ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਜਿਹੜਾ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੰਗਤਾਂ ਨੂੰ ਜਿਹੜੀ ਦਿੱਲੀ ਦੰਗਿਆਂ ਦੀ ਜਾਂਚ ਵਿੱਚ ਹੋ ਰਹੀ ਦੇਰੀ ਦੀ ਜਾਣਕਾਰੀ ਦਿੱਤੀ ਹੈ ਉਹ ਸ਼ਲਾਘਾਯੋਗ ਕਦਮ ਹੈ ਪਰ ਉਹ ਕੇਂਦਰ ਦੀ ਐਸ.ਆਈ.ਟੀ ਨੂੰ ਆਪਣਾ ਕੰਮ ਕਰਨ ਦੇਵੇ ਅਤੇ ਦਿੱਲੀ ਸਰਕਾਰ ਵੱਲੋ ਐਸ.ਆਈ.ਟੀ ਬਣਾ ਕੇ ਦਿੱਲੀ ਦੰਗਿਆਂ ਦੀ ਜਾਂਚ ਨੂੰ ਸਮਾਂਬੰਦ ਕਰਕੇ ਚਾਰ ਮਹੀਨਿਆਂ ਵਿੱਚ ਪੂਰਾ ਕਰਵਾਏ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਕੇਜਰੀਵਾਲ ਨੇ ਆਪਣੀ ਸਰਕਾਰ ਬਣਨ ਤੋ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋ ਬਾਅਦ ਤਿੰਨ ਮਹੀਨਿਆਂ ਵਿੱਚ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਖੜਾ ਕਰੇਗਾ ਪਰ ਇੱਕ ਸਾਲ ਤੋ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਨੇ ਜੇਕਰ ਆਪਣੀ ਐਸ.ਆਈ.ਟੀ ਬਣਾਈ ਹੈ ਤਾਂ ਉਸ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਅਤੇ ਸੂਬਾ ਸਰਕਾਰ ਐਸ.ਆਈ.ਟੀ ਬਣਾ ਕੇ ਜਿਹੜਾ ਵਾਅਦਾ ਸਿੱਖਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਸੀ ਉਸ ਨੂੰ ਪੂਰਾ ਕਰੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਣਾਈ ਐਸ.ਆਈ.ਟੀ ਕੇਂਦਰ ਕੋਲੋ ਜਾਂਚ ਲਈ ਦਸਤਾਵੇਜ਼ਾਂ ਦੀ ਮੰਗ ਕਰਦੀ ਹੈ ਤਾਂ ਕੇਂਦਰ ਕਦੇ ਵੀ ਇਨਕਾਰ ਕਰ ਸਕਦੀ ਕਿਉਂਕਿ ਮਾਮਲਾ ਸੰਗੀਨ ਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਦਾ ਹੈ। ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰ. ਹਰਵਿੰਦਰ ਸਿੰਘ ਫੂਲਕਾ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਦਿੱਲੀ ਦੰਗਿਆ ਦੇ ਕੇਸਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ ਤਾਂ ਬਹੁਤ ਸਾਰੇ ਦਸਤਾਵੇਜ਼ ਤਾਂ ਉਹਨਾਂ ਕੋਲ ਵੀ ਜ਼ਰੂਰ ਹੋਣੇ ਚਾਹੀਦੇ ਹਨ। ਉਹਨਾਂ ਕੇਜਰੀਵਾਲ ਨੂੰ ਕਿਹਾ ਕਿ ਉਹ ਸੁਪਰੀਮ ਦੇ ਸਾਬਕਾ ਜੱਜਾਂ ਅਤੇ ਸੀਨੀਅਰ ਵਕੀਲਾਂ ਦੇ ਆਧਾਰ ‘ਤੇ ਇੱਕ ