ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਆਯੋਜਿਤ ਕੀਤੀ ਗਈ ਨੌਕਰੀ ਚੋਣ ਪ੍ਰਤੀਯੋਗਤਾ ਦੌਰਾਨ ਯੂਨੀਵਰਸਿਟੀ ਅਧੀਨ ਚੱਲ ਰਹੇ ਖੇਤੀਬਾੜੀ ਕਾਲਜ ਦੇ 30 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਉੱਘੀ ਖੇਤੀਬਾੜੀ ਕੰਪਨੀ ਇਫਕੋ ਵੱਲੋਂ ਨੌਕਰੀ ਮੇਲੇ ਦੌਰਾਨ ਸ਼ਾਮਲ ਬੀ. ਐੱਸਸੀ ਐਗਰੀਕਲਚਰ ਦੇ 90 ਵਿਦਿਆਰਥੀਆਂ ਵਿਚੋਂ 30 ਵਿਦਿਆਰਥੀਆਂ ਦੀ ਚੋਣ ਵੱਖ-ਵੱਖ ਪੜਾਵਾਂ ਅਧੀਨ ਮੁਕਾਬਲਿਆਂ ਤੋਂ ਬਾਅਦ ਕੀਤੀ ਗਈ। ਆਪਣੇ ਫਾਈਨਲ ਇਮਤਿਹਾਨਾਂ ਤੋਂ ਬਾਅਦ ਚੁਣੇ ਗਏ ਇਹ ਵਿਦਿਆਰਥੀ ਕੰਪਨੀ ਵਿਖੇ ਆਪਣੀਆਂ ਸੇਵਾਵਾਂ ਦੇਣ ਲਈ ਹਾਜ਼ਰ ਹੋਣਗੇ ਜਿੱਥੇ ਉਨ੍ਹਾਂ ਨੂੰ 2.50 ਲੱਖ ਸਲਾਨਾ ਪੈਕੇਜ ਉਕਤ ਕੰਪਨੀ ਵੱਲੋਂੱ ਮੁਹੱਈਆ ਕਰਵਾਇਆ ਜਾਵੇਗਾ।
ਇਫਕੋ ਕੰਪਨੀ ਦੇ ਸਟੇਟ ਮੈਨੇਜਰ ਸ਼੍ਰੀ. ਏ. ਕੇ. ਚਾਵਲਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬਾਅਦ ਸਿਰਫ ਗੁਰੂ ਕਾਸ਼ੀ ਯੂਨੀਵਰਸਿਟੀ ਹੀ ਅਜਿਹਾ ਵਿਦਿਅਕ ਅਦਾਰਾ ਹੈ ਜਿੱਥੋਂ ਦੇ ਵਿਦਿਆਰਥੀਆਂ ਦੀ ਸ਼ਖਸ਼ੀਅਤ, ਗੁਣਵੱਤਾ ਅਤੇ ਕਾਰਗੁਜ਼ਾਰੀ ਨੇ ਮੈਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗੀ ਵਿੱਦਿਆ ਵੀ ਵਿਦਿਆਰਥੀਆਂ ਨੂੰ ਬੜੀ ਸ਼ਿੱਦਤ ਦੇ ਨਾਲ ਪ੍ਰਦਾਨ ਕਰ ਰਹੀ ਹੈ।
ਯੂਨੀਵਰਸਿਟੀ ਦੇ ਪ੍ਰਬੰਧਕੀ ਅਫਸਰ ਗੁਰਦੇਵ ਸਿੰਘ ਕੋਟਫੱਤਾ, ਖੇਤੀਬਾੜੀ ਕਾਲਜ ਦੇ ਡੀਨ ਡਾ. ਅਜਮੇਰ ਸਿੰਘ ਸਿੱਧੂ ਅਤੇ ਮੈਡਮ ਮਨਪ੍ਰੀਤ ਕੌਰ ਧਾਲੀਵਾਲ ਨੇ ਇਸ ਨੌਕਰੀ ਚੋਣ ਮੇਲੇ ਲਈ ਵਿਸ਼ੇਸ਼ ਤਹੱਈਆ ਕੀਤਾ। ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਯੂਨੀਵਰਸਿਟੀ ਦੇ ਸਟਾਫ ਨੂੰ ਵੀ ਵਧਾਈ ਦੇ ਪਾਤਰ ਦਰਸਾਇਆ, ਜਿਨ੍ਹਾਂ ਦੀ ਰਹਿਨੁਮਾਈ ਹੇਠ ਇਹ ਵਿਦਿਆਰਥੀ ਇਸ ਮੁਕਾਮ ਤੱਕ ਪੁੱਜਣਯੋਗ ਹੋਏ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਨ੍ਹਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਵਧਾਈ ਦੇਂਦਿਆਂ, ਨੇੜ ਭਵਿੱਖ ਵਿਚ ਹੋਰ ਵੱਖ-ਵੱਖ ਨਾਮਵਰ ਕੰਪਨੀਆਂ ਵਿਚ ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਦੇ ਭਰੋਸੇ ਨੂੰ ਦੁਹਰਾਇਆ।