ਨਵੀਂ ਦਿੱਲੀ – ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਯੂਪੀ ਦੇ ਕੈਰਾਨਾ ਮਸਲੇ ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਅਗਰ ਇਹੋ ਜਿਹੀ ਸਥਿਤੀ ਰਹੀ ਤਾਂ ਕੋਈ ਸਮਾਂ ਆਵੇਗਾ ਜਦੋਂ ਕਿ ਯੂਪੀ ਵਿੱਚ ਕੋਈ ਰਹਿਣਾ ਨਹੀਂ ਚਾਹੇਗਾ। ਮੇਨਕਾ ਨੇ ਇਹ ਬਿਆਨ ਕੈਰਾਨਾ ਵਿੱਚ ਸੈਂਕੜੇ ਪਰੀਵਾਰਾਂ ਵੱਲੋਂ ਆਪਣੇ ਘਰ ਛੱਡ ਕੇ ਜਾਣ ਦੇ ਸਬੰਧ ਵਿੱਚ ਦਿੱਤਾ ਹੈ।
ਮੇਨਕਾ ਨੇ ਯੂਪੀ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਰਾਜ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਰਾਜ ਵਿੱਚ ਗੁੰਡਿਆਂ ਦਾ ਰਾਜ ਹੈ ਅਤੇ ਅਖਿਲੇਸ਼ ਸਰਕਾਰ ਉਨ੍ਹਾਂ ਤੇ ਲਗਾਮ ਕਸਣ ਵਿੱਚ ਅਸਫ਼ਲ ਰਹੀ ਹੈ। ਕੈਰਾਨਾ ਵਿੱਚੋਂ 300 ਤੋਂ ਵੱਧ ਪਰੀਵਾਰਾਂ ਦਾ ਪਲਾਇਨ ਕਰਕੇ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅਜਿਹਾ ਸਮਾਂ ਆਵੇਗਾ ਜਦੋਂ ਸੱਭ ਯੂਪੀ ਛੱਡ ਕੇ ਜਾਣਾ ਚਾਹੁੰਣਗੇ। ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਮੇਨਕਾ ਨੇ ਕਿਹਾ ਕਿ ਯੂਪੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਲੋਕਾਂ ਨੂੰ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਤੇ ਪ੍ਰਸ਼ਾਸਨ ੱਲੋਂ ਉਨ੍ਹਾਂ ਨੂੰ ਕੋਈ ਵੀ ਮੱਦਦ ਨਹੀਨ ਮਿਲ ਰਹੀ।