ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋਂ ਦਿੱਲੀ ਦੀ ਬਾਰਮੁਲਾ ਸੜਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਦੀ ਸ਼ਲਾਘਾ ਕਰਦਿਆਂ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਸੜਕ ਦੇ ਇੱਕ ਪਾਸੇ ਕਿਸੇ ਯੋਗ ਥਾਂ ‘ਤੇ ਬਾਬਾ ਬੰਦਾ ਸਿੰਘ ਦੇ ਨਾਮ ‘ਤੇ ਇੱਕ ਡਿਸਪੈਂਸਰੀ ਵੀ ਖੋਹਲੀ ਜਾਵੇ ਜਿਥੇ ਇੱਕ ਪੱਥਰ ਤੇ ਉਹਨਾਂ ਦਾ ਇਤਿਹਾਸ ਦਰਜ ਕੀਤਾ ਜਾਵੇ ਤਾਂ ਕਿ ਲੋਕ ਜਾਣ ਸਕਣ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਜਰਨੈਲ ਸੀ।
ਸ੍ਰ. ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋ ਬੜੇ ਹੀ ਢੋਲ ਢਮੱਕਿਆਂ ਨਾਲ ਇਹ ਐਲਾਨ ਕੀਤਾ ਗਿਆ ਸੀ ਕਿ ਮਹਿਰੌਲੀ ਵਿਖੇ ਇੱਕ ਪਾਰਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਬੁੱਤ ਲਗਾਇਆ ਜਾਵੇਗਾ ਪਰ ਦਿੱਲੀ ਕਮੇਟੀ ਨੂੰ ਕਾਮਯਾਬੀ ਹਾਸਲ ਨਹੀਂ ਹੋਈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਤਾਂ ਸੜਕ ਦਾ ਨਾਮ ਰੱਖ ਕੇ ਇੱਕ ਅੱਛਾ ਕਾਰਜ ਕੀਤਾ ਹੈ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਭਰਪੂਰ ਸ਼ਲਾਘਾ ਕਰਦਾ ਹੈ ਤੇ ਆਸ ਕਰਦਾ ਹੈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਸਿੱਖ ਜਰਨੈਲਾਂ ਪ੍ਰਤੀ ਆਪਣੀ ਨੀਤੀ ਬਣਾਈ ਰੱਖਣਗੇ। ਉਹਨਾਂ ਕਿਹਾ ਕਿ ਉਹ ਕੇਜਰੀਵਾਲ ਨੂੰ ਅਪੀਲ ਕਰਦੇ ਹਨ ਕਿ ਦਿੱਲੀ ਸਰਕਾਰ ਦਾ ਦਿੱਲੀ ਵਿੱਚ ਕਈ ਡਿਸਪੈਸਰੀਆਂ ਖੋਹਲਣ ਦਾ ਪ੍ਰੋਗਰਾਮ ਹੈ ਅਤੇ ਇਸੇ ਤਹਿਤ ਸੜਕ ਦੇ ਆਸ ਪਾਸ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਇੱਕ ਡਿਸਪੈਂਸਰੀ ਖੋਹਲੀ ਜਾਵੇ ਜਿਸ ਦੇ ਮੁੱਖ ਦਰਵਾਜੇ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਲਿਖਿਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਬਾਬਾ ਬੰਦਾ ਸਿੰਘ ਸਿੱਖਾਂ ਦਾ ਇੱਕ ਵਾਹਿਦ ਜਰਨੈਲ ਸੀ ਜਿਸ ਨੇ ਮੁਗਲਾਂ ਦੀ ਇੱਟ ਨਾ ਇੱਟ ਖੜਕਾ ਕੇ ਮੁਗਲ ਸਾਮਰਾਜ ਨੂੰ ਇੱਕ ਵਾਰੀ ਭਾਜੜਾਂ ਪਾ ਦਿੱਤੀਆਂ ਸਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਉਹਨਾਂ ਦੀ ਅਪੀਲ ਵੱਲ ਗੌਰ ਕਰਨਗੇ।
ਇਸੇ ਤਰ੍ਹਾਂ ਉਹਨਾਂ ਨੇ ਦਿੱਲੀ ਸਰਕਾਰ ਵੱਲੋਂ ਪੰਜਾਬੀ ਨੂੰ ਮਾਨਤਾ ਦਿੱਤੇ ਜਾਣ ਦਾ ਵੀ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਕਿਸੇ ਵੇਲੇ ਸਿੰਧ ਤੋਂ ਲੈ ਕੇ ਦਿੱਲੀ ਤੱਕ ਬੋਲੀ ਜਾਂਦੀ ਸੀ । ਉਹਨਾਂ ਕਿਹਾ ਕਿ ਅੱਜ ਵੀ ਦਿੱਲੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ ਅਤੇ ਪੰਜਾਬੀ ਨੂੰ ਪਿਆਰ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕ ਰੱਖਣ ਦਾ ਜੋ ਫੈਂਸਲਾ ਕੀਤਾ ਹੈ ਉਸ ਦਾ ਉਹ ਸੁਆਗਤ ਕਰਦੇ ਹਨ ਤੇ ਸਰਕਾਰ ਤੋ ਇਹ ਵੀ ਮੰਗ ਕਰਦੇ ਹਨ ਕਿ ਪੰਜਾਬੀ ਦੇ ਅਧਿਆਪਕ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆ ਜਾਣ ਜਿਹੜੀਆ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਦਿੱਤੀਆਂ ਜਾਂਦੀਆ ਹਨ।