ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਬੰਗਲਾਦੇਸ਼ ਵਿਚ ਉੱਥੇ ਵੱਸਣ ਵਾਲੀ ਘੱਟ ਗਿਣਤੀ ਕੌਮ ਹਿੰਦੂਆਂ ਦੇ ਅਤੇ ਹਿੰਦੂ ਪੁਜਾਰੀ ਆਨੰਦਾ ਗੋਪਾਲ ਗਾਂਗੁਲੀ ਦੇ ਹੋਏ ਅਤਿ ਦਰਦਨਾਕ ਕਤਲ ਉਤੇ ਡੂੰਘਾਂ ਦੁੱਖ ਅਤੇ ਅਫਸੋਸ ਹੈ । ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੁਨੀਆਂ ਦੇ ਕਿਸੇ ਵੀ ਸਥਾਂਨ ਤੇ ਕਿਸੇ ਵੀ ਕੌਮ, ਫਿਰਕੇ, ਕਬੀਲੇ ਨਾਲ ਸੰਬੰਧਤ ਮਨੁੱਖਤਾ ਦਾ ਅਜਾਈ ਤੌਰ ਤੇ ਹੋਣ ਵਾਲੇ ਕਤਲੇਆਮ ਨੂੰ ਮਨੁੱਖੀ ਅਤੇ ਸਮਾਜਿਕ ਕਦਰਾ-ਕੀਮਤਾ ਦਾ ਘਾਣ ਕਰਨ ਦੇ ਤੁੱਲ ਸਮਝਦੀ ਹੈ । ਇਸ ਲਈ ਅਸੀਂ ਅਜਿਹੇ ਕਿਸੇ ਵੀ ਸਥਾਂਨ ਤੇ ਹੋਣ ਵਾਲੇ ਕਤਲੇਆਮ ਦੀ ਹਮੇਸ਼ਾਂ ਪੁਰਜੋਰ ਸ਼ਬਦਾ ਵਿਚ ਨਿਖੇਧੀ ਵੀ ਕਰਦੇ ਆ ਰਹੇ ਹਾਂ ਅਤੇ ਮਨੁੱਖਤਾ ਦੀ ਰਾਖੀ ਲਈ ਆਪਣੇ ਫਰਜਾਂ ਦੀ ਪੂਰਤੀ ਵੀ ਕਰਦੇ ਆ ਰਹੇ ਹਾਂ । ਪਰ ਸਾਨੂੰ ਦੁੱਖ ਅਤੇ ਅਫ਼ਸੋਸ ਹੈ ਕਿ ਜੋ ਮੁਤੱਸਵੀ ਜਮਾਤਾਂ ਅਤੇ ਆਗੂ ਪੰਜਾਬ ਦੇ ਅਮਨਮਈ ਅਤੇ ਜ਼ਮਹੂਰੀਅਤ ਵਾਲੇ ਮਾਹੌਲ ਨੂੰ ਗੰਧਲਾ ਕਰਨ ਲਈ ਸਮੇਂ-ਸਮੇਂ ਤੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਕਾਰਵਾਈਆ ਕਰਨ ਵਿਚ ਯਕੀਨ ਰੱਖਦੇ ਹਨ ਅਤੇ ਵੱਖ-ਵੱਖ ਕੌਮਾਂ ਅਤੇ ਧਰਮਾਂ ਨੂੰ ਲੜਾਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਰਹਿੰਦੇ ਹਨ । ਜਿਵੇ ਕਿ ਬੀਤੇ ਕੁਝ ਦਿਨ ਪਹਿਲੇ ਆਰ.ਐਸ.ਐਸ. ਦੇ ਮੁੱਖੀ ਸ੍ਰੀ ਭਗਵਤ ਅਤੇ ਬੀਜੇਪੀ ਦੇ ਪ੍ਰਧਾਨ ਸ੍ਰੀ ਅੰਮਿਤ ਸ਼ਾਹ ਦੀ ਸਰਪ੍ਰਸਤੀ ਰਾਹੀ ਹਿੰਦੂ ਸੰਗਠਨਾਂ ਨੇ, ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਹਿੱਤ “ਲਲਕਾਰ ਰੈਲੀ” ਕਰਨ ਦਾ ਐਲਾਨ ਕੀਤਾ ਸੀ । ਜਦੋਂ ਗੁਰੂ ਦੇ ਸਿੱਖਾਂ ਨੇ ਇਸ ਚੁਣੋਤੀ ਨੂੰ ਪ੍ਰਵਾਨ ਕਰਦੇ ਹੋਏ ਅਜਿਹੇ ਹੁਲੱੜਬਾਜ਼ਾਂ ਨੂੰ ਗੁਰ ਮਰਿਯਾਦਾ ਅਤੇ ਪੰ੍ਰਪਰਾਵਾਂ ਅਨੁਸਾਰ ਸਿੱਝਣ ਦਾ ਐਲਾਨ ਕੀਤਾ ਤਾਂ ਇਹਨਾਂ ਵਿਚੋ ਕੋਈ ਵੀ ਸਿੱਖ ਸ਼ਕਤੀ ਅੱਗੇ ਨਾ ਬੋਹੜਿਆਂ । ਹੁਣ ਜਦੋਂ ਬੰਗਲਾਦੇਸ਼ ਵਿਚ 30 ਦੇ ਕਰੀਬ ਹਿੰਦੂ ਮਾਰੇ ਗਏ ਹਨ ਅਤੇ ਇਕ ਪੁਜਾਰੀ ਨੂੰ ਬਹੁਤ ਹੀ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਤਾਂ ਅਸੀਂ ਸ੍ਰੀ ਭਗਵਤ ਅਤੇ ਸ੍ਰੀ ਅੰਮਿਤ ਸ਼ਾਹ ਤੋਂ ਪੁੱਛਣਾ ਚਾਹਵਾਂਗੇ ਕਿ ਹੁਣ ਉਹਨਾਂ ਦੀ ਸ਼ਕਤੀ ਆਪਣੇ ਹਿੰਦੂ ਪੁਜਾਰੀਆਂ ਤੇ ਹਿੰਦੂਆਂ ਦੀ ਰੱਖਿਆ ਕਰਨ ਲਈ ਕਿਥੇ ਚੱਲੇ ਗਈ ਹੈ ? ਜੋ ਪੰਜਾਬ ਵਿਚ ਅੱਗ ਦੀ ਤੀਹਲੀ ਲਗਾਕੇ ਆਪਣੇ ਮਕਸਦਾ ਦੀ ਪੂਰਤੀ ਕਰਨਾ ਚਾਹੁੰਦੇ ਹਨ, ਹੁਣ ਆਪਣੀ ਹੀ ਕੌਮ ਦੇ ਬੰਗਲਾਦੇਸ਼ ਵਿਚ ਹੋ ਰਹੇ ਕਤਲੇਆਮ ਲਈ ਇਹਨਾਂ ਦੇ ਬੁੱਲ੍ਹ ਕਿਉਂ ਸੀਤੇ ਗਏ ਹਨ ਅਤੇ ਉਹਨਾਂ ਦੀ ਰੱਖਿਆ ਲਈ ਹੁਣ ਇਹ ਕੀ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਮਨੁੱਖਤਾ ਦੇ ਬਿਨ੍ਹਾਂ ਤੇ ਆਪਣੇ ਕੌਮਾਂਤਰੀ ਨੀਤੀ ਬਿਆਨ ਵਿਚ ਉਹਨਾਂ ਹਿੰਦੂ ਮੁਤੱਸਵੀ ਆਗੂਆਂ ਨੂੰ ਕੌਮਾਂਤਰੀ ਪੱਧਰ ਤੇ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਪੁੱਛੇ ਜੋ ਅਕਸਰ ਹੀ ਪੰਜਾਬ ਦੀ ਪਵਿੱਤਰ ਧਰਤੀ ਤੇ ਆਪਣੀਆ ਸਾਜਿ਼ਸਾਂ ਰਾਹੀ ਮਨੁੱਖਤਾ ਦਾ ਕਤਲੇਆਮ, ਦੰਗੇ-ਫਸਾਦ, ਗੜਬੜ ਕਰਵਾਉਣ ਵਿਚ ਮਸਰੂਫ ਰਹਿੰਦੇ ਹਨ । ਉਹਨਾਂ ਕਿਹਾ ਕਿ ਅਕਸਰ ਹੀ ਹੁੰਦਾ ਹੈ ਕਿ ਜਦੋਂ ਕਿਸੇ ਦੇ ਘਰ ਅੱਗ ਲੱਗਦੀ ਹੈ ਤਾਂ ਤਮਾਸਬੀਨ ਲੋਕ ਉਸ ਨੂੰ ਬਸੰਤਰ ਸਮਝਦੇ ਹਨ, ਲੇਕਿਨ ਜਦੋਂ ਇਹੀ ਅੱਗ ਉਹਨਾਂ ਦੇ ਆਪਣੇ ਘਰ ਵਿਚ ਲੱਗਦੀ ਹੈ ਤਾਂ ਉਹਨਾਂ ਨੂੰ ਇਸ ਅੱਗ ਦੇ ਸੇਕ ਦੀ ਪੀੜਾ ਅਤੇ ਦਰਦ ਦਾ ਪਤਾ ਲੱਗਦਾ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਜਿਹੇ ਮੁਤੱਸਵੀ ਆਗੂਆਂ ਤੇ ਸੰਗਠਨਾਂ ਨੂੰ ਮਨੁੱਖਤਾ ਦੇ ਬਿਨ੍ਹਾਂ ਤੇ ਇਹ ਰਾਏ ਹੈ ਕਿ ਉਹ ਹਿੰਦ ਦੇ ਕਿਸੇ ਹਿੱਸੇ ਜਾਂ ਪੰਜਾਬ ਵਿਚ ਸਾਜ਼ਸੀ ਢੰਗਾਂ ਰਾਹੀ ਕਤਲੇਆਮ ਕਰਵਾਉਣ, ਸਿੱਖ ਕੌਮ ਨੂੰ ਜ਼ਲੀਲ ਕਰਨ ਅਤੇ ਆਪਣੀ ਹਿੰਦੂਤਵ ਤਾਕਤ ਦੇ ਨਸ਼ੇ ਵਿਚ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਤੋਂ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ, ਵਰਨਾ ਅਜਿਹੀ ਮੰਦਭਾਵਨਾ ਭਰੀ ਸੋਚ ਰੱਖਣ ਵਾਲੇ ਆਗੂਆਂ ਜਾਂ ਸੰਗਠਨਾਂ ਨੂੰ ਦੂਸਰੇ ਦੇ ਘਰ ਵਿਚ ਸੁੱਟਣ ਵਾਲੀ ਤੀਹਲੀ ਦੀ ਆਚ ਦੇ ਮਾਰੂ ਸੇਕ ਤੋਂ ਨਹੀਂ ਬਚ ਸਕਣਗੇ । ਸ. ਮਾਨ ਨੇ ਅਜਿਹੇ ਆਗੂਆਂ ਦੀ ਆਤਮਾ ਨੂੰ ਝੰਜੋੜਦੇ ਹੋਏ ਕਿਹਾ ਕਿ ਉਹ ਹੁਣ ਬੰਗਲਾਦੇਸ਼ ਵਿਚ ਹੋਣ ਵਾਲੇ ਹਿੰਦੂ ਕਤਲੇਆਮ ਨੂੰ ਰੋਕਣ ਲਈ ਸੁਹਿਰਦਤਾ ਨਾਲ ਉਦਮ ਕਰਨ ਅਤੇ ਆਪਣੇ ਬੀਤੇ ਸਮੇਂ ਦੇ ਕੀਤੇ ਗਏ ਕੁਕਰਮਾ ਤੇ ਪਸਚਾਤਾਪ ਕਰਦੇ ਹੋਏ ਮਨੁੱਖਤਾ ਦੀ ਬਿਹਤਰੀ ਲਈ ਜੇਕਰ ਕੰਮ ਕਰ ਸਕਣ ਤਾਂ ਉਹਨਾਂ ਦੇ ਰਹਿੰਦੇ ਸਵਾਸ ਕਿਸੇ ਅਰਥ ਲੱਗ ਸਕਣਗੇ, ਵਰਨਾ ਉਹਨਾਂ ਦੀ ਆਤਮਾ ਜਾਣ ਸਮੇਂ ਰੋਦੀ ਤੇ ਕੁਰਲਾਉਦੀ ਜਾਵੇਗੀ ਅਤੇ ਉਸਦੀ ਦਰਗਾਹ ਵਿਚ ਵੀ ਉਹਨਾਂ ਨੂੰ ਢੋਈ ਨਹੀਂ ਮਿਲ ਸਕੇਗੀ । ਸ. ਮਾਨ ਨੇ ਦੁਨੀਆਂ ਵਿਚ ਅਮਨ-ਚੈਨ ਦੀ ਤੇ ਜ਼ਮਹੂਰੀਅਤ ਦੀ ਚਾਹਨਾ ਰੱਖਣ ਵਾਲੀਆਂ ਸਖਸ਼ੀਅਤਾਂ ਅਤੇ ਸੰਗਠਨਾਂ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਰਹਿੰਦੇ ਸਵਾਸਾ ਨੂੰ ਦੁਨੀਆਂ ਵਿਚ ਅਮਨ-ਚੈਨ ਕਾਇਮ ਕਰਨ ਲਈ ਅਤੇ ਦੀਨ-ਦੁਖੀਆਂ ਦੇ ਦਰਦ ਦੂਰ ਕਰਨ ਲਈ ਅਤੇ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦ-ਭਾਵ ਦੇ ਸੇਵਾ ਕਰਨ ਤੇ ਲਗਾਉਣ, ਜਿਸ ਦਾ ਕਿ ਸਭ ਧਰਮਾਂ ਦੇ ਪੀਰ-ਪੈਗੰਬਰ ਅਤੇ ਗ੍ਰੰਥ ਸਾਨੂੰ ਅਗਵਾਈ ਕਰਦੇ ਹਨ ।