ਵਾਸ਼ਿੰਗਟਨ – ਫਲੋਰਿਡਾ ਵਿੱਚ ਐਤਵਾਰ ਨੂੰ ਇੱਕ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ ਦੌਰਾਨ 50 ਤੋਂ ਵੀ ਵੱਧ ਮਾਰੇ ਗਏ ਲੋਕਾਂ ਕਾਰਣ ਓਬਾਮਾ ਪ੍ਰਸ਼ਾਸਨ ਚਿੰਤਿਤ ਹੈ। ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਰਾਕ ਓਬਾਮਾ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਟਰੰਪ ਅਨੁਸਾਰ ਜੇ ਅਸੀਂ ਸਖਤ ਅਤੇ ਸਮਝਦਾਰ ਨਹੀਂ ਬਣੇ ਤਾਂ ਸਾਡਾ ਦੇਸ਼ ਬਚ ਨਹੀਂ ਸਕੇਗਾ, ਕਿਉਂਕਿ ਸਾਡੇ ਨੇਤਾ ਕਮਜ਼ੋਰ ਹਨ।
ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਓਬਾਮਾ ਨੇ ਆਰਲੈਂਡੋ ਦੇ ਅੱਤਵਾਦੀ ਹਮਲੇ ਦੇ ਲਈ ਸਿੱਧੇ ਤੌਰ ਤੇ ਇਸਲਾਮਿਕ ਕਟੜਪੰਥੀਆਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਇਸ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਟਰੰਪ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ‘ ਕਿਉਂਕਿ ਸਾਡਾ ਲੀਡਰ ਕਮਜ਼ੋਰ ਹੈ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਸੱਭ ਕੁਝ ਹੋਣ ਜਾ ਰਿਹਾ ਹੈ ਪਰ ਇਹ ਤਾਂ ਉਸ ਤੋਂ ਵੀ ਮਾੜਾ ਹੋਇਆ ਹੈ। ਇਸ ਲਈ ਸਾਡੇ ਵੀਕ ਲੀਡਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹੁਣ ਮੈਂ ਅਗਲੇ ਅੱਤਵਾਦੀ ਹਮਲੇ ਨੂੰ ਰੋਕਣ ਦਾ ਯਤਨ ਕਰ ਰਿਹਾ ਹਾਂ। ਅਸੀਂ ਰਾਜਨੀਤਕ ਤੌਰ ਤੇ ਇਸ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ।’
ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਡੈਮੋਕ੍ਰੇਟਿਕ ਉਮੀਦਵਾਰ ਹਿਲਰੀ ਕਲਿੰਟਨ ਦੀ ਆਲੋਚਨਾ ਦਾ ਜਵਾਬ ਦੇਣ ਦੇ ਲਈ ਉਹ ਇੱਕ ਜਨਸੱਭਾ ਨੂੰ ਸੰਬੋਧਨ ਕਰਨਗੇ। ਉਨ੍ਹਾਂ ਅਨੁਸਾਰ ਅੱਤਵਾਦ ਨਾਲ ਲੜਨ ਲਈ ਹੁਣ ਸਾਨੂੰ ਹੋਰ ਸਮਾਰਟ ਬਣਨਾ ਹੋਵੇਗਾ।