ਨਵੀਂ ਦਿੱਲੀ : ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਤੋਂ ਐਤਵਾਰ ਸਵੇਰੇ ਗੁਰਦੁਆਰਾ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਤਕ ਨਗਰ ਕੀਰਤਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਪਾਸੋਂ ਅਰਦਾਸ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਨਿਹੰਗ ਸਿੰਘ ਜਥੇਬੰਦੀ ਬਾਬਾ ਬੁੱਢਾ ਦਲ ਦੇ ਬਾਬਾ ਬਲਬੀਰ ਸਿੰਘ 96 ਕਰੋੜੀ, ਤਰਨਾ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਹਰੀਆਵੇਲਾ, ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਸੁੱਚਾ ਸਿੰਘ ਲੰਗਾਹ, ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਣ ਸਿੰਘ ਆਦਿਕ ਨੇ ਸੰਗਤਾਂ ਨੂੰ ਸੰਬੋਧਿਤ ਵੀ ਕੀਤਾ।
ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਤੇ ਧੰਨਵਾਦ ਜਤਾਉਂਦੇ ਹੋਏ ਸਮੂਹ ਜਥੇਬੰਦੀਆਂ ਦੇ ਮੁਖੀਆਂ ਨੂੰ ਜੀ ਆਇਆ ਵੀ ਕਿਹਾ। ਜੀ.ਕੇ. ਨੇ ਦਾਅਵਾ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਇਤਿਹਾਸ ਅਨਗੋਲਿਆਂ ਗਿਆ ਸੀ ਉਹ ਹੁਣ ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ਤੇ ਸ਼ਹੀਦੀ ਸ਼ਤਾਬਦੀ ਮਨਾਉਣ ਉਪਰੰਤ ਮੁੜ ਤੋਂ ਉਜਾਗਰ ਹੋਵੇਗਾ। ਜੀ.ਕੇ. ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਕਮੇਟੀ ਨੇ 2014 ਤੋਂ ਲਗਾਤਾਰ ਹਰ ਵਰ੍ਹੇ ਲਾਲ ਕਿੱਲੇ ਤੇ ਦਿੱਲੀ ਫਤਹਿ ਦਿਵਸ ਮਨਾ ਕੇ ਦਿੱਲੀ ਦੇ ਫਤਹਿ ਦੇ ਇਤਿਹਾਸ ਨੂੰ ਇੱਕ ਪੱਛਾਣ ਦਿੱਤੀ ਹੈ ਉਸੇ ਤਰਾਂ੍ਹ ਹੀ ਆਸ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵੀ ਹੁਣ ਬੱਚੇ-ਬੱਚੇ ਨੂੰ ਪਤਾ ਚਲ ਜਾਵੇਗਾ। ਜੀ.ਕੇ. ਨੇ ਦਿੱਲੀ ਸਰਕਾਰ ਵੱਲੋਂ ਬਾਬਾ ਜੀ ਦੇ ਬੁੱਤ ਨੂੰ ਮਹਿਰੌਲੀ ਵਿਖੇ ਲਗਾਉਣ ਦੀ ਮਨਜੂਰੀ ਨਾ ਦਿੱਤੇ ਜਾਣ ਦੀ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਗਤਾਂ ਪਾਸੋਂ ਜੈਕਾਰਿਆਂ ਦੀ ਗੂੰਜ ਵਿਚ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁੱਤ ਲਾਉਣ ਦੀ ਮਨਜੂਰੀ ਦੇਣ ਦਾ ਮਤਾ ਵੀ ਦੋਨਾਂ ਬਾਹਵਾਂ ਖੜੀਆਂ ਕਰਵਾ ਕੇ ਪਾਸ ਕਰਵਾਇਆ।
ਗਿਆਨੀ ਗੁਰਬਚਨ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਇਤਿਹਾਸ ਨੂੰ ਸੰਭਾਲਣ ਵਾਸਤੇ ਕੀਤੇ ਜਾ ਰਹੇ ਕੰਮਾਂ ਨੂੰ ਪੰਥ ਲਈ ਜਰੂਰੀ ਦੱਸਿਆ। ਬੁਲਾਰਿਆਂ ਨੇ ਦਿੱਲੀ ਕਮੇਟੀ ਵੱਲੋਂ ਬਾਬਾ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਕੀਤੇ ਜਾ ਰਹੇ ਜਤਨਾਂ ਦੀ ਸਲਾਘਾ ਕਰਦੇ ਹੋਏ ਦਿੱਲੀ ਸਰਕਾਰ ਵੱਲੋਂ ਬਾਬਾ ਜੀ ਦੇ ਬੁੱਤ ਨੂੰ ਲਗਾਉਣ ਵਾਸਤੇ ਖੜੇ ਕੀਤੇ ਜਾ ਰਹੇ ਅੜਿਕਿਆਂ ਦੀ ਵੀ ਨਿਖੇਧੀ ਕੀਤੀ ਗਈ।
ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਖੈਬਰ ਪਾਸ ਚੌਂਕ, ਦਿੱਲੀ ਯੂਨੀਵਰਸਿਟੀ, ਮਾਲ ਰੋਡ, ਹਕੀਕਤ ਨਗਰ, ਬੰਦਾ ਸਿੰਘ ਬਹਾਦਰ ਰੋਡ, ਭਾਈ ਪਰਮਾਨੰਦਰ ਰੋਡ, ਗੁਰੂ ਤੇਗ ਬਹਾਦਰ ਨਗਰ ਚੌਂਕ, ਵਿਜੈ ਨਗਰ ਚੌਂਕ, ਗੁਰਦੁਆਰਾ ਸਾਹਿਬ ਕਲਿਆਣ ਵਿਹਾਰ, ਗੁਰਦੁਆਰਾ ਨਾਨਕ ਪਿਆਊ, ਰਾਣਾ ਪ੍ਰਤਾਪ ਬਾਗ, ਗੁੜ ਮੰਡੀ, ਸ਼ਕਤੀ ਨਗਰ ਚੌਂਕ, ਘੰਟਾਘਰ ਚੌਂਕ, ਬਰਫ਼ਖਾਨਾ, ਸੈਂਟ ਸਟੀਫ਼ਨ ਹਸਪਤਾਲ, ਪੁਲ ਮਠਿਆਈ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ, ਕੌੜੀਆ ਪੁੱਲ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਲਾਲ ਕਿੱਲਾ, ਦਰਿਆਗੰਜ, ਦਿੱਲੀ ਗੇਟ, ਅੰਬੇਡਕਰ ਸਟੇਡੀਅਮ, ਆਈ.ਟੀ.ਓ., ਪ੍ਰਗਤੀ ਮੈਦਾਨ, ਚਿੜਿਆਘਰ, ਗੁਰਦੁਆਰਾ ਦਮਦਮਾ ਸਾਹਿਬ, ਭੋਗਲ, ਆਸ਼ਰਮ, ਲਾਜਪਤ ਨਗਰ, ਏਮਸ, ਅਰਵਿੰਦੋ ਮਾਰਗ ਤੋਂ ਹੁੰਦਾ ਹੋਇਆ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਦੇਰ ਰਾਤ ਸਮਾਪਤ ਹੋਇਆ।
ਰਾਹ ਵਿਚ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਥਾਂ-ਥਾਂ ਤੇ ਨਗਰ ਕੀਰਤਨ ਨੂੰ ਜੀ ਆਇਆ ਕਿਹਾ। ਇਸ ਨਗਰ ਕੀਰਤਨ ਦਾ ਦੀਦਾਰ ਸੰਗਤਾ ਨੇ ਦਿੱਲੀ ਦੇ ਦੱਸ ਇਤਿਹਾਸਿਕ ਗੁਰਦੁਆਰਿਆਂ ਵਿਚੋਂ ਪੰਜ ਇਤਿਹਾਸਿਕ ਗੁਰਦੁਆਰਿਆਂ ਵਿਚ ਨਗਰ ਕੀਰਤਨ ਰੂਟ ਦੌਰਾਨ ਕੀਤਾ ਗਿਆ । ਨਗਰ ਕੀਰਤਨ ਵਿਚ ਸੰਗਤਾ ਨੇ ਪਾਲਕੀ ਸਾਹਿਬ ਤੋਂ ਇਲਾਵਾ ਇਤਿਹਾਸਿਕ ਸ਼ਸ਼ਤਰਾਂ ਵਾਲੀ ਬਸ ਦੇ ਵੀ ਦਰਸ਼ਨ ਕੀਤੇ। ਦਿੱਲੀ ਕਮੇਟੀ ਵੱਲੋਂ ਇਸ ਮੌਕੇ ਤੇ ਮਹਿਰੌਲੀ ਵਿਖੇ ਸ਼ਾਮ ਦੇ ਗੁਰਮਤਿ ਸਮਾਗਮ ਦਾ ਵੀ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ ਅਤੇ ਜਸਬੀਰ ਸਿੰਘ ਜੱਸੀ ਵੀ ਮੌਜੂਦ ਸਨ।