ਨਵੀਂ ਦਿੱਲੀ : ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇੱਕ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਜੀ.ਕੇ. ਤੇ ਸਿਰਸਾ ਦਿੱਲੀ ਦੀਆਂ ਸੰਗਤਾਂ ਨੂੰ ਮਹਿਰੋਲੀ ਵਿਖੇ ਸਾਢੇ ਸੱਤ ਏਕੜ ਪਾਰਕ ਦਾ ਨਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ‘ਤੇ ਰੱਖੇ ਜਾਣ ਤੇ ਉਨ੍ਹਾਂ ਦਾ ਇੱਕ ਵਿਸ਼ਾਲ ਬੁੱਤ ਪਾਰਕ ਵਿੱਚ ਲਾਏ ਜਾਣ ਦੇ ਸਬੰਧ ਵਿੱਚ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਡੀ.ਡੀ.ਏ. ਨੇ ਅੱਜ ਤੱਕ ਇਸ ਪਾਰਕ ਦਾ ਨਾਮ ਰੱਖੇ ਜਾਣ ਅਤੇ ਬੁੱਤ ਦੀ ਸਥਾਪਨਾ ਬਾਰੇ ਕੋਈ ਅਧਿਕਾਰਿਕ ਆਦੇਸ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਰੀ ਨਹੀਂ ਕੀਤਾ ਹੈ।
ਸ੍ਰ. ਸਰਨਾ ਨੇ ਕਿਹਾ ਕਿ ਬਿਨ੍ਹਾਂ ਡੀ.ਡੀ.ਏ. ਦੀ ਆਗਿਆ ਦੇ ਜੀ.ਕੇ. ਤੇ ਸਿਰਸਾ ਨੇ ਇਸ ਪਾਰਕ ‘ਤੇ ਲੱਖਾਂ ਰੁਪਏ ਖਰਚ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ ਕਰਨ ਵਾਸਤੇ ਕੰਕਰੀਟ ਦਾ ਪਲੇਟਫਾਰਮ ਬਣਾਉਣਾ ਆਰੰਭ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 2 ਦਿਨ ਪਹਿਲਾਂ ਡੀ.ਡੀ.ਏ. ਨੇ ਦਿੱਲੀ ਕਮੇਟੀ ਨੂੰ ਬੁੱਤ ਦੀ ਸਥਾਪਨਾ ਲਈ ਉਸਾਰੇ ਜਾ ਰਹੇ ਪਲੇਟਫਾਰਮ ਦਾ ਕੰਮ ਤੁਰੰਤ ਬੰਦ ਕਰਨ ਤੇ ਉਥੇ ਪਏ ਬਿਲਡਿੰਗ ਮਟੀਰੀਅਲ ਨੂੰ ਹਟਾਉਣ ਲਈ ਮੌਖਿਕ ਆਦੇਸ਼ ਕੀਤੇ ਹਨ, ਜਿਸ ਦੀ ਪਾਲਣਾ ਕਰਦੇ ਹੋਏ ਕਮੇਟੀ ਨੇ ਨਿਰਮਾਣ ਕਾਰਜ ਬੰਦ ਕਰ ਦਿੱਤਾ ਹੈ ਤੇ ਬਿਲਡਿੰਗ ਮਟੀਰੀਅਲ ਵੀ ਚੁੱਕਕੇ ਦਿੱਲੀ ਕਮੇਟੀ ਦੇ ਦਫਤਰ ਵਿਖੇ ਲੈ ਆਂਦਾ ਹੈ।
ਸ੍ਰ. ਸਰਨਾ ਨੇ ਕਿਹਾ ਜਿਸ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਜਨਰਲ ਚੋਣਾਂ ਸਮੇਂ ਜੀ.ਕੇ., ਸਿਰਸਾ ਅਤੇ ਇਨ੍ਹਾਂ ਦੇ ਰਾਜਨੀਤਕ ਆਕਾ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਦਿ¤ਲੀ ਦੀਆਂ ਸਿੱਖ ਸੰਗਤਾਂ ਕਈ ਮੁੱਦਿਆਂ ‘ਤੇ ਗੁੰਮਰਾਹ ਕਰਕੇ ਚੋਣਾਂ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ, ਉਸੇ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਦੁਬਾਰਾ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਡੀ.ਡੀ.ਏ. ਦੀ ਆਗਿਆ ਬਿਨ੍ਹਾਂ ਹੀ ਪਾਰਕ ਦਾ ਰੱਖਣ ਅਤੇ ਬੁੱਤ ਦੀ ਸਥਾਪਨਾ ਕਰਨ ਵਰਗੇ ਕਾਰਜਾਂ ਦੀ ਘੋਸ਼ਣਾ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਚੱਕਰਵਿਊ ਰਚਿਆ ਜਾ ਰਿਹਾ ਹੈ ਤਾਂਕਿ ਆਉਣ ਵਾਲੀਆਂ ਕਮੇਟੀ ਦੀਆਂ ਚੋਣਾਂ ਵਿੱਚ ਇਸ ਦਾ ਫਾਇਦਾ ਲਿਆ ਜਾ ਸਕੇ।
