ਤਲਵੰਡੀ ਸਾਬੋ – ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ, ਪਟਿਆਲਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਹਰਪ੍ਰੀਤ ਕੌਰ ਔਲਖ ਨੂੰ ਪੰਜ ਮੈਂਬਰੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਨਾਮਜਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਚੌਥੀ ਸਰਵ ਭਾਰਤੀ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਦੇ ਦਿਸ਼ਾ-ਨਿਰਦੇਸ਼ ਹੇਠ ਡਾ. ਹਰਪ੍ਰੀਤ ਕੌਰ ਦੀ ਯੋਗ ਅਗਵਾਈ ਵਿਚ ਕਰਵਾਈ ਗਈ, ਜੋ ਕਿ ਵੱਡੀ ਪੱਧਰ ‘ਤੇ ਸਫਲਤਾਪੂਰਵਕ ਨੇਪਰੇ ਚੜ੍ਹੀ। ਇਸ ਕਾਨਫਰੰਸ ਵਿਚ ਵੱਖ-ਵੱਖ ਵਿਚਾਰਧਾਰਾਵਾਂ ਦੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਰਾਜਾਂ ਦੇ ਵਿੱਦਿਅਕ ਅਦਾਰਿਆਂ ਤੋਂ ਪੁੱਜੇ ਸਕਾਲਰਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਸ਼ਲਾਘਾਯੋਗ ਖੋਜ ਪੱਤਰ ਪ੍ਰਸਤੁਤ ਕੀਤੇ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਭਰਪੂਰ ਸਹਿਯੋਗ ਅਤੇ ਕਾਨਫਰੰਸ ਦੇ ਆਰਗੇਨਾਈਜਿੰਗ ਸੈਕਟਰੀ ਡਾ. ਹਰਪ੍ਰੀਤ ਕੌਰ ਔਲਖ ਦੀ ਸਮਰੱਥਾ, ਸਮਰਪਿਤ ਭਾਵਨਾ ਅਤੇ ਉੱਚ-ਪੱਧਰੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੁੰਦਿਆਂ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਨੇ ਇਕ ਮਤੇ ਰਾਹੀਂ ਉਨ੍ਹਾਂ ਨੂੰ ਇਸ ਸੰਸਥਾ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਵਜੋਂ ਨਾਮਜਦ ਕਰ ਲਿਆ। ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਖਹਿਰਾ ਨੇ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਡਾ. ਹਰਪ੍ਰੀਤ ਕੌਰ ਦੀ ਪੰਜਾਬੀ ਲੇਖਕਾਂ ਅਤੇ ਖਾਸ ਕਰਕੇ ਲੋਕਧਾਰਾ ਦੇ ਵਿਸ਼ੇ ਵਿਚ ਆਪਣੀ ਨਿਵੇਕਲੀ ਪਛਾਣ ਬਣ ਚੁੱਕੀ ਹੈ।
ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਪ੍ਰਾਪਤੀ ਲਈ ਵਧਾਈ ਦੇਂਦਿਆਂ ਕਿਹਾ ਕਿ ਡਾ. ਹਰਪ੍ਰੀਤ ਕੌਰ ਵਰਗੇ ਸਟਾਫ ਮੈਂਬਰਾਂ ਤੇ ਯੂਨੀਵਰਸਿਟੀ ਹਮੇਸ਼ਾ ਮਾਣ ਕਰਦੀ ਹੈ ਜਿਨ੍ਹਾਂ ਨੇ ਆਪਣੇ ਥੋੜ੍ਹਾ ਸਮਾਂ ਪਹਿਲਾਂ ਆਰੰਭ ਕੀਤੇ ਸੇਵਾਕਾਲ ਦੌਰਾਨ ਪੰਜਾਬੀ ਵਿਭਾਗ ਵਿਖੇ ਵੱਖ-ਵੱਖ ਗਤੀਵਿਧੀਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਯੂਨੀਵਰਸਿਟੀ ਦੇ ਨਾਲ-ਨਾਲ ਪੰਜਾਬੀ ਮਾਂ-ਬੋਲੀ ਪ੍ਰਤੀ ਡਾ. ਹਰਪ੍ਰੀਤ ਕੌਰ ਦੀ ਸਮਰਪਿਤ ਭਾਵਨਾ ਨੂੰ ਸਲਾਹੁੰਦਿਆਂ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।