ਲੁਧਿਆਣਾ – ਪੰਜਾਬ ਦੇ ਸਾਰੇ ਯੋਗਤਾ ਟੈਸਟ ਪਾਸ ਹੋਏ ਵੈਟਨਰੀ ਡਿਪਲੋਮਾ ਹੋਲਡਰਾਂ ਦੀ ਮੀਟਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਚ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਵਿਚ ਹੋਈ। ਜਿਸ ਵਿਚ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਬੇਰੁਜ਼ਗਾਰ ਡਿਪਲੋਮਾ ਹੋਲਡਰਾਂ ਦੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਨਵੰਬਰ2016 ਨੂੰ ਪਸ਼ੂ ਪਾਲਣ ਵਿਭਾਗ ਵੱਲੋਂ 175 ਅਸਾਮੀਆਂ ਵਿਚੋਂ ਬਾਕੀ ਰਹਿੰਦੀਆਂ 70 ਪੋਸਟਾਂ ਦਾ ਇਸ਼ਤਿਹਾਰ ਦਿੱਤਾ ਗਿਆ। ਜਿਸ ਵਿਚ ਪੂਰੇ ਪੰਜਾਬ ਵਿਚੋਂ 116 ਯੋਗ ਉਮੀਦਵਾਰਾਂ ਨੇ 13 ਮਾਰਚ 2016 ਨੂੰ ਯੋਗਤਾ ਟੈਸਟ ਦਿੱਤਾ। ਜਿਸ ਵਿਚੋਂ 109 ਉਮੀਦਵਾਰ ਪਾਸ ਹੋਏ। ਇਹਨਾਂ 70 ਪੋਸਟਾਂ ਵਿਚੋਂ ਸਿਰਫ਼ ਰਿਜਰਵ ਕੋਟੇ ਦੇ 28 ਉਮੀਦਵਾਰਾਂ ਦੀ ਨਿਯੁਕਤੀ ਸਬੰਧੀ 25 ਮਈ 2016 ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਆਪਣੀ ਵੈਬਸਾਈਟ ਤੇ ਪਾ ਦਿੱਤੀ ਗਈ।
ਉਹਨਾਂ ਨੇ ਕਿਹਾ ਕਿ ਪਸ਼ੂ ਪਾਲਣ ਮੰਤਰੀ ਪੰਜਾਬ ਦਾ ਆਏ ਦਿਨ ਬਿਆਨ ਆ ਰਹੇ ਹਨ ਕਿ ਵਿਭਾਗ ਵਿਚ 1500 ਅਸਾਮੀਆਂ ਜਲਦੀ ਭਰੀਆਂ ਜਾਣਗੀਆਂ। ਇਹਨਾਂ ਅਸਾਮੀਆਂ ਵਿਚੋਂ ਵੈਟਨਰੀ ਇੰਸਪੈਕਟਰਜ਼ ਦੀਆਂ ਅਸਾਮੀਆਂ ਨੂੰ ਵੀ ਕੈਬਨਿਟ ਤੋਂ ਮਨਜੂਰੀ ਮਿਲ ਚੁੱਕੀ ਹੈ। ਇਹਨਾਂ ਮਨਜੂਰ ਹੋਈਆਂ ਅਸਾਮੀਆਂ ਵਿਚ ਐਡਜਸਟ ਕਰਨ ਲਈ ਮੰਤਰੀ ਅਤੇ ਡਾਇਰਕੈਟਰ ਨੂੰ ਕਈ ਵਾਰ ਮਿਲ ਵੀ ਚੁੱਕੇ ਹਨ। ਅੱਜ ਲੁਧਿਆਣਾ ਵਿਖੇ ਯੋਗਤਾ ਟੈਸਟ ਪਾਸ ਹੋਏ ਵੈਟਨਰੀ ਡਿਪਲੋਮਾ ਹੋਲਡਰਾਂ ਨੇ ਆਪਣੇ ਸਰਟੀਫਿਕੇਟਾਂ ਦੀਆਂ ਕਾਪੀਆਂ ਅਤੇ ਵਿਭਾਗਾਂ ਵੱਲੋਂ ਨਿਯੁਕਤ ਕੀਤੇ 28 ਵੈਟਨਰੀ ਇੰਸਪੈਕਟਰ ਦੇ ਆਰਡਰਾਂ ਦੀਆਂ ਕਾਪੀਆਂ ਵੀ ਸਾੜੀਆ ਅਤੇ ਉਹਨਾਂ ਨੇ ਕਿਹਾ ਕਿ ਅਗਰ ਉਹਨਾਂ ਦੀਆਂ ਮੰਗ ਨਾ ਮੰਨੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਦੇ ਹੋਏ ਚੰਡੀਗੜ੍ਹ ਦਫ਼ਤਰ ਅੱਗੇ ਮਰਨ ਵਰਤ ਤੇ ਬੈਠਣਗੇ। ਇਸ ਮੌਕੇ ਨਵਤਿੰਦਰ ਸਿੰਘ ਢਿੱਲੋਂ, ਨਵਜੀਤ ਸਿੰਘ, ਬਿਕਰਮਜੀਤ ਸਿੰਘ, ਕਰਨਬੀਰ ਸਿੰਘ, ਮਨਵੀਰ ਸਿੰਘ, ਰਜਿੰਦਬੀਰ ਸਿੰਘ ਨਵਜੋਤ ਸਿੰਘ ਆਦਿ ਸ਼ਾਮਲ ਸਨ।