ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਉਨ੍ਹਾਂ ਦੇ ਖਿਲਾਫ਼ ਸਿੱਖ ਫਾੱਰ ਜਸਟਿਸ ਵੱਲੋਂ ਪਾਏ ਗਏ ਮੁੱਕਦਮੇ ਨੂੰ ਅਮਰੀਕਾ ਦੀ ਅਦਾਲਤ ਵੱਲੋਂ ਖਾਰਿਜ ਕਰਨ ਦੇ ਦਿੱਤੇ ਗਏ ਫੈਸਲੇ ਦਾ ਸੁਆਗਤ ਕੀਤਾ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਜੀ. ਕੇ. ਨੇ ਇਸ ਫੈਸਲੇ ਨੂੰ ਸੱਚ ਦੀ ਜਿੱਤ ਕਰਾਰ ਦਿੱਤਾ। ਜੀ. ਕੇ. ਨੇ ਕਿਹਾ ਕਿ ਅਦਾਲਤ ਦੇ ਅੱਜ ਦੇ ਫੈਸਲੇ ਤੋਂ ਇਹ ਗੱਲ ਸਾਬਿਤ ਹੋ ਗਈ ਹੈ ਕਿ ਉਨ੍ਹਾਂ ਦੇ ਖਿਲਾਫ਼ ਝੂਠੇ ਤੱਥਾਂ ਦੇ ਆਧਾਰ ਤੇ ਕੇਸ ਪਾਇਆ ਗਿਆ ਸੀ।
ਅੱਜ ਦੀ ਅਦਾਲਤ ਦੀ ਕਾਰਵਾਈ ਦੌਰਾਨ ਉਨ੍ਹਾਂ ਦੇ ਵਕੀਲ ਜਸਪ੍ਰੀਤ ਸਿੰਘ ਵੱਲੋਂ ਅਦਾਲਤ ’ਚ ਰੱਖੀ ਗਈ ਦਲੀਲਾਂ ਦੀ ਵੀ ਜੀ. ਕੇ. ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜੀ. ਕੇ. ਸ਼ਿਕਾਇਤਕਰਤਾ ਹਰਜੀਤ ਸਿੰਘ ਤੇ ਜਾਨਕੀ ਕੌਰ ਨੂੰ ਨਹੀਂ ਜਾਣਦੇ ਇਸ ਲਈ ਜੀ. ਕੇ. ਵੱਲੋਂ ਸ਼ਿਕਾਇਤਕਰਤਾ ਨੂੰ ਕੁੱਟਣ ਜਾਂ ਯਾਤਨਾ ਦੇਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੀ. ਕੇ. ਦੇ ਵਕੀਲ ਨੇ ਦਿੱਲੀ ਸਣੇ ਪੂਰੇ ਦੇਸ਼ ਵਿਚ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਸ਼ਿਕਾਇਤਕਰਤਾ ਵੱਲੋਂ ਦਰਜ ਨਾ ਕਰਵਾਉਣ ਦੇ ਤੱਥ ਵੀ ਪੇਸ਼ ਕੀਤੇ ਜਿਸ ਤੇ ਗੌਰ ਕਰਨ ਦੇ ਬਾਅਦ ਅਦਾਲਤ ਨੇ ਮਾਮਲੇ ਨੂੰ ਸੁਣਵਾਈ ਦੇ ਲਾਇਕ ਨਾ ਸਮਝਦੇ ਹੋਏ ਖਾਰਿਜ ਕਰ ਦਿੱਤਾ।
ਜੀ. ਕੇ. ਨੇ ਕਿਹਾ ਕਿ ਸਿੱਖ ਫਾੱਰ ਜਸਟਿਸ ਨੇ ਬਿਨਾਂ ਸਬੂਤਾਂ ਦੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਦਾਲਤ ਨੇ ਤੱਥਾਂ ਦੇ ਆਧਾਰ ਤੇ ਸਿੱਖ ਫਾੱਰ ਜਸਟਿਸ ਨੂੰ ਵਾਜਿਬ ਜਵਾਬ ਦੇ ਦਿੱਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਅਮਰੀਕਾ ’ਚ ਪਾਏ ਗਏ ਕੇਸਾਂ ਦਾ ਜੋ ਹਾਲ ਹੋਇਆ ਸੀ ਉਹੀ ਉਨ੍ਹਾਂ ਦੇ ਕੇਸ ਵਿਚ ਵੀ ਹੋਇਆ ਹੈ। ਸਿੱਖ ਫਾੱਰ ਜਸਟਿਸ ਤੇ ਅਮਰੀਕੀ ਕਾਨੂੰਨਾਂ ਨੂੰ ਆਪਣੀ ਮਰਜੀ ਮੁਤਾਬਿਕ ਦੁਰਵਰਤੋਂ ਕਰਨ ਦਾ ਕਥਿਤ ਦੋਸ਼ ਲਗਾਉਂਦੇ ਹੋਏ ਜੀ. ਕੇ. ਨੇ ਸਿਆਸ਼ੀ ਪਨਾਹ ਦੇ ਨਾਂ ਤੇ ਜਥੇਬੰਦੀ ਵੱਲੋਂ ਕਥਿਤ ਵਪਾਰ ਕਰਨ ਦਾ ਵੀ ਹਵਾਲਾ ਦਿੱਤਾ। ਜੀ. ਕੇ. ਨੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਹਿੰਦੂ ਪਰਿਵਾਰਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਕੀਤੀ ਜਾ ਰਹੀ ਪਹਿਲ ਨੂੰ ਚੰਗਾ ਕਦਮ ਦੱਸਦੇ ਹੋਏ ਉਸੇ ਤਰਜ ਤੇ ਸਿੱਖਾਂ ਦੀ ਕਾਲੀ ਸੂਚੀ ਨੂੰ ਵੀ ਖਤਮ ਕਰਨ ਦੀ ਮੰਗ ਕੀਤੀ।
ਜੀ. ਕੇ. ਨੇ ਸਿੱਖ ਫਾੱਰ ਜਸਟਿਸ ਦੇ ਪਿੱਛੇ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ।ਐਸ।ਆਈ। ਦਾ ਕਥਿਤ ਤੌਰ ਤੇ ਹੱਥ ਹੋਣ ਦਾ ਵੀ ਦਾਅਵਾ ਕੀਤਾ। ਜੀ. ਕੇ. ਨੇ ਆਈ. ਐਸ. ਆਈ. ਤੇ ਗੰਭੀਰ ਦੋਸ਼ ਲਗਾਉਂਣ ਦੌਰਾਨ ਏਜੰਸੀ ਤੇ ਭਾਰਤ ਦੇ ਖਿਲਾਫ਼ ਕਾਰਜ ਕਰਨ ਅਤੇ ਸਿਰਫ਼ ਅਕਾਲੀ ਦਲ ਵੱਲੋਂ ਦੀ ਆਈ।ਐਸ।ਆਈ। ਨੂੰ ਰੋਕਣ ਵਾਸਤੇ ਕਾਰਜ ਕਰਨ ਦਾ ਵੀ ਦਾਅਵਾ ਕੀਤਾ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਯਾਤਰਾ ਤੇ ਦਿੱਲੀ ਕਮੇਟੀ ਵੱਲੋਂ ਜਥਾ ਨਾ ਭੇਜਣ ਨੂੰ ਸਹੀ ਫੈਸਲਾ ਕਰਾਰ ਦਿੰਦੇ ਹੋਏ ਜੀ. ਕੇ. ਨੇ ਕੌਮ ਦੇ ਅੰਦਰੂਨੀ ਮਸਲਿਆਂ ’ਚ ਆਈ।ਐਸ।ਆਈ। ਵੱਲੋਂ ਕੀਤੀ ਜਾ ਰਹੀ ਦਖਲਅੰਦਾਜੀ ਨੂੰ ਗੈਰਜਰੂਰੀ ਦੱਸਿਆ।
ਜੀ. ਕੇ. ਨੇ ਸਵਾਲ ਕੀਤਾ ਕਿ ਸਾਡੀ ਕੌਮ ਦੇ ਕੈਲੰਡਰ ਦੇ ਮਸਲੇ ਤੇ ਆਈ .ਐਸ.ਆਈ. ਦਖਲਅੰਦਾਜੀ ਕਰਨ ਵਾਲੀ ਕੌਣ ਹੁੰਦੀ ਹੈ। ਪਾਕਿਸਤਾਨ ਓਕਾਫ਼ ਬੋਰਡ ਵਿਚ ਆਈ।ਐਸ।ਆਈ। ਦੇ ਸੇਵਾਮੁਕਤ ਅਫਸਰਾਂ ਨੂੰ ਹੀ ਚੇਅਰਮੈਨ ਦੇ ਅਹੁੱਦੇ ਤੇ ਨਿਯੁਕਤ ਹੋਣ ਤੇ ਵੀ ਜੀ. ਕੇ. ਨੇ ਸਵਾਲ ਖੜੇ ਕੀਤੇ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਘਰ ਪਾਕਿਸਤਾਨ ਦੇ ਸਫੀਰ ਵੱਲੋਂ ਕਲ ਰਾਤ ਭੋਜਨ ਕਰਨ ਦਾ ਵੀ ਜੀ. ਕੇ. ਨੇ ਖੁਲਾਸਾ ਕੀਤਾ। ਜੀ. ਕੇ. ਨੇ ਸਾਫ ਕਿਹਾ ਕਿ ਜਦੋਂ ਅਕਾਲ ਤਖਤ ਸਾਹਿਬ ਹੋਂਦ ਵਿਚ ਆਇਆ ਸੀ ਤਾਂ ਉਸ ਵੇਲੇ ਨਾ ਪਾਕਿਸਤਾਨ ਅਤੇ ਨਾ ਹੀ ਪਾਕਿਸਤਾਨ ਓਕਾਫ਼ ਬੋਰਡ ਹੋਂਦ ਵਿਚ ਸੀ। ਜਿਹੜੇ ਲੋਕ ਚੰਦ ਵੇਖ ਕੇ ਆਪਣੇ ਈਦ ਦਾ ਫੈਸਲਾ ਲੈਂਦੇ ਹਨ ਉਹ ਸਾਨੂੰ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਦੀ ਤਰੀਖ ਨਾ ਦੱਸਣ ਇਹੀ ਠੀਕ ਹੋਵੇਗਾ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ,ਹਰਦੇਵ ਸਿੰਘ ਧਨੌਆ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ, ਅਕਾਲੀ ਆਗੂ ਵਿਕਰਮ ਸਿੰਘ, ਪੁਨਪ੍ਰੀਤ ਸਿੰਘ, ਸਰਵਜੀਤ ਸਿੰਘ ਵਿਰਕ, ਸਿਮਰਤ ਸਿੰਘ ਅਤੇ ਹਰਜੀਤ ਸਿੰਘ ਮੌਜੂਦ ਸਨ।