ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਸਹਿਯੋਗ ਨਾਲ ‘ਗੁਰਬਾਣੀ ’ਚ ਸਮਾਜਿਕ ਬਰਾਬਰੀ ਦਾ ਸੰਕਲਪ’ ਵਿਸ਼ੇ ’ਤੇ ਡਾ. ਭਾਈ ਜੋਧ ਸਿੰਘ ਯਾਦਗਾਰੀ ਲੈਕਚਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਡਾ. ਸਰਦਾਰਾ ਸਿੰਘ ਜੌਹਲ ਜੀ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਡਾ. ਭਾਈ ਜੋਧ ਸਿੰਘ ਬੜੇ ਦਿ੍ਰੜ ਪ੍ਰਬੰਧਕ ਸਨ, ਇਕ ਸੰਸਥਾ ਸਨ।ਗੁਰਬਾਣੀ ਦਾ ਸੰਗਤ ਦਾ ਸੰਕਲਪ ਸਾਡੇ ਸਮਾਜਿਕ ਪ੍ਰਾਣੀ ਦੀ ਸਿਰਜਣਾ ਕਰਦੀ ਹੈ। ਸਹਿਜਧਾਰੀ ਸਿੱਖਾਂ ਨੂੰ ਸਿੱਖੀ ਤੋਂ ਪਾਸੇ ਕਰਨਾ ਭਾਈ ਜੋਧ ਸਿੰਘ ਹੋਰਾਂ ਦੀ ਸੋਚ ਦੀ ਖਿਲਾਫ ਹੈ। ਲੈਕਚਰ ਲਈ ਪ੍ਰਮੁੱਖ ਬੁਲਾਰੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਸਨ। ਲੈਕਚਰ ਦਾ ਵਿਸ਼ਾ ‘ਗੁਰਬਾਣੀ ਵਿਚ ਸਮਾਜਿਕ ਬਰਾਬਰੀ ਦਾ ਸੰਕਲਪ’ ਰੱਖਿਆ ਗਿਆ ਸੀ। ਜੀ ਆਇਆਂ ਆਖਦਿਆਂ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਭਾ. ਭਾਈ ਜੋਧ ਸਿੰਘ ਜੀ ਆਜ਼ਾਦੀ ਸੰਗਰਾਮ ਦੀਆਂ ਪੈਦਾ ਕੀਤੀਆਂ ਕਦਰਾਂ ਕੀਮਤਾਂ ਵਿਚ ਵਿਰਸੇ ਦੀ ਸੰਭਾਲ ਕਰਨ ਵਾਲਿਆਂ ਦੀ ਪੀੜ੍ਹੀ ਦੇ ਮੋਢੀ ਵਿਦਵਾਨ ਸਨ। ਗੁਰਬਾਣੀ ਉਹਨਾਂ ਦੇ ਅਧਿਐਨ ਦਾ ਪਹਿਲ ਦਾ ਵਿਸ਼ਾ ਰਿਹਾ ਹੈ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਉਪ ਕੁਲਪਤੀ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਬਾਨੀ ਪ੍ਰਧਾਨ ਸਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰੋਗਰਾਮ ਦੇ ਕਰਨਵੀਨਰ ਡਾ. ਅਨੂਪ ਸਿੰਘ ਨੇ ਡਾ. ਭਾਈ ਜੋਧ ਸਿੰਘ ਜੀ ਸ਼ਖ਼ਸੀਅਤ ਅਤੇ ਗੁਰਬਾਣੀ ਬਾਰੇ ਉਨ੍ਹਾਂ ਦੁਆਰਾ ਕੀਤੇ ਵਡਮੁੱਲੇ ਕਾਰਜ ਦੀ ਸੰਖੇਪ ਜਾਣਕਾਰੀ ਦਿੱਤੀ।
ਡਾ. ਰਤਨ ਸਿੰਘ ਜੱਗੀ ਹੋਰਾਂ ਗੱਲ ਕਰਦਿਆਂ ਆਖਿਆ ਕਿ ਸਮਾਜਿਕ ਬਰਾਬਰੀ ਵਜੋਂ ਗੁਰਬਾਣੀ ਦਾ ਸਤ ਸੰਗਤ ਦਾ ਸੰਕਲਪ ਕੇਂਦਰੀ ਸੂਤਰ ਬਣਦਾ ਹੈ। ਸੇਵਾ ਵਿਸ਼ੇਸ਼ ਕਰਕੇ ਸ਼ਖ਼ਸੀਅਤ ਉਸਾਰੀ ਦੀ ਜੁਗਤ ਵਜੋਂ, ਸੇਵਾ ਨਾਲ ਹਉਮੈ ਰਹਿਤ ਹੋ ਕੇ ਭਾਈ ਘਨੱਈਏ ਵਰਗੀ ਸਮਾਜਿਕ ਸ਼ਖ਼ਸੀਅਤ ਪੈਦਾ ਕੀਤੀ। ਵਰਣ ਵੰਡ ਤੋਂ ਰਹਿਤ ਸਮਾਜ ਦੀ ਸਿਰਜਣਾ ਲਈ ਸਭ ਤੋਂ ਵੱਡੀ ਦੇਣ ਗੁਰੂ ਨਾਨਕ, ਗੁਰੂ ਸਾਹਿਬਾਨ ਅਤੇ ਗੁਰਬਾਣੀ ਦੀ ਹੈ। ਗੁਰੂ ਸਾਹਿਬ ਦੀਆਂ ਸੰਘਰਸ਼ ਕਰਨ ਵਾਲੀਆਂ ਸਫਾਂ ਵਿਚ ਵਧੇਰੇ ਕਰਕੇ ਪਛੜੀਆਂ ਸ਼੍ਰੇਣੀਆਂ ਦੇ ਲੋਕ ਸਨ। ਆਸ਼ਰਮ ਦੀਆਂ ਚਾਰ ਸਟੇਜਾਂ ਦੀ ਥਾਂ ਤੇ -ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪੋ ਦਾ ਨਿਆਰਾ ਰਸਤਾ ਦੱਸਿਆ। ਗ੍ਰਹਿਸਤ ਵਿਚ ਔਰਤ ਦੀ ਵਿਸ਼ੇਸ਼ ਭੂਮਿਕਾ ਹੈ। ਦਾਸੀਆਂ ਨੂੰ ਗ੍ਰਹਿਸਤ ਜੀਵਨ ਲਈ ਪ੍ਰੇਰਿਆ।
ਪ੍ਰੋ. ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਉਪਦੇਸਿਆ ਸੀ ਕਿ ਤੁਹਾਨੂੰ ਵਿਭਿੰਨ ਪ੍ਰਵਿਰਤੀਆਂ ਵਾਲੇ ਲੋਕ ਮਿਲਣਗੇ ਤੁਸੀਂ ਉਹਨਾਂ ਨਾਲ ਕੁਦਰਤੀ ਸਾਧਨਾ ਦੇ ਇਨਸਾਫ਼ ਅਤੇ ਸਹਿਜ ਪਹੁੰਚ ਨਾਲ ਵਿਹਾਰ ਕਰੋ। ਗੁਰਬਾਣੀ ਅਨੁਸਾਰ ਕਿਰਤ, ਕੀਰਤ, ਸੰਵਾਦ ਅਤਿ ਜ਼ਰੂਰੀ ਹੈ ਪਰ ਮੌਕੇ ਘਟ ਰਹੇ ਹਨ। ਇੰਜ. ਜਸਵੰਤ ਜ਼ਫ਼ਰ ਨੇ ਆਖਿਆ ਕਿ ਸਿੱਖੀ ਦੀਆਂ ਦਾਹਵੇਦਾਰ ਧਿਰਾਂ ਦਾ ਕਿਰਤ ਨਾਲੋਂ ਸੰਬੰਧ ਟੁੱਟਿਆ ਹੋਇਆ ਹੈ। ਅਸੀਂ ਗੁਰੂ ਤੇ ਗਿਆਨ ਨਾਲ ਇਕਮਿਕ ਨਹੀਂ ਹੋ ਰਹੇ। ਗਰੰਥੀ ਤੋਂ ਬਿਨਾਂ ਜਿਵੇਂ ਸਾਡਾ ਗੁਜਾਰਾ ਹੀ ਨਹੀਂ। ਗੁਰਬਾਣੀ ਦੇ ਫ਼ਲਸਫ਼ੇ ਅਨੁਸਾਰ ਸਿਖੀ ਦੀ ਸ਼ਰੂਆਤ ਅਜੇ ਹੋਣੀ ਹੈ।
ਡਾ. ਸਰੂਪ ਸਿੰਘ ਅਲੱਗ ਨੇ ਕਿਹਾ ਡਾ. ਭਾਈ ਜੋਧ ਸਿੰਘ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਗੁਰਬਾਣੀ ਦੀਆਂ ਸਿਖਿਆਵਾਂ ਤੇ ਅਮਲ ਕਰਕੇ ਸਾਨੂੰ ਆਪਣਾ ਅਤੇ ਸਮਾਜਿਕ ਜੀਵਨ ਸਫ਼ਲ ਬਣਾਉਣ ਦਾ ਯਤਨ ਕਰਨਾ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਨੇ ਕਿਹਾ ਕਿ ਡਾ. ਜੋਧ ਸਿੰਘ ਸੱਚ ਤੇ ਸੁੱਚ ਦੀ ਨਿਡਰਤਾ ’ਤੇ ਪਹਿਰਾ ਦਿੰਦੇ ਰਹੇ। ਗੁਰਮੁਖੀ ਲਿੱਪੀ ਦੇ ਮਸਲੇ ’ਤੇ ਇਕ ਵਾਰੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ਼ ਦਿ੍ਰੜ ਸਟੈਂਡ ਲੈਣਾ ਪੈ ਗਿਆ ਸੀ। ਉਹ ਇਕ ਸੱਚੇ ਸਿੱਖ ਵਜੋਂ ਕਹਿਣੀ ਤੇ ਕਰਣੀ ਦੇ ਪੱਕੇ ਸਨ।
ਇਸ ਮੌਕੇ ਹਾਊਸ ਵੱਲੋਂ ਸਰਬਸੰਮਤੀ ਨਾਲ ਦੋ ਮਤੇ ਪਾਸ ਕੀਤੇ ਗਏ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਵੋਕੇਸ਼ਨਲ ਵਿਸ਼ਿਆਂ ਦੇ ਬਰਾਬਰ ਰੱਖਣ ਦਾ ਸੀ.ਬੀ.ਐੱਸ.ਸੀ. ਪਿੱਛੇ ਕੀਤਾ ਫੈਸਲਾ ਅਕਾਡਮੀ ਅਤੇ ਦਿੱਲੀ ਅਕਾਡਮੀ ਦੇ ਯਤਨਾਂ ਨਾਲ ਵਾਪਸ ਲੈ ਲਿਆ ਹੈ। ਅੱਜ ਦਾ ਇਹ ਇਕੱਠ ਗਲਤ ਫੈਸਲਾ ਵਾਪਸ ਲੈਣ ਦੀ ਪ੍ਰਸੰਸਾ ਕਰਦਾ ਹੈ। ਅਤੇ ਮੰਗ ਕਰਦਾ ਹੈ ਕਿ ਕੇਂਦਰ ਸਰਕਾਰ ਗੈ੍ਰਜੂਏਸ਼ਨ ਤੱਕ ਹਿੰਦੀ ਲਾਜ਼ਮੀ ਤੌਰ ’ਤੇ ਪੜ੍ਹਾਉਣ ਦਾ ਯੂੁ.ਜੀ.ਸੀ. ਦਾ ਸਰਕੂਲਰ ਰੱਦ ਕਰੇ ਅਤੇ ਪਹਿਲਾਂ ਤੋਂ ਪਰਖਿਆ ਹੋਇਆ ਤਿੰਨ ਭਾਸ਼ਾਈ ਫਾਰਮੂਲਾ ਸਹੀ ਅਰਥਾਂ ਵਿਚ ਲਾਗੂ ਕਰੇ। ਸਮੁੱਚੇ ਇਕੱਠ ਨੇ ਇਹ ਵੀ ਮੰਗ ਕੀਤੀ ਕਿ ਹਰਿਆਣਾ ਪ੍ਰਦੇਸ਼ ਵਿਚ ਪੰਜਾਬੀ ਸਾਹਿਤ ਅਕਾਡਮੀ ਹਰਿਆਣਾ ਦੀ ਹੋਂਦ ਅਤੇ ਖ਼ੁਦ ਮੁਖਤਿਆਰੀ ਨੂੰ ਕਾਇਮ ਰਖਿਆ ਜਾਵੇ। ਅੰਤ ਵਿਚ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਮੁੱਚੇ ਲੈਕਚਰ ਵਿਚ ਡਾ. ਰਤਨ ਸਿੰਘ ਜੱਗੀ ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਅਤੇ ਇਕੱਤਰ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਬਾਣੀ ਤੋਂ ਰੌਸ਼ਨੀ ਲੈ ਕੇ ਸਾਨੂੰ ਸੰਸਥਾਈ ਚਿੰਨ੍ਹ ਜੋ ‘ਸਿੱਖਾਸ਼ਾਹੀ’ ਰਾਹੀਂ ਸਥਾਪਤੀ ਦੀ ਪਹੁੰਚ ਦਾ ਝਉਲਾ ਪਾਉਦੇ ਹਨ ਅਤੇ ਇਹ ਪਹੁੰਚ ਗੁਰਬਾਣੀ ਦੇ ਬਰਾਬਰੀ ਦੇ ਸੰਕਲਪ ਦੇ ਵਿਰੋਧ ਵਿਚ ਭੁਗਤਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਸ਼ਰਨ ਕੌਰ ਜੱਗੀ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ, ਡਾ. ਹਰਵਿੰਦਰ ਸਿੰਘ ਸਿਰਸਾ, ਸਿਰੀ ਰਾਮ ਅਰਸ਼, ਭੁਪਿੰਦਰ ਸਿੰਘ ਸੰਧੂ, ਸੁਖਦਰਸ਼ਨ ਗਰਗ, ਅਜੀਤ ਪਿਆਸਾ, ਤਰਸੇਮ ਬਰਨਾਲਾ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਰਾਮਪੁਰੀ, ਡਾ. ਹਰਵਿੰਦਰ ਕੌਰ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਕੁਲਵਿੰਦਰ ਕੌਰ ਮਿਨਹਾਸ, ਡਾ. ਰਣਜੀਤ ਸਿੰਘ, ਪਰਗਟ ਸਿੰਘ, ਤਰਲੋਚਨ ਸਿੰਘ ਬੇਦੀ, ਸਤੀਸ਼ ਗੁਲਾਟੀ ਭਗਵਾਨ ਢਿੱਲੋਂ, ਵਰਗਿਸ ਸਲਾਮਤ, ਓਮ ਪ੍ਰਕਾਸ਼ ਭਗਤ, ਡਾ. ਸੁਖਚੈਨ ਸਿੰਘ, ਨਰਿੰਦਰ ਸਿੰਘ, ਸੁਖਰਾਮ, ਭੁਪਿੰਦਰ ਸਿੰਘ ਧਾਲੀਵਾਲ, ਮਹਿੰਦਰ ਸਿੰਘ ਗਰੇਵਾਲ, ਮੇਘ ਗੋਇਲ, ਮਹਿੰਦਰ ਸਿੰਘ ਪੁਰਬਾ, ਰਾਮ ਸਰੁਪ ਰਿਖੀ, ਜਸਵੰਤ ਸਿੰਘ ਅਮਨ, ਸੁਰਜੀਤ ਜੱਜ, ਨਛੱਤਰ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।