ਸ੍ਰ. ਸਰਨਾ ਨੇ ਕਿਹਾ ਕਿ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਪਾਰਕ ਵਿੱਚ ਬੁੱਤ ਦੀ ਸਥਾਪਨਾ ਕਰਨ ਸਬੰਧੀ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚ ਗਏ ਉਸ ਸਮੇਂ ਉਹ ਭਲੀ ਭਾਂਤੀ ਜਾਣਦੇ ਸਨ ਕਿ ਡੀ.ਡੀ.ਏ. ਨੇ ਪਾਰਕ ਦਾ ਨਾਮ ਬਦਲਣ ਜਾਂ ਬੁੱਤ ਦੀ ਸਥਾਪਨਾ ਸਬੰਧਿਤ ਕੋਈ ਅਧਿਕਾਰਿਕ ਆਗਿਆ ਕਮੇਟੀ ਨੂੰ ਨਹੀਂ ਦਿੱਤੀ ਹੈ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਜੀ.ਕੇ. ਤੇ ਸਿਰਸਾ ਦੁਆਰਾ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਰਚੇ ਗਏ ਛੜਅੰਤਰ ਵਿੱਚ ਭਾਗੀਦਾਰ ਅਤੇ ਅਹਿਮ ਭੂਮਿਕਾ ਹੋਣ ਦੀ ਪੁਸ਼ਟੀ ਕੀਤੀ ਹੈ।
ਸ੍ਰ. ਸਰਨਾ ਨੇ ਕਿਹਾ ਕਿ ਜੀ.ਕੇ. ਅਤੇ ਸਿਰਸਾ ਨੇ ਪੰਜਾਬ ਸਰਕਾਰ ਤੋਂ 25 ਕਰੋੜ ਰੁਪਏ ਇਸ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਲਈ ਪ੍ਰਾਪਤਕੀਤੇ ਹਨ ਤੇ ਇਹ ਪੈਸੇ ਕਿੰਨਾਂ-ਕਿੰਨਾਂ ਕਾਰਜਾਂ ਲਈ ਖਰਚ ਕੀਤੇ ਜਾ ਰਹੇ ਹਨ, ਇਸ ਦਾ ਬਿਉਰਾ ਨਾਲ-ਨਾਲ ਹੀ ਸੰਗਤਾਂ ਨੂੰ ਦੇਣਾ ਚਾਹੀਦਾ ਹੈ। ਪ੍ਰੰਤੂ ਇਹ ਅਜਿਹਾ ਨਹੀਂ ਕਰ ਰਹੇ। ਇਸ ਲਈ ਇਸ ਪੈਸੇ ਦੇ ਖਰਚ ਦੇ ਹਿਸਾਬ ਕਿਤਾਬ ਦੀ ਜਾਂਚ ਹੋਣੀ ਜ਼ਰੂਰੀ ਹੈ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਕਿਤਨਾ ਪੈਸਾ ਸ਼ਤਾਬਦੀ ਸਮਾਰੋਹਾਂ ‘ਤੇ ਖਰਚ ਹੋ ਰਿਹਾ ਹੈ ਤੇ ਕਿਤਨਾ ਪੈਸਾ ਇਨ੍ਹਾਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ।
ਸ੍ਰ. ਸਰਨਾ ਨੇ ਕਿਹਾ ਜੇਕਰ ਡੀ.ਡੀ.ਏ. ਦੁਆਰਾ ਇਸ ਪਾਰਕ ਦਾ ਨਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ‘ਤੇ ਰੱਖਣ ਤੇ ਉਨ੍ਹਾਂ ਦਾ ਬੁੱਤ ਇਥੇ ਸਥਾਪਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਤਾਂ ਉਸ ਸੂਰਤ ਵਿੱਚ ਇਸ ਪਾਰਕ ਤੇ ਬੁੱਤ ਨੂੰ ਲੈਕੇ ਖਰਚ ਕੀਤੇ ਗਏ ਲੱਖਾਂ ਰੁਪਏ ਜੀ.ਕੇ. ਤੇ ਸਿਰਸਾ ਦੇ ਵਿਅਕਤੀਗਤ ਖਾਤਿਆਂ ‘ਚੋਂ ਵਸੂਲ ਕਰਕੇ ਕਮੇਟੀ ਦੇ ਖਾਤਿਆਂ ਵਿੱਚ ਜਮ੍ਹਾਂ ਹੋਣੇ ਚਾਹੀਦੇ ਹਨ।
ਪਿਛਲੇ ਦਿਨੀਂ ਜਥੇਦਾਰ ਕੁਲਦੀਪ ਸਿੰਘ ਕਰੋਲਬਾਗ ਸੀਨੀਅਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡੀਆਂ ਹੋਈਆਂ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਭੁਲਾਕੇ ਮੁੜ ਸ਼੍ਰੋਮਣੀਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋਣ ਦਾ ਜੋ ਫੈਸਲਾ ਕੀਤਾ ਹੈ, ਅਸੀਂ ਉਨ੍ਹਾਂ ਦਾ ਭਰਪੂਰ ਸੁਆਗਤ ਕਰਦੇ ਹਾਂ। ਸ੍ਰ. ਸਰਨਾ ਨੇ ਉਮੀਦ ਜਿਤਾਈ ਕਿ ਉਹ ਪਹਿਲੇ ਦੀ ਤਰ੍ਹਾਂ ਆਪਣੇ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਾਲਿਸੀ ਪ੍ਰੋਗਰਾਮਾਂ ਨੂੰ ਵਧੇਰੇ ਪ੍ਰਚਾਰਿਤ ਕਰਦਿਆਂ ਹੋਇਆਂ ਇਲਾਕੇ ਵਿੱਚ ਪਾਰਟੀ ਦੇ ਆਧਾਰ ਨੂੰ ਹੋਰ ਮਜ਼ਬੂਤ ਬਣਾਉਣਗੇ।