ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਆਯੋਜਿਤ ਨੌਕਰੀ ਮੇਲੇ ਵਿਚ ਤਲਵੰਡੀ ਸਾਬੋ ਪਾਵਰ ਲਿਮਟਿਡ, ਬਨਾਂਵਾਲਾ ਵੱਲੋਂ ਵੇਦਾਂਤਾ ਗਰੁੱਪ ਕੰਪਨੀ ਨੇ ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ।ਯੂਨੀਵਰਸਿਟੀ ਕੈਂਪਸ ਵਿਖੇ ਚੱਲ ਰਹੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਵਿਚ ਮਕੈਨੀਕਲ ਅਤੇ ਇਲੈਕਟ੍ਰੀਕਲ ਬ੍ਰਾਂਚ ਦੇ 2016 ਬੈਚ ਵਿੱਚੋਂ ਪਾਸ 45 ਵਿਦਿਆਰਥੀਆਂ ਨੇ ਇਸ ਨੌਕਰੀ ਚੋਣ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਇਨ੍ਹਾਂ ਵਿਦਿਆਰਥੀਆਂ ਦਾ ਲਿਖਤੀ ਟੈਸਟ ਅਤੇ ਤਕਨੀਕੀ ਇੰਟਰਵਿਊ ਬਨਾਂਵਾਲਾ ਥਰਮਲ ਵਿਖੇ ਮਨੁੱਖੀ ਵਸੀਲਿਆਂ ਦੇ ਵਧੀਕ ਜਨਰਲ ਮੈਨੇਜਰ ਸ੍ਰੀ ਸੁਧੀਰ ਕੁਮਾਰ ਅਤੇ ਸਹਾਇਕ ਸ੍ਰੀ ਸਾਕੇਤ ਵੱਲੋਂ ਲਿਆ ਗਿਆ।ਤਕਨੀਕੀ ਇੰਟਰਵਿਊ ਲਈ ਨਾਮਜ਼ਦ ਕੀਤੇ ਗਏ 22 ਵਿਦਿਆਰਥੀਆਂ ਵਿਚੋਂ 9 ਵਿਦਿਆਰਥੀਆਂ ਨੂੰ ਬਨਾਂਵਾਲਾ ਥਰਮਲ ਵਿਖੇ ਸਿੱਖਿਆਰਥੀ ਟ੍ਰੇਨਿੰਗ ਇੰਜੀਨੀਅਰ ਦੀ ਨੌਕਰੀ ਲਈ ਚੁਣ ਲਿਆ ਗਿਆ।
ਇਸ ਨੌਕਰੀ ਪ੍ਰਤੀਯੋਗਤਾ ਲਈ ਉੱਦਮ ਕਰਨ ਵਾਲੇ ਪ੍ਰੋ. ਮਹਿਬੂਬ ਸਿੰਘ ਗਿੱਲ (ਡੀਨ ਪੌਲੀਟੈਕਨਿਕ ਕਾਲਜ) ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿਚ ਹੋਰ ਵੀ ਨਾਮਵਰ ਕੰਪਨੀਆਂ ਨੂੰ ਬੁਲਾ ਕੇ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਸੁਨਹਿਰੇ ਮੌਕੇ ਮੁਹੱਈਆ ਕਰਵਾਏ ਜਾਣਗੇ। ਪ੍ਰਬੰਧਕੀ ਅਫਸਰ ਗੁਰਦੇਵ ਸਿੰਘ ਕੋਟਫੱਤਾ ਨੇ ਇਸ ਪ੍ਰੋਗਰਾਮ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ।
ਪ੍ਰਬੰਧਕੀ ਨਿਰਦੇਸ਼ਕ ਸ. ਸੁਖਰਾਜ ਸਿੰਘ ਸਿੱਧੂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦੇਂਦਿਆਂ, ਇਸ ਮੁਕਾਮ ਤੱਕ ਦੇ ਵਿਦਿਆਰਥੀਆਂ ਨੂੰ ਲਿਜਾਣ ਦਾ ਸਿਹਰਾ ਪ੍ਰੋ. ਮਹਿਬੂਬ ਸਿੰਘ ਗਿੱਲ ਅਤੇ ਸਟਾਫ਼ ਨੂੰ ਦਿੱਤਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਨੌਕਰੀ ਪ੍ਰਾਪਤ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਹੋਰ ਸਖ਼ਤ ਮਿਹਨਤ ਲਈ ਪ੍ਰੇਰਿਆ।