ਨਵੀਂ ਦਿੱਲੀ – ਇੱਕ ਕਸ਼ਮੀਰੀ ਮੈਡੀਕਲ ਸਟੂਡੈਂਟ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਆਪਣੇ ਬੈਗ ਤੇ ਕੁਝ ਇਤਰਾਜ਼ਯੋਗ ਸ਼ਬਦ ਲਿਖੇ ਹੋਣ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਲੜਕੀ ਦੇ ਬੈਗ ਤੇ ਲਿਖਿਆ ਸੀ,’ਇਸ ਵਿੱਚ ਬੰਬ ਹੋ ਸਕਦਾ ਹੈ।’ ਇਸ ਲਈ ਸੁਰੱਖਿਆ ਅਤੇ ਇੰਟੈਲੀਜੈਂਸ ਸਟਾਫ਼ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ।
ਸ੍ਰੀਨਗਰ ਦੇ ਰਾਜਬਾਗ ਦੀ ਰਹਿਣ ਵਾਲੀ ਇਹ ਲੜਕੀ ਅਤੇ ਉਸ ਦੇ ਤਿੰਨ ਦੋਸਤ ਕੋਲਕਾਤਾ ਅਤੇ ਨਵੀਂ ਦਿੱਲੀ ਦੇ ਰਸਤੇ ਢਾਕਾ ਤੋਂ ਸ੍ਰੀਨਗਰ ਜਾ ਰਹੇ ਸਨ। ਉਹ ਸ਼ੁਕਰਵਾਰ ਸਵੇਰੇ 11 ਵਜੇ ਆਈਜੀਆਈ ਏਅਰਪੋਰਟ ਤੇ ਉਤਰੀ ਸੀ। ਇਸ ਦੌਰਾਨ ਜਦੋਂ ਉਹ ਲੜਕੀ ਅਤੇ ਉਸ ਦੇ ਦੋਸਤ ਸਕਿਉਰਟੀ ਚੈਕ ਵੱਲ ਜਾ ਰਹੇ ਸਨ ਤਾਂ ਇੱਕ ਜਵਾਨ ਨੇ ਉਸ ਦੇ ਬੈਗ ਤੇ ਬੰਬ ਸਬੰਧੀ ਲਿਖਿਆ ਵੇਖਿਆ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ।
ਸੁਰੱਖਿਆ ਅਧਿਕਾਰੀਆਂ ਨੇ ਬੰਗਲਾ ਦੇਸ਼ ਅਤੇ ਸ੍ਰੀਨਗਰ ਵਿੱਚ ਇਸ ਮੈਡੀਕਲ ਸਟੂਡੈਂਟ ਦਾ ਬੈਕ ਗਰਾਊਂਡ ਚੈਕ ਕਰਵਾਇਆ ਗਿਆ। ਜਦੋਂ ਉਸ ਬਾਰੇ ਸੱਭ ਕੁਝ ਸਹੀ ਪਾਇਆ ਗਿਆ ਤਾਂ ਸ਼ੱਕ ਦੀ ਕੋਈ ਵੀ ਗੁੰਜਾਇਸ਼ ਨਾ ਹੋਣ ਤੇ ਉਸ ਨੂੰ ਜਾਣ ਦਿੱਤਾ ਗਿਆ।