ਨਵੀਂ ਦਿੱਲੀ : ਪੰਜਾਬ ਦੇ ਗੜ੍ਹੀ ਗੁਰਦਾਸਨੰਗਲ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਨੀਵਾਰ ਸ਼ਾਮ ਨੂੰ ਸਿੰਘੂ ਬਾਰਡਰ ਪੁਜਣ ਤੇ ਜੋਰਦਾਰ ਸੁਆਗਤ ਕੀਤਾ ਗਿਆ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਕਮੇਟੀ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਨੂੰ ਜੀ ਆਇਆ ਕਿਹਾ। ਦਿੱਲੀ ਕਮੇਟੀ ਵੱਲੋਂ ਇਸ ਮੌਕੇ ਤੇ ਵਿਸ਼ੇਸ਼ ਸਟੇਜ਼, ਸਵਾਗਤੀ ਗੇਟ ਅਤੇ ਸੰਗਤਾਂ ਲਈ ਲੰਗਰਾਂ ਦੇ ਸਟਾਲ ਵੀ ਲਗਾਏ ਗਏ ਸਨ। ਸਟੇਜ ਤੇ ਢਾਡੀ ਜਥਿਆ ਨੇ ਢਾਡੀ ਪ੍ਰਸੰਗਾਂ ਦਾ ਗਾਇਨ ਕਰਕੇ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਬੀਰ ਸਿੰਘ ਵਿਰਕ ਕਮੇਟੀ ਮੈਂਬਰਾਂ ਸਣੇ ਨਗਰ ਕੀਰਤਨ ਦੇ ਨਾਲ ਸਨ।
ਨਗਰ ਕੀਰਤਨ ਵਿਚ ਸ਼ਾਮਿਲ ਪੰਜ ਪਿਆਰਿਆਂ, ਸ਼੍ਰੋਮਣੀ ਕਮੇਟੀ ਸਟਾਫ਼ ਅਤੇ ਸ਼ੋ੍ਰਮਣੀ ਕਮੇਟੀ ਮੈਂਬਰਾਂ ਦਾ ਸਨਮਾਨ ਦਿੱਲੀ ਕਮੇਟੀ ਵੱਲੋਂ ਕੀਤਾ ਗਿਆ। ਦਿੱਲੀ ਕਮੇਟੀ ਤੋਂ ਇਲਾਵਾ ਸਿੰਘ ਸਭਾਵਾਂ ਅਤੇ ਸੇਵਕ ਜਥਿਆ ਵੱਲੋਂ ਵੀ ਸਿੰਘੂ ਬਾਰਡਰ ਤੋਂ ਨਗਰ ਕੀਰਤਨ ਦੇ ਰਾਤ ਦੇ ਵਿਸ਼ਰਾਮ ਦੀ ਥਾਂ ਗੁਰਦੁਆਰਾ ਮਜ਼ਨੂੰ ਟਿੱਲਾ ਸਾਹਿਬ ਦੇ ਰਸਤੇ ਤਕ ਠੰਡੇ ਮਿੱਠੇ ਜਲ ਦੀ ਛਬੀਲਾਂ ਅਤੇ ਲੰਗਰਾਂ ਦੇ ਵੀ ਸਟਾਲ ਲਗਾਏ ਗਏ ਸਨ। ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਲੀ ਕਮੇਟੀ ਵੱਲੋਂ ਨਗਰ ਕੀਰਤਨ ਦੇ ਸੁਆਗਤ ਮੌਕੇ ਪੁਜਣ ਤੇ ਸਿਰੋਪਾਉ ਦਿੱਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਨਾ, ਕੁਲਮੋਹਨ ਸਿੰਘ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਕੈਪਟਨ ਇੰਦਰਪ੍ਰੀਤ ਸਿੰਘ, ਹਰਦੇਵ ਸਿੰਘ ਧਨੌਆ, ਜੀਤ ਸਿੰਘ, ਹਰਵਿੰਦਰ ਸਿੰਘ ਕੇ.ਪੀ., ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ, ਰਵਿੰਦਰ ਸਿੰਘ ਲਵਲੀ ਅਤੇ ਜਸਬੀਰ ਸਿੰਘ ਜੱਸੀ ਮੌਜੂਦ ਸਨ।