ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਹੁਣ ਭਾਜਪਾ ਦੇ ਵਿਰੁੱਧ ਕੋਈ ਮੋਰਚਾ ਨਹੀਂ ਸਗੋਂ ਮਾਹੌਲ ਬਣਾਉਣਗੇ। ਵੀਰਵਾਰ ਨੂੰ ਜਦਯੂ ਪ੍ਰਧਾਨ ਬਣਨ ਤੋਂ ਬਾਅਦ ਪਟਨਾ ਵਿੱਚ ਪਾਰਟੀ ਅਹੁਦੇਦਾਰਾਂ ਦੀ ਹੋਈ ਪਹਿਲੀ ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਜਦਯੂ ਹੁਣ ਨਾ ਤਾਂ ਕਿਸੇ ਮੋਰਚੇ ਦੀ ਗੱਲ ਕਰੇਗਾ ਅਤੇ ਨਾ ਹੀ ਨਤੀਸ਼ ਕੁਮਾਰ ਨੂੰ ਪ੍ਰਧਾਨਮੰਤਰੀ ਪਦ ਦਾ ਉਮੀਦਵਾਰ ਐਲਾਨੇਗਾ। ਉਹ ਬੀਜੇਪੀ ਵਿਰੋਧੀ ਦਲਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦਾ ਯਤਨ ਕਰਨਗੇ।
ਜਦਯੂ ਨੇ ਮਿਸ਼ਨ 2019 ਦੀ ਯੋਜਨਾ ਵਿੱਚ ਕੁਝ ਬਦਲਾਅ ਕੀਤੇ ਹਨ। ਇਸ ਬੈਠਕ ਵਿੱਚ ਪਾਰਟੀ ਦੇ ਨੇਤਾਵਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਜਦੋਂ ਤੱਕ ਕਿਸੇ ਵੀ ਹੋਰ ਰਾਜਨੀਤਕ ਦਲ ਨਾਲ ਗਠਬੰਧਨ ਦੀ ਗੱਲਬਾਤ ਕਿਸੇ ਠੋਸ ਮੁਕਾਮ ਤੇ ਨਹੀਂ ਪਹੁੰਚ ਜਾਂਦੀ ਤਦ ਤੱਕ ਇਸ ਸਬੰਧੀ ਕੋਈ ਵੀ ਜਾਣਕਾਰੀ ਲੀਕ ਨਾਂ ਕੀਤੀ ਜਾਵੇ। ਜਦਯੂ ਦੇ ਬੁਲਾਰੇ ਤਿਆਗੀ ਨੇ ਕਿਹਾ ਕਿ ਨਤੀਸ਼ ਕੁਮਾਰ ਦੇਸ਼ ਵਿੱਚ ਅਜਿਹਾ ਮਾਹੌਲ ਬਣਾਉਣਗੇ ਜਿਸ ਨਾਲ ਜੋ ਤਾਕਤਾਂ ਭਾਜਪਾ ਨੂੰ ਹਰਾਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਇੱਕ ਪਲੇਟਫਾਰਮ ਤੇ ਇੱਕਠਿਆਂ ਕੀਤਾ ਜਾਵੇ।