ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਅੱਤਵਾਦ ਦੇ ਖਾਤਮੇ ਲਈ ਅਮਰੀਕਾ ਨੂੰ ਪਾਕਿਸਤਾਨ ਦੇ ਨਾਲ ਸਬੰਧ ਸੁਧਾਰਨੇ ਅਤੇ ਭਰੋਸਾ ਕਰਨ ਲਈ ਕਿਹਾ। ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਅਤੇ ਪਾਕਿਸਤਾਨ ਦਰਮਿਆਨ ਦੂਰੀਆਂ ਵੱਧ ਰਹੀਆਂ ਹਨ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਅੱਤਵਾਦੀਆਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਜਰਦਾਰੀ ਨੇ ਅਮਰੀਕੀ ਕਾਂਗਰਸ ਦੇ ਉਨ੍ਹਾਂ ਸੰਸਦ ਮੈਂਬਰਾਂ ਨੂੰ ਚੁਣੌਤੀ ਦਿੱਤੀ ਹੈ, ਜਿਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਹਿੱਤਾਂ ਦੇ ਖਿਲਾਫ਼ ਕਈ ਹਮਲਿਆਂ ਦੇ ਲਈ ਜਿੰਮੇਵਾਰ ਹਕਾਨੀ ਨੈਟਵਰਕ ਦੇ ਖਿਲਾਫ਼ ਕਾਰਵਾਈ ਤੇ ਸ਼ੱਕ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੱਕ ਲੇਖ ਵਿੱਚ ਲਿਖਿਆ ਹੈ ਕਿ ਅਮਰੀਕੀ ਕਾਂਗਰਸ ਦਾ ਉਹ ਧੜਾ ਜਿਸ ਦਾ ਪਾਕਿਸਤਾਨ ਪ੍ਰਤੀ ਨਜ਼ਰੀਆ ਨਾਂਹਪੱਖੀ ਹੈ, ਉਨ੍ਹਾਂ ਨੂੰ ਮੈਂ ਚੈਲੰਜ ਕਰਦਾ ਹਾਂ ਕਿ ਉਹ ਪਾਕਿਸਤਾਨ ਆਉਣ ਅਤੇ ਸਾਡੀ ਇੱਕਜੁਟਤਾ ਦੇ ਸੰਕਲਪ ਦੇ ਗਵਾਹ ਬਣਨ। ਅੱਤਵਾਦ ਨੂੰ ਸਮਾਪਤ ਕਰਨ ਲਈ ਅਮਰੀਕਾ ਅਤੇ ਪਾਕਿਸਤਾਨ ਨੂੰਆਪਸ ਵਿੱਚ ਵਿਸ਼ਵਾਸ਼ ਦਾ ਪੱਧਰ ਵਧਾਉਣਾ ਚਾਹੀਦਾ ਹੈ ਅਤੇ ਸਬੰਧ ਸੁਧਾਰਨੇ ਚਾਹੀਦੇ ਹਨ।
ਉਨ੍ਹਾਂ ਨੇ ਲਿਖਿਆ ਹੈ ਕਿ ਸਾਡੇ ਤੇ ਸ਼ੱਕ ਕਰਨ ਵਾਲਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਤਵਾਦ ਦੇ ਖਿਲਾਫ਼ ਲੜਾਈ ਵਿੱਚ ਪਾਕਿਸਤਾਨ 5000 ਦੇ ਕਰੀਬ ਸੈਨਿਕ ਅਤੇ ਹਜ਼ਾਰਾਂ ਦੀ ਸੰਖਿਆ ਵਿੱਚ ਨਾਗਰਿਕ ਖੋਹ ਚੁੱਕਿਆ ਹੈ। ਵਰਨਣਯੋਗ ਹੈ ਕਿ ਹਕਾਨੀ ਨੈਟਵਰਕ ਦੇ ਖਿਲਾਫ਼ ਕਾਰਵਾਈ ਨਾ ਕਰਨ ਕਰਕੇ ਅਮਰੀਕੀ ਸੈਨਿਟ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 45 ਕਰੋੜ ਡਾਲਰ ਦੀ ਮੱਦਦ ਰੋਕ ਦਿੱਤੀ ਸੀ।