ ਚਲਦੇ ਸਕੂਲਾਂ ਦੇ ਖਾਤੇ ਨੂੰ ਫਾਇਦੇ ਵਿਚ ਤੋਰਨ ਨੂੰ ਲਾਲ ਸਿਆਹੀ ਤੋਂ ਨੀਲੀ ਸਿਆਹੀ ਵੱਲ ਭੇਜਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਅੱਜ ਵੀ ਕਮੇਟੀ ਸਕੂਲਾਂ ਵਿਚ 450 ਵਾਧੂ ਸਟਾਫ਼ ਪੁਰਾਣੇ ਪ੍ਰਬੰਧਕ ਦੀ ਨਾਲਾਇਕੀ ਕਰਕੇ ਹੋਣ ਦਾ ਵੀ ਦਾਅਵਾ ਕੀਤਾ।
ਕਮੇਟੀ ਦੀ ਸਕੂਲੀ ਸਿੱਖਿਆ ਕਾਉਂਸਿਲ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਸਕੂਲਾਂ ’ਚ ਬੋਰਡ ਪ੍ਰੀਖਿਆ ਦੇ ਬੇਹਤਰ ਨਤੀਜੇ ਆਉਣ ਦੀ ਗੱਲ ਕਰਦੇ ਹੋਏ ਬਕਾਇਆ ਰਕਮ ਲਗਭਗ 1700 ਬੰਦਿਆਂ ਦੇ ਸਟਾਫ਼ ਨੂੰ ਮਿਲਣ ਦਾ ਵੀ ਦਾਅਵਾ ਕੀਤਾ। ਕਮੇਟੀ ਦੇ ਕਈ ਸਕੂਲਾਂ ’ਚ ਇਸ ਵਾਰ 12ਵੀਂ ਜਮਾਤ ਦੇ ਨਤੀਜੇ 100 ਫੀਸਦੀ ਆਉਣ ਦੀ ਵੀ ਕਾਲਕਾ ਨੇ ਜਾਣਕਾਰੀ ਦਿੱਤੀ।