ਫ਼ਤਹਿਗੜ੍ਹ ਸਾਹਿਬ – “ਹਿੰਦ ਦੇ ਨਿਜ਼ਾਮੀ, ਫ਼ੌਜੀ ਅਤੇ ਰੱਖਿਆ ਦੇ ਪ੍ਰਬੰਧ ਵਿਚ ਵੱਡੀਆਂ ਕਮਜੋਰੀਆਂ ਹੋਣ ਦੇ ਕਾਰਨ ਅਤੇ ਫ਼ੌਜ ਨਾਲ ਸੰਬੰਧਤ ਅਫ਼ਸਰਾਂ ਵਿਚ ਰਿਸ਼ਵਤਖੋਰੀ ਅਤੇ ਸਿਆਸੀ ਦਬਾਅ ਦੇ ਵੱਧ ਜਾਣ ਕਾਰਨ ਕਿਸੇ ਸਮੇਂ ਵੀ ਵੱਡੇ ਦੁਖਾਂਤ ਨੂੰ ਸੱਦਾ ਦੇਣ ਦਾ ਕਾਰਨ ਬਣ ਸਕਦੀਆਂ ਹਨ । ਪੁਲਗਾਓ (ਮਹਾਂਰਾਸਟਰ) ਵਿਚ ਫ਼ੌਜ ਦੇ ਸਭ ਤੋ ਵੱਡੇ ਅਸਲਾਂ ਡੀਪੂ ਵਿਚ ਜੋ ਬੀਤੇ ਦਿਨੀਂ ਅੱਗ ਲੱਗ ਜਾਣ ਕਾਰਨ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ ਹੈ, ਉਸ ਪਿੱਛੇ ਵੀ ਅਜਿਹੇ ਦਾਗੀ ਇਨਸਾਨਾਂ ਦੀਆਂ ਸਾਜਿ਼ਸਾਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਜਿਵੇ ਪਠਾਨਕੋਟ ਏਅਰਬੇਸ ਤੇ ਹੋਏ ਹਮਲੇ ਦੇ ਸੰਬੰਧ ਵਿਚ ਫ਼ੌਜ, ਬੀ.ਐਸ.ਐਫ. ਤੇ ਪੁਲਿਸ ਨੇ ਸਪੱਸਟ ਕਿਹਾ ਹੈ ਕਿ ਸਾਡੀ ਨਜ਼ਰ ਵਿਚ ਇਸ ਹਮਲੇ ਦੌਰਾਨ ਪਾਕਿਸਤਾਨ ਤੋਂ ਕੋਈ ਦਾਖਲਾ ਨਹੀਂ ਹੋਇਆ । ਫਿਰ ਪਠਾਨਕੋਟ ਏਅਰਬੇਸ ਹਮਲਾ ਵੀ ਆਪਣੇ-ਆਪ ਵਿਚ ਸਾਜਿ਼ਸ ਨੂੰ ਹੀ ਪ੍ਰਤੱਖ ਕਰਦਾ ਹੈ । ਕਿਉਂਕਿ ਮਿਲਟਰੀ ਫ਼ੌਜੀ ਅਫ਼ਸਰਾਂ ਵੱਲੋਂ ਅਤੇ ਰੱਖਿਆ ਸੌਦਿਆਂ ਵਿਚ ਅਧਿਕਾਰੀਆਂ ਵੱਲੋਂ ਹੋ ਰਹੇ ਕਰੋੜਾਂ-ਅਰਬਾਂ ਰੁਪਏ ਦੇ ਘਪਲਿਆ, ਰਿਸਵਤਖੋਰੀ ਦੀ ਬਦੌਲਤ ਅਜਿਹਾ ਅਮਲ ਵਾਰ-ਵਾਰ ਹੋ ਰਿਹਾ ਹੈ । ਪਹਿਲੇ ਨੇਵੀ ਦੇ ਦਿੱਲੀ ਵਿਖੇ ਵਾਰ-ਰੂਮ ਵਿਚ ਫ਼ੌਜ ਦੇ ਅਤਿ ਭੇਦਭਰੇ ਦਸਤਾਵੇਜ਼ ਚੋਰੀ ਹੋਏ, ਫਿਰ ਨੇਵੀ ਦੀ ਪਣਡੁੱਬੀ ਅਤੇ ਨੇਵੀ ਜਹਾਜ ਤਬਾਹ ਹੋਏ, ਜਦੋਂ ਫ਼ੌਜੀ ਭੇਦ ਅਤੇ ਅਸਲਾਂ ਭੰਡਾਰਾਂ ਵਿਚ ਅਜਿਹਾ ਕੁਝ ਹੋ ਰਿਹਾ ਹੈ ਤਾਂ ਸੁਰੱਖਿਆ ਦੀ ਗਰੰਟੀ ਕਿਵੇ ਰਹਿ ਸਕਦੀ ਹੈ ? ਇਹ ਅੱਜ ਹਿੰਦ ਦੀ ਨੇਵੀ, ਮਿਲਟਰੀ ਅਤੇ ਹਵਾਈ ਫ਼ੌਜ ਦੇ ਦਾਇਰਿਆਂ ਅਤੇ ਰੱਖਿਆ ਮਾਮਲਿਆ ਵਿਚ ਗੰਭੀਰ ਸਵਾਲ ਬਣਕੇ ਸਾਹਮਣੇ ਆ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ੌਜ ਦੇ ਪੁਲਗਾਓ ਸਭ ਤੋਂ ਵੱਡੇ ਅਸਲਾਂ ਡੀਪੂ ਵਿਖੇ ਬੀਤੇ ਦਿਨੀਂ ਲੱਗੀ ਅੱਗ ਅਤੇ ਕੁਝ ਸਮੇਂ ਪਹਿਲੇ ਦਿੱਲੀ ਦੇ ਨੇਵੀ ਦੇ ਵਾਰ-ਰੂਮ ਵਿਚੋਂ ਭੇਦਭਰੇ ਦਸਤਾਵੇਜ਼ ਚੋਰੀ ਹੋ ਜਾਣ ਦੇ ਅਮਲਾਂ ਉਤੇ ਤਿੱਖਾ ਪ੍ਰਤੀਕ੍ਰਮ ਜ਼ਾਹਰ ਕਰਦੇ ਹੋਏ ਮੁਤੱਸਵੀ ਮੋਦੀ ਹਕੂਮਤ ਵੱਲੋਂ ਹਿੰਦ ਦੀਆਂ ਤਿੰਨੇ ਸੈਨਾਵਾਂ ਵਿਚ ਹਿੰਦੂਤਵ ਸੋਚ ਅਧੀਨ ਪ੍ਰਭਾਵ ਵੱਧ ਜਾਣ ਅਤੇ ਇਹਨਾਂ ਫ਼ੌਜੀ ਕੇਦਰਾਂ ਵਿਚ ਰਿਸਵਤਖੋਰੀ ਦੇ ਵੱਧ ਜਾਣ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਵਾਈ ਫ਼ੌਜ ਦੇ ਸਾਬਕਾ ਜਰਨੈਲ ਸ੍ਰੀ ਤਿਆਗੀ, ਜਿਨ੍ਹਾਂ ਨੇ ਏਅਰਫੋਰਸ ਦੇ ਹੈਲੀਕਪਟਰਾਂ ਵਿਚ ਵੱਡੀ ਰਿਸ਼ਵਤ ਖਾਧੀ ਹੈ ਅਤੇ ਉਹਨਾਂ ਉਤੇ ਅੱਜ ਇਹ ਦੋਸ਼ ਹਨ, ਅਜਿਹੇ ਅਮਲ ਸਪੱਸਟ ਕਰਦੇ ਹਨ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਬੇਸ਼ੱਕ ਰਾਜ ਪ੍ਰਬੰਧ ਕੀਤਾ ਜਾ ਰਿਹਾ ਹੈ, ਪਰ ਇਹਨਾਂ ਕੋਲ ਮਿਲਟਰੀ, ਨੇਵੀ ਅਤੇ ਏਅਰਫੋਰਸ ਦੇ ਸਾਜੋ-ਸਮਾਨ ਅਤੇ ਅਸਲਾ ਭੰਡਾਰਾਂ ਅਤੇ ਮਿਲਟਰੀ ਭੇਦ ਰੱਖਣ ਦਾ ਕੋਈ ਤੁਜ਼ਰਬਾ ਨਹੀਂ । ਜਿਸ ਕਾਰਨ ਤਿੰਨੋ ਸੈਨਾਵਾਂ ਵਿਚ ਵੱਡੇ ਪੱਧਰ ਤੇ ਬਹੁਤ ਵੱਡੇ ਗਬਨ ਵੀ ਹੋ ਰਹੇ ਹਨ ਅਤੇ ਫ਼ੌਜੀ ਪ੍ਰਬੰਧ ਅਸਤ-ਵਿਅਸਤ ਹੋ ਚੁੱਕਾ ਹੈ ।
ਜਦੋਂ ਅਮਰੀਕਾ ਹਿੰਦ ਨੂੰ ਨਿਊਕਲਰ ਤਕਨੀਕ ਅਤੇ ਹੋਰ ਫ਼ੌਜੀ ਸਹਾਇਤਾ ਦੇ ਰਿਹਾ ਹੈ, ਉਸ ਤੋ ਪਹਿਲੇ ਅਮਰੀਕਾ ਇਹ ਤਾਂ ਯਕੀਨੀ ਬਣਾਵੇ ਕਿ ਉਸ ਵੱਲੋ ਦਿੱਤੀ ਜਾ ਰਹੀ ਤਕਨੀਕ ਅਤੇ ਹੋਰ ਫ਼ੌਜੀ ਸਹਾਇਤਾ ਦੇ ਭੇਦ ਇਥੋ ਚੋਰੀ ਨਹੀਂ ਹੋ ਸਕਣਗੇ । ਫਿਰ ਜੋ ਸਟੇਟ ਆਪਣੀ ਰੱਖਿਆ ਦੇ ਅਤਿ ਗੁਪਤ ਭੇਦ ਅਤੇ ਅਸਲਾਂ ਡੀਪੂਆਂ ਦੀ ਰੱਖਿਆ ਕਰਨ ਦੇ ਹੀ ਸਮਰੱਥ ਨਹੀਂ ਅਤੇ ਜਿਸ ਹਿੰਦ ਨੇ ਅੱਜ ਤੱਕ ਐਨ.ਪੀ.ਟੀ. ਅਤੇ ਸੀ.ਟੀ, ਬੀ.ਟੀ. ਕੌਮਾਂਤਰੀ ਸੰਧੀਆਂ ਉਤੇ ਦਸਤਖ਼ਤ ਹੀ ਨਹੀਂ ਕੀਤੇ, ਉਸ ਹਿੰਦ ਨੂੰ ਅਮਰੀਕਾ ਐਨ.ਐਸ.ਜੀ (ਨਿਊਕਲਰ ਸਪਲਾਈਅਰ ਗਰੁੱਪ) ਦਾ ਮੈਂਬਰ ਬਣਾਉਣ ਲਈ ਕਿਉਂ ਕਾਹਲਾ ਪਿਆ ਹੋਇਆ ਹੈ?
ਫਿਰ ਅਮਰੀਕਾ ਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ 2002 ਵਿਚ ਗੁਜਰਾਤ ਵਿਚ ਸਾਜ਼ਸੀ ਢੰਗ ਨਾਲ ਜਿਸ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਹੋਵੇ ਅਤੇ ਉਹਨਾਂ ਦੀਆਂ ਮੁਸ਼ਲਿਮ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਦੇ ਹੋਏ ਦੀਆ ਵੀਡੀਓਜ਼ ਬਣਾਈਆ ਹੋਣ, ਫਿਰ 2013 ਵਿਚ 60 ਹਜ਼ਾਰ ਗੁਜਰਾਤ ਵਿਚ ਪੱਕੇ ਤੇ ਮਲਕੀਅਤ ਤੌਰ ਤੇ ਵੱਸੇ ਸਿੱਖ ਜਿੰਮੀਦਾਰਾਂ ਤੋ ਜਬਰੀ ਜਮੀਨਾਂ ਖੋਹਕੇ ਉਹਨਾਂ ਨੂੰ ਬੇਜ਼ਮੀਨੇ ਤੇ ਬੇਘਰ ਕਰ ਦਿੱਤਾ ਹੋਵੇ, ਅਜਿਹੇ ਅਣਮਨੁੱਖੀ ਕਾਰਵਾਈਆਂ ਦੇ ਮਾਲਕ ਸ੍ਰੀ ਮੋਦੀ ਨੂੰ ਅਮਰੀਕਾ ਆਪਣੀ ਧਰਤੀ ਤੇ ਬੁਲਾਕੇ ਆਪਣੇ ਦੋਵਾਂ ਪਾਰਲੀਮੈਂਟ ਦੇ ਹਾਊਸਾਂ ਨੂੰ ਸੁਬੋਧਿਤ ਕਰਵਾਉਣ ਦਾ ਪ੍ਰਬੰਧ ਕਰਕੇ ਦੁਨੀਆਂ ਨੂੰ ਕਿਹੋ ਜਿਹਾ ਸੰਦੇਸ਼ ਦੇਣਾ ਚਾਹੁੰਦਾ ਹੈ ? ਅਜਿਹੇ ਇਨਸਾਨ ਨੂੰ ਅਮਰੀਕਾ ਦੇ ਧਰਤੀ ਤੇ ਪੈਰ ਰੱਖਣ ਦੀ ਇਜ਼ਾਜਤ ਕਿਉਂ ਦਿੱਤੀ ਜਾ ਰਹੀ ਹੈ ?
ਫਿਰ ਜੋ ਏਸੀਆ ਖਿੱਤੇ ਦੇ ਪ੍ਰਮਾਣੂ ਮੁਲਕਾਂ ਦੇ ਫ਼ੌਜੀ ਸੰਤੁਲਨ ਦਾ ਮੁੱਦਾ ਹੈ, ਉਸ ਨੂੰ ਵੀ ਅਮਰੀਕਾ ਵੱਲੋ ਪਾਵਰ ਆਫ਼ ਬੈਂਲਸ ਬਣਾਕੇ ਰੱਖਣੀ ਚਾਹੀਦੀ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਅਮਰੀਕਾ ਹਿੰਦ ਨੂੰ ਤਾਂ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਦੀ ਉਲੰਘਣਾ ਕਰਕੇ ਫ਼ੌਜੀ ਸਹਾਇਤਾ ਅਤੇ ਨਿਊਕਲਰ ਤਕਨੀਕ ਖੁੱਲ੍ਹੇ ਰੂਪ ਵਿਚ ਦੇ ਰਿਹਾ ਹੈ । ਪਰ ਪਾਕਿਸਤਾਨ ਨੂੰ ਐਫ-16 ਹਵਾਈ ਜ਼ਹਾਜ ਵੀ ਨਹੀਂ ਦੇ ਰਿਹਾ ਜਿਸ ਨਾਲ ਏਸੀਆ ਖਿੱਤੇ ਦਾ ਫ਼ੌਜੀ ਸੰਤੁਲਨ ਬਿਲਕੁਲ ਡਾਵਾ ਡੋਲ ਹੋ ਗਿਆ ਹੈ । ਕਿਉਂਕਿ ਇਸ ਅਮਲ ਨਾਲ ਹਿੰਦ ਹਕੂਮਤ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ‘ਤੇ ਜ਼ਬਰ-ਜੁਲਮ ਕਰੇਗੀ, ਜਿਵੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਬਿਨ੍ਹਾਂ ਵਜਹ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸਮੁੱਚੇ ਪੰਜਾਬ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਨਵਾਂਸ਼ਹਿਰ, ਜਲੰਧਰ, ਫਿਰੋਜ਼ਪੁਰ ਆਦਿ ਥਾਵਾਂ ਤੇ ਸਿੱਖਾਂ ਦੀਆਂ ਗ੍ਰਿਫ਼ਤਾਰੀਆਂ ਲਈ ਪੁਲਿਸ ਵੱਲੋਂ ਗੈਰ-ਕਾਨੂੰਨੀ ਤਰੀਕੇ ਛਾਪੇ ਮਾਰੇ ਜਾ ਰਹੇ ਹਨ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ । ਦੂਸਰਾ ਅਜਿਹੇ ਅਮਲ ਨਾਲ ਜੇ ਨਿਊਕਲਰ ਜੰਗ ਹੋਈ ਤਾਂ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਜੰਗ ਲੱਗਣ ਦੇ ਅਸਾਰ ਵੱਧ ਜਾਂਦੇ ਹਨ, ਜਿਸ ਨਾਲ ਸਿੱਖ ਕੌਮ ਦੀ ਤਾਂ ਨਸ਼ਲਕੁਸੀ ਹੋ ਕੇ ਰਹਿ ਜਾਵੇਗੀ । ਇਸ ਲਈ ਅਮਰੀਕਾ ਨੂੰ ਇਸ ਦੱਖਣੀ ਏਸੀਆ ਖਿੱਤੇ ਦੇ ਪਾਵਰ ਆਫ਼ ਬੈਂਲਸ ਨੂੰ ਸੰਤੁਲਨ ਨੂੰ ਕਾਇਮ ਰੱਖਣਾ ਪਵੇਗਾ ।
ਸ. ਮਾਨ ਨੇ ਇਕ ਹੋਰ ਅਤਿ ਗੰਭੀਰ ਮੁੱਦੇ ਨੂੰ ਛੋਹਦੇ ਹੋਏ ਕਿਹਾ ਕਿ ਜੋ ਤਲਵੰਡੀ ਸਾਬੋ ਜਗ੍ਹਾ ਰਾਮ ਤੀਰਥ ਵਿਖੇ ਹਰਿਆਣੇ ਦੇ ਸੋਨੀਪਤ ਦੇ ਨਿਵਾਸੀ ਅਜੇ ਕੁਮਾਰ ਉਰਫ਼ ਕੰਨੂੰ ਨਾਮ ਦੇ ਵਿਅਕਤੀ ਨੂੰ ਪੁਲਿਸ ਨੇ ਪੰਜਾਬ ਦੀ ਸਰਹੱਦ ਵਿਚ ਇਕ ਗੈਂਗਸਟਰ ਕਹਿਕੇ ਸਰੀਰਕ ਤੌਰ ਤੇ ਖ਼ਤਮ ਕਰ ਦਿੱਤਾ ਹੈ, ਅਜਿਹੇ ਅਮਲ ਤਾਂ ਗੈਰ-ਕਾਨੂੰਨੀ, ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਹਨ । ਬੇਸ਼ੱਕ ਕੋਈ ਵੀ ਵਿਅਕਤੀ ਕਿਸੇ ਵੀ ਅਪਰਾਧ ਵਿਚ ਸ਼ਾਮਿਲ ਕਿਉਂ ਨਾ ਹੋਵੇ, ਉਸ ਨੂੰ ਪੁਲਿਸ ਵੱਲੋ ਮਾਰ ਦੇਣ ਦਾ ਕੋਈ ਕਾਨੂੰਨੀ ਹੱਕ ਨਹੀਂ । ਬਲਕਿ ਅਪਰਾਧੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਵਿਚ ਸਹਿਯੋਗ ਕਰਨਾ ਬਣਦਾ ਹੈ, ਨਾ ਕਿ ਕਿਸੇ ਨੂੰ ਮਾਰ ਦੇਣ ਦੇ ਅਮਲ । ਇਸੇ ਤਰ੍ਹਾਂ ਕੁਝ ਦਿਨ ਪਹਿਲੇ ਅਜਮੇਰ ਸਿੰਘ ਉਰਫ਼ ਜਿੰਮੀ ਨੂੰ ਵੀ ਬਠਿੰਡਾ-ਫ਼ਰੀਦਕੋਟ ਪੁਲਿਸ ਵੱਲੋਂ ਬਠਿੰਡਾ-ਫ਼ਰੀਦਕੋਟ ਦੀ ਸਰਹੱਦ ਤੇ ਗੈਂਗਸਟਰ ਗਰਦਾਨਕੇ ਮਾਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਬੀ.ਐਸ.ਐਫ. ਅਤੇ ਫ਼ੌਜ ਵੱਲੋ ਜੰਮੂ-ਕਸ਼ਮੀਰ ਅਤੇ ਪੰਜਾਬ ਦੀ ਸਰਹੱਦ ਉਤੇ ਵੱਖਵਾਦੀ ਜਾਂ ਸਮੱਗਲਰ ਗਰਦਾਨਕੇ ਬੀਤੇ ਸਮੇਂ ਵਿਚ ਕਈ ਵਿਅਕਤੀਆਂ ਨੂੰ ਮਾਰਿਆ ਗਿਆ ਹੈ । ਅਜਿਹੇ ਅਮਲ “ਜੰਗਲ ਦੇ ਰਾਜ” ਹੋਣ ਦਾ ਪ੍ਰਤੱਖ ਸਬੂਤ ਹਨ । ਇਥੇ ਕੋਈ ਕਾਨੂੰਨ, ਇਨਸਾਫ਼ ਅਤੇ ਕਿਸੇ ਇਨਸਾਨ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਲਗਾਓ ਦੇ ਅਸਲਾਂ ਡੀਪੂ ਵਿਚ ਅੱਗ ਲੱਗਣ ਅਤੇ ਨੇਵੀ ਦੇ ਵਾਰ-ਰੂਮ ਦੇ ਭੇਦ ਚੋਰੀ ਹੋਣ ਦੀ ਸੀਬੀਆਈ ਤੋ ਜਾਂਚ ਕਰਵਾਉਣ ਦੀ ਮੰਗ ਕਰਦਾ ਹੈ, ਉਥੇ ਬੀਤੇ ਦਿਨੀਂ ਤਲਵੰਡੀ ਸਾਬੋ, ਬਠਿੰਡਾ-ਫ਼ਰੀਦਕੋਟ ਸਰਹੱਦ ਅਤੇ ਪੰਜਾਬ ਦੀਆਂ ਤੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਤੇ ਗੈਂਗਸਟਰ, ਅੱਤਵਾਦੀ ਅਤੇ ਸਮੱਗਲਰ ਕਹਿਕੇ ਮਾਰੇ ਜਾਣ ਵਾਲੇ ਇਨਸਾਨਾਂ ਦੀ ਵੀ ਜਾਂਚ ਸੀ.ਬੀ.ਆਈ. ਤੋ ਕਰਵਾਉਣ ਦੀ ਮੰਗ ਕਰਦਾ ਹੈ ।
ਅਮਰੀਕਾ ਦੇ ਸੈਨੇਟਰ ਬੈਨ ਕਾਰਡਨ ਵੱਲੋਂ ਜੋ ਹਿੰਦ ਅਤੇ ਪੰਜਾਬ ਵਿਚ ਹੋ ਰਹੇ ਝੂਠੇ ਪੁਲਿਸ ਮੁਕਾਬਲਿਆ ਦਾ ਵੇਰਵਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਧਰਮ ਪਰਿਵਰਤਨ ਉਤੇ ਹਿੰਦੂਤਵ ਹਕੂਮਤ ਵੱਲੋਂ ਰੋਕ ਲਗਾਉਣਾ ਵੀ ਧਰਮ ਦੀ ਆਜ਼ਾਦੀ ਨੂੰ ਖ਼ਤਮ ਕਰਨ ਦੇ ਤੁੱਲ ਅਮਲ ਹਨ । ਜਦੋਂ ਉਪਰੋਕਤ ਸ੍ਰੀ ਬੈਨ ਕਾਰਡਨ ਵੱਲੋਂ ਮੋਦੀ ਹਕੂਮਤ ਬਾਰੇ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਅਤੇ ਧਰਮ ਦੀ ਆਜ਼ਾਦੀ ਤੇ ਹੋ ਰਹੇ ਕੌਝੇ ਹਮਲਿਆ ਦੀ ਪੁਰਜੋਰ ਨਿੰਦਾ ਕਰਦੇ ਹੋਏ ਮੋਦੀ ਦੀ ਅਸਲ ਤਸਵੀਰ ਨੂੰ ਸਾਹਮਣੇ ਲਿਆਂਦਾ ਗਿਆ ਹੈ, ਉਸਦੇ ਬਾਵਜੂਦ ਵੀ ਸ੍ਰੀ ਮੋਦੀ ਨੂੰ ਅਮਰੀਕਾ ਦੇ ਸੈਨੇਟਰ ਅਤੇ ਕਾਂਗਰਸ ਦੇ ਦੋਵਾਂ ਸਦਨਾਂ ਵਿਚ ਬੁਲਾਕੇ ਆਓ-ਭਗਤ ਕਿਸ ਦਲੀਲ ਅਧੀਨ ਕੀਤੀ ਜਾ ਰਹੀ ਹੈ ? ਇਹ ਗੱਲ ਸਾਡੀ ਸਮਝ ਤੋ ਬਾਹਰ ਹੈ ਕਿ ਇਕ ਪਾਸੇ ਅਮਰੀਕਾ, ਨਾਟੋ ਮੁਲਕ ਅਤੇ ਲਹਿਦੇ ਵਾਲੇ ਪਾਸੇ ਦੇ ਜ਼ਮਹੂਰੀਅਤ ਪਸੰਦ ਮੁਲਕ ਆਪਣੀਆਂ ਤੋਪਾ, ਟੈਕਾਂ ਅਤੇ ਜ਼ਹਾਜੀ ਬੰਬਾਰੀ ਨਾਲ ਦਹਿਸਤਗਰਦੀ ਨੂੰ ਖ਼ਤਮ ਕਰਨ ਦੇ ਅਮਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਹਿੰਦੂ ਦਹਿਸਤਗਰਦੀ ਦੇ ਸਰਗਨੇ ਸ੍ਰੀ ਮੋਦੀ ਨੂੰ ਅਮਰੀਕਾ ਵਿਚ ਆਉਣ ਦਾ ਵਿਸ਼ੇਸ਼ ਸੱਦਾ ਦੇ ਕੇ ਜੀ ਆਇਆ ਕਹਿ ਰਹੇ ਹਨ । ਜਿਸ ਤੋਂ ਅਸੀਂ ਇਹ ਸਮਝਦੇ ਹਾਂ ਕਿ ਅਮਰੀਕਾ, ਨਾਟੋ ਮੁਲਕ ਅਤੇ ਲਹਿੰਦੇ ਵਾਲੇ ਜਮਹੂਰੀਅਤ ਪਸੰਦ ਮੁਲਕ ਦਹਿਸਤਗਰਦੀ ਖ਼ਤਮ ਕਰਨ ਲਈ ਸੁਹਿਰਦ ਨਹੀਂ ਹਨ । ਬਲਕਿ ਕਿਸੇ ਗੁੱਝੇ ਮਿਸ਼ਨ ਅਧੀਨ ਸਮੁੱਚੇ ਸੰਸਾਰ ਵਿਚ ਇਸਾਈਆ ਅਤੇ ਮੁਸਲਿਮ ਕੌਮ ਦੀ ਧਾਰਮਿਕ ਲੜਾਈ ਨੂੰ ਬੁੜਾਵਾ ਦਿੱਤਾ ਜਾ ਰਿਹਾ ਹੈ । ਜਿਸ ਦੇ ਨਤੀਜੇ ਕਦੇ ਵੀ ਮਨੁੱਖਤਾ ਪੱਖੀ ਅਤੇ ਸੰਸਾਰ ਵਿਚ ਅਮਨਮਈ ਅਤੇ ਜਮਹੂਰੀਅਤ ਲੀਹਾਂ ਨੂੰ ਮਜ਼ਬੂਤ ਕਰਨ ਵਿਚ ਸਹਾਈ ਨਹੀਂ ਹੋ ਸਕਣਗੇ । ਇਸ ਲਈ ਮੋਦੀ ਵਰਗੇ ਅਣਮਨੁੱਖੀ ਕਾਰਵਾਈਆਂ ਦੇ ਮਾਲਕ ਨੂੰ ਅਮਰੀਕਾ ਤੇ ਨਾਟੋ ਮੁਲਕਾਂ ਵੱਲੋਂ ਕੌਮਾਂਤਰੀ ਪੱਧਰ ਤੇ ਨਿਖੇੜਣਾ ਬਣਦਾ ਹੈ । ਤਾਂ ਜੋ ਕੋਈ ਵੀ ਜ਼ਾਬਰ ਹੁਕਮਰਾਨ ਆਪਣੇ ਬਸਿੰਦਿਆਂ ਉਤੇ ਜ਼ਬਰ-ਜੁਲਮ ਨਾ ਕਰ ਸਕੇ ਅਤੇ ਮਨੁੱਖੀ ਅਧਿਕਾਰਾਂ ਤੇ ਇਨਸਾਨੀਅਤ ਕਦਰਾ-ਕੀਮਤਾ ਦੀ ਰੱਖਿਆ ਹੋ ਸਕੇ । ਅਮਰੀਕਾ ਮੁਲਕ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਨਿਯਮਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ ਅਤੇ ਅਮਰੀਕਾ ਦੇ ਉਪਰੋਕਤ ਸੈਨੇਟਰ ਬੈਨ ਕਾਰਡਨ ਅਤੇ ਅਮਰੀਕਾ ਦੇ ਧਾਰਮਿਕ ਮਾਮਲਿਆ ਦੀ ਕਮੇਟੀ ਨੇ ਜੋ ਧਰਮ ਪਰਿਵਰਤਨ ਬਾਰੇ ਆਪਣੀ ਨਿਰਪੱਖਤਾ ਵਾਲੀ ਰਾਏ ਦਿੱਤੀ ਹੈ, ਉਸ ਉਤੇ ਅਮਲ ਕਰਦੇ ਹੋਏ, ਸ੍ਰੀ ਮੋਦੀ ਵਰਗੇ ਕੱਟੜਵਾਦੀ ਵਿਚਾਰਾਂ ਵਾਲੇ ਆਗੂ ਦਾ ਕਦੀ ਵੀ ਅਮਰੀਕਾ ਵਰਗੀ ਧਰਤੀ ਤੇ ਸਵਾਗਤ ਨਹੀਂ ਕਰਨਾ ਚਾਹੀਦਾ ।