ਚੰਡੀਗੜ੍ਹ- ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਦੇ ਰਾਜਸਭਾ ਮੈਂਬਰ ਲਈ ਨਾਮਜ਼ਦਗੀ ਪੇਪਰ ਭਰਨ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਨੇਤਾ ਉਥੇ ਮੌਜੂਦ ਸਨ। ਅੰਬਿਕਾ ਸੋਨੀ ਦਾ ਪੰਜਵੀਂ ਵਾਰ ਰਾਜਸਭਾ ਮੈਂਬਰ ਚੁਣੇ ਜਾਣਾ ਲਗਭੱਗ ਤੈਅ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੀਆਂ ਨੀਤੀਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਬਾਦਲ ਸਰਕਾਰ ਹਰ ਮੋਰਚੇ ਤੇ ਅਸਫ਼ਲ ਸਾਬਿਤ ਹੋਈ ਹੈ।
ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿ਼ਅਦ ਦਾ ਢਾਂਚਾ ਜਲਦੀ ਹੀ ਟੁੱਟਣ ਵਾਲਾ ਹੈ ਅਤੇ ਇਸਦਾ ਇੱਕ ਬਹੁਤ ਵੱਡਾ ਹਿੱਸਾ ਪਾਰਟੀ ਨਾਲੋਂ ਵੱਖ ਹੋ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੈ। ਉਨ੍ਹਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਆਪਣੀ ਲੀਡਰਸ਼ਿਪ ਤੋਂ ਬਹੁਤ ਨਿਰਾਸ਼ ਹਨ ਅਤੇ ਜਲਦੀ ਹੀ ਬਹੁਤ ਵੱਡਾ ਧਮਾਕਾ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਇਸ ਵਾਰ ਰਾਜ ਵਿੱਚ ਕਾਂਗਰਸ ਭਾਰੀ ਬਹੁਮੱਤ ਨਾਲ ਸਰਕਾਰ ਬਣਾਵੇਗੀ।
ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਮਹਾਂਗਠਬੰਧਨ ਦੀ ਗੱਲ ਕਰਦੇ ਹੋਏ ਕਿਹਾ ਕਿ ਚੋਣਾਂ ਨਜ਼ਦੀਕ ਆਉਣ ਤੇ ਹੋਰ ਪਾਰਟੀਆਂ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਨੌਜਵਾਨ ਵਰਗ ਨੂੰ ਤਰਜੀਹ ਦਿੰਦੇ ਹੋਏ ਕਿਹਾ ਕਿ ਇਸ ਵਾਰ 35 ਦੇ ਕਰੀਬ ਸੀਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ।