? ਜੇਕਰ ਇੱਕ ਜ਼ਖਮ ਨੂੰ ਅਸੀਂ ਕਿਸੇ ਤਲਦੀ ਹੋਈ ਚੀਜ਼ ਦੇ ਨੇੜੇ ਲੈ ਜਾਈਏ ਅਤੇ ਇਹ ਵਧ ਜਾਂਦਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ?
* ਜ਼ਖ਼ਮਾਂ ਨੂੰ ਤਲਦੀ ਹੋਈ ਚੀਜ਼ ਦੇ ਨਜ਼ਦੀਕ ਲਿਜਾਣ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੁੰਦਾ।
? ਜੇਕਰ ਅਸੀਂ ਬਰਫ਼ ਦੇ ਇੱਕ ਟੁਕੜੇ ਨੂੰ ਆਪਣੇ ਸਿਰ ਉੱਤੇ ਰੱਖ ਲਈਏ ਤਾਂ ਕੁਝ ਸਮੇਂ ਬਾਅਦ ਸਿਰ ਨੂੰ ਠੰਡ ਸਹਿਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਇੱਕ ਤਰ੍ਹਾਂ ਦਾ ਦਰਦ ਹੁੰਦਾ ਹੈ, ਐਸਾ ਕਿਉਂ?
* ਮਨੁੱਖੀ ਸਰੀਰ ਵਿਚ ਵੀ ਸੈੱਲ ਹੁੰਦੇ ਹਨ। ਗਰਮੀ ਜਾਂ ਸਰਦੀ ਨਾਲ ਇਹ ਵੀ ਜਲ ਜਾਂਦੇ ਹਨ ਜਾਂ ਜ਼ਖਮੀ ਹੋ ਜਾਂਦੇ ਹਨ। ਜਿਸ ਨਾਲ ਸਿਰ ਨੂੰ ਠੰਡ ਸਹਿਣੀ ਮੁਸ਼ਕਿਲ ਹੋ ਜਾਂਦੀ ਹੈ।
? ਤੁਸੀਂ ਕਿਹਾ ਸੀ ਕਿ ਮਨੁੱਖ, ਮਨੁੱਖੀ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਦੇ ਆਪਸੀ ਤਾਲਮੇਲ ਕਾਰਨ ਜਿਉਂਦਾ ਰਹਿੰਦਾ ਹੈ। ਕੀ ਇੱਕ ਵਾਰ ਅੰਗ ਪ੍ਰਣਾਲੀਆਂ ਦਾ ਤਾਲ-ਮੇਲ ਟੁੱਟਣ ਤੋਂ ਬਾਅਦ ਉਹ ਦੁਬਾਰਾ ਕਾਇਮ ਨਹੀਂ ਕੀਤਾ ਜਾ ਸਕਦਾ। ਜੇਕਰ ਨਹੀਂ ਤਾਂ ਕਿਉਂ?
* ਜਿਵੇਂ ਤੁਸੀਂ ਅਧਰੰਗ ਦੇ ਮਰੀਜ਼ ਵੇਖਦੇ ਹੋ ਇਹਨਾਂ ਵਿੱਚ ਕੰਟਰੋਲ ਸਿਸਟਮ ਦਿਮਾਗ ਤੋਂ ਟੁੱਟ ਜਾਂਦਾ ਹੈ। ਪਰ ਡਾਕਟਰਾਂ ਦੇ ਯਤਨਾਂ ਨਾਲ ਇਹ ਬਹੁਤੀਆਂ ਹਾਲਤਾਂ ਵਿੱਚ ਮੁੜ ਬਹਾਲ ਹੋ ਜਾਂਦਾ ਹੈ। ਬਿਮਾਰ ਠੀਕ ਵੀ ਹੋ ਜਾਂਦੇ ਹਨ। ਕਈ ਵਾਰੀ ਇਹ ਤਾਲ-ਮੇਲ ਸਦਾ ਲਈ ਖਤਮ ਵੀ ਹੋ ਜਾਂਦਾ ਹੈ। ਤੁਸੀਂ ਕਿਸੇ ਕਾਣੇ ਵਿਅਕਤੀ ਨੂੰ ਵੇਖਦੇ ਹੋ, ਉਸਦੀ ਇੱਕ ਅੱਖ ਦਾ ਸਬੰਧ ਸਦਾ ਲਈ ਸਰੀਰ ਨਾਲੋਂ ਖਤਮ ਹੋ ਚੁੱਕਿਆ ਹੁੰਦਾ ਹੈ।
? ਸਿਗਰਟ ਪੀਣ ਵਾਲੇ ਅਤੇ ਨਾ ਪੀਣ ਵਾਲੇ ਵਿਚੋਂ (ਜੋ ਉਸਦੇ ਲਾਗੇ ਖੜ੍ਹਾ ਹੋਵੇ) ਕਿਸਨੂੰ ਵੱਧ ਨੁਕਸਾਨ ਕਰੇਗੀ?
* ਸਿਗਰਟ ਪੀਣ ਵਾਲੇ ਨੂੰ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ। ਪਰ ਉਸਦੇ ਆਲੇ-ਦੁਆਲੇ ਫੈਲਿਆ ਧੂੰਆਂ ਕੋਲ ਖੜ੍ਹੇ ਵਿਅਕਤੀਆਂ ਵਿਚ ਵੀ ਜਾਂਦਾ ਹੀ ਹੈ। ਇਸ ਲਈ ਨੁਕਸਾਨ ਉਨ੍ਹਾਂ ਨੂੰ ਵੀ ਹੁੰਦਾ ਹੈ।
? ਔਰਤ ਦੇ ਗੰਜ ਕਿਉਂ ਨਹੀਂ ਹੁੰਦਾ?
* ਬਹੁਤ ਘੱਟ ਔਰਤਾਂ ਗੰਜੀਆਂ ਹੁੰਦੀਆਂ ਹਨ। ਇਸਦਾ ਕਾਰਨ ਮਰਦਾਂ ਵਿੱਚ ਐਂਡਰੋਜਨ ਨਾਂ ਦੇ ਰਸ ਦੀ ਘਾਟ ਕਾਰਨ ਹੁੰਦਾ ਹੈ ਤੇ ਇਸਤਰੀਆਂ ਵਿਚ ਇਸ ਨਾਂ ਦਾ ਹਾਰਮੋਨ ਪੈਦਾ ਹੀ ਨਹੀਂ ਹੁੰਦਾ ਹੈ। ਜਿਸ ਕਾਰਨ ਉਹ ਘੱਟ ਹੀ ਗੰਜੀਆਂ ਹੁੰਦੀਆਂ ਹਨ।
? ਅੱਖਾਂ ਜਾਂ ਹੋਰ ਅੰਗ ਕੀ ਕਿਸੇ ਮਨੁੱਖ ਦੇ ਦਾਨ ਵਜੋਂ ਹੀ ਪਾਏ ਜਾਂਦੇ ਹਨ ਜਾਂ ਪੈਸੇ ਲੈ ਕੇ। ਦਾਨ ਰੂਪ ‘ਚ ਪਾਏ ਜਾਣ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
* ਅੱਖਾਂ ਤੇ ਸਰੀਰ ਦਾਨ ਕਰਨ ਵੇਲੇ ਹਰੇਕ ਵਿਅਕਤੀ ਦੇ ਮਨ ਵਿਚ ਇਹੀ ਭਾਵਨਾ ਹੁੰਦੀ ਹੈ ਕਿ ਮੈਂ ਤਾਂ ਮਰ ਹੀ ਜਾਣਾ ਹੈ ਅਤੇ ਮੇਰੇ ਸਰੀਰ ਦੇ ਬਾਕੀ ਅੰਗਾਂ ਨੇ ਵੀ ਗਲ-ਸੜ ਹੀ ਜਾਣਾ ਹੈ। ਇਸ ਲਈ ਚੰਗੀ ਗੱਲ ਇਹ ਹੋਵੇਗੀ ਕਿ ਇਹ ਅੰਗ ਅਤੇ ਸਰੀਰ ਕਿਸੇ ਦੇ ਕੰਮ ਆ ਸਕੇ। ਇਸ ਲਈ ਉਹ ਆਪਣੇ ਸਰੀਰ ਅਤੇ ਅੰਗਾਂ ਨੂੰ ਦਾਨ ਕਰ ਦਿੰਦੇ ਹਨ। ਪਰ ਸਭ ਤੋਂ ਵੱਧ ਧਰਮਾਂ ਅਤੇ ਧਾਰਮਿਕ ਵਿਅਕਤੀਆਂ ਵਾਲੇ ਦੇਸ਼ ਭਾਰਤ ਵਿਚ ਤਾਂ ਬੇਇਮਾਨੀ ਕੁੱਟ-ਕੁੱਟ ਕੇ ਭਰੀ ਹੋਈ ਹੈ ਤੇ ਕੁਝ ਵਿਅਕਤੀ ਅਜਿਹੇ ਅੰਗਾਂ ਨੂੰ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹੇ ਵਿਅਕਤੀਆਂ ਤੇ ਅਜਿਹੇ ਰਾਜ ਪ੍ਰਬੰਧ ਵਿਰੁੱਧ ਵਿਦਰੋਹ ਕਰਨਾ ਚਾਹੀਦਾ ਹੈ।
? ਪਹਾੜਾਂ ਵਿਚ ਸਫਰ ਕਰਦਿਆਂ ਕਈ ਵਾਰ ਸੁਣਾਈ ਘੱਟ ਦੇਣ ਲੱਗ ਜਾਂਦਾ ਹੈ, ਕਿਉਂ?
* ਕਈ ਥਾਵਾਂ ਉੱਪਰ ਪਹਾੜਾਂ ਦੀ ਬਣਤਰ ਤੇ ਸਥਿਤੀ ਅਜਿਹੀ ਹੁੰਦੀ ਹੈ ਕਿ ਉਸ ਸਥਾਨ ‘ਤੇ ਆਵਾਜ਼ ਪਰਿਵਰਤਿਤ ਨਹੀਂ ਹੁੰਦੀ ਸਗੋਂ ਪਹਾੜਾਂ ਵਿਚ ਹੀ ਸਮਾ ਜਾਂਦੀ ਹੈ। ਕਈ ਵਾਰ ਜ਼ਿਆਦਾ ਉਚਾਈ ਹੋਣ ਕਾਰਨ ਸਾਡੇ ਕੰਨਾਂ ਤੇ ਹਵਾ ਦਾ ਦਬਾਉ ਵੀ ਘਟ ਜਾਂਦਾ ਹੈ। ਸੋ ਉਪਰੋਕਤ ਦੋਵੇਂ ਕਾਰਨਾਂ ਕਰਕੇ ਘੱਟ ਸੁਣਾਈ ਦੇਣ ਲੱਗ ਜਾਂਦਾ ਹੈ।
? ਇਨਸਾਨ ਦੇ ਸਰੀਰ ਅੰਦਰ ਹੱਡੀਆਂ ਦੇ ਜੋੜਾਂ ਦੀ ਗਿਣਤੀ ਕਿੰਨੀ ਕੁ ਹੈ?
* ਇਨਸਾਨ ਦੇ ਸਰੀਰ ਅੰਦਰ ਹੱਡੀਆਂ ਦੇ ਜੋੜਾਂ ਦੀ ਕੁੱਲ ਗਿਣਤੀ 206 ਹੁੰਦੀ ਹੈ।
? ਫੇਫੜਿਆਂ ਦੀ ਸ਼ਕਤੀ ਜਾਂ ਵਾਈਟਲ ਕਪੈਸਟੀ ਨੂੰ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ?
* ਫੇਫੜਿਆਂ ਦੀ ਸ਼ਕਤੀ ਨੂੰ ਫੇਫੜਿਆਂ ਵਿਚੋਂ ਮਰਵਾਈ ਫੂਕ ਦੇ ਦਬਾਓ ਨਾਲ ਮਾਪਿਆ ਜਾਂਦਾ ਹੈ।
? ਕੀ ਵਾਕਈ ਹੀ ਬੰਦਾ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ।
* ਮਨੁੱਖੀ ਜੀਵਨ ਵਿਚ ਬਹੁਤ ਸਾਰੀਆਂ ਮਿਥਿਹਾਸਕ ਗੱਲਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਮਰਦ ਤੇ ਘੋੜਾ ਬੁੱਢੇ ਨਹੀਂ ਹੁੰਦੇ। ਜਾਂ ਇਸਤਰੀਆਂ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ। ਇਨ੍ਹਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ। ਇਹ ਬਿਲਕੁਲ ਝੂਠੀਆਂ ਹੁੰਦੀਆਂ ਹਨ। ਸਮੇਂ ਦੇ ਨਾਲ ਮਰਦ ਅਤੇ ਘੋੜਾ ਦੋਹਾਂ ਨੇ ਹੀ ਬੁੱਢੇ ਹੋ ਕੇ ਮਰਨਾ ਹੀ ਹੁੰਦਾ ਹੈ।
? ਅੱਖਾਂ ਵਿਚ ਅੱਥਰੂ ਆਉਣ ਦਾ ਕੀ ਕਾਰਨ ਹੈ?
* ਸਾਡੀਆਂ ਅੱਖਾਂ ਅੰਦਰ ਡੇਲੇ ਨੂੰ ਆਸੇ ਪਾਸੇ ਵੇਖਣ ਲਈ ਘੁੰਮਣਾ ਪੈਂਦਾ ਹੈ। ਮਿੱਟੀ ਘੱਟੇ ਤੋਂ ਬਚਾਉਣ ਲਈ ਅੱਖਾਂ ਝਮਕਣੀਆਂ ਵੀ ਪੈਂਦੀਆਂ ਹਨ। ਸੋ ਇਸ ਸਾਰੇ ਕੁਝ ਲਈ ਪਾਣੀ ਦੀ ਲੋੜ ਹੁੰਦੀ ਹੀ ਹੈ। ਭਾਵੁਕਤਾ ਸਮੇਂ ਅਸੀਂ ਆਪਣੀਆਂ ਅੱਖਾਂ ਵਿਚੋਂ ਪਾਣੀ ਕੱਢ ਵੀ ਸਕਦੇ ਹਾਂ।
? ਮੇਰੀ ਗਰਦਨ ਦੇ ਸੱਜੇ ਪਾਸੇ ਇੱਕ ਵੱਡਾ ਮੌਹਕਾ ਹੈ। ਇਹ ਗਰਦਨ ਦੇ ਖੱਬੇ ਪਾਸੇ ਕਿਉਂ ਨਹੀਂ ਹੋਇਆ। ਸੱਜੇ ਪਾਸੇ ਹੀ ਕਿਉਂ ਹੋਇਆ?
* ਮੌਹਕੇ ਜਾਂ ਤਿਣ ਤਾਂ ਨਿੱਕੀ ਜਿਹੀ ਇਨਫੈਕਸ਼ਨ ਕਾਰਨ ਪੈਦਾ ਹੁੰਦੇ ਹਨ। ਜੇ ਇਨਫੈਕਸ਼ਨ ਤੁਹਾਡੇ ਸੱਜੇ ਪਾਸੇ ਹੋਈ ਤਾਂ ਮੌਹਕਾ ਵੀ ਸੱਜੇ ਪਾਸੇ ਹੀ ਹੋਵੇਗਾ।
? ਜੇਕਰ ਮਨੁੱਖ ਦਾ ਡਿਫੈਂਸਿਵ ਸਿਸਟਮ ਰੋਗਾਂ ਨਾਲ ਲੜਨ ਦੇ ਸਮਰੱਥ ਹੁੰਦਾ ਹੈ ਤਾਂ ਫਿਰ ਬਾਹਰੋਂ ਦਵਾਈਆਂ ਦੇਣ ਦੀ ਕੀ ਲੋੜ ਹੁੰਦੀ ਹੈ?
* ਦਵਾਈਆਂ ਦਾ ਮੁੱਖ ਰੋਲ ਤਾਂ ਮਨੁੱਖ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਵਿਸ਼ੇਸ਼ ਵਾਇਰਸਾਂ ਨੂੰ ਮਾਰਨਾ ਹੀ ਹੁੰਦਾ ਹੈ।
? ਪਾਦਰੀ ਸਾਰੀ ਉਮਰ ਕੁਆਰੇ ਰਹਿ ਕੇ ਤ੍ਰਿਪਤੀ ਕਿਵੇਂ ਕਰਦੇ ਨੇ?
* ਪਾਦਰੀਆਂ ਵਿਚ ਭਾਵੇਂ ਬਹੁਤੇ ਦਿਖਾਵੇ ਦੇ ਤੌਰ ‘ਤੇ ਹੀ ਆਪਣੇ ਆਪ ਨੂੰ ਕੁਆਰੇ ਰੱਖਦੇ ਹਨ। ਸਾਧਾਂ ਦੇ ਡੇਰਿਆਂ ਅਤੇ ਧਾਰਮਿਕ ਸਥਾਨਾਂ ਤੇ ਅਜਿਹੀਆਂ ਇਸਤਰੀਆਂ ਵੱਡੀ ਗਿਣਤੀ ਵਿਚ ਜਾਂਦੀਆਂ ਹਨ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਪਤੀ ਤੋਂ ਸਤੁੰਸ਼ਟ ਨਹੀਂ ਹੁੰਦੀਆਂ। ਪਾਦਰੀ ਤੇ ਸਾਧ ਅਜਿਹੀਆਂ ਬੇਵਸੀਆਂ ਦਾ ਫਾਇਦਾ ਉਠਾਉਂਦੇ ਹਨ। ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਸੈਕਸ ਤ੍ਰਿਪਤੀ ਅਜਿਹਾ ਜੀਵਨ ਢੰਗ ਨਹੀਂ ਹੈ ਜਿਸ ਤੋਂ ਬਗੈਰ ਵੀ ਜਿਉਂਦਾ ਨਾ ਰਿਹਾ ਜਾ ਸਕਦਾ ਹੋਵੇ।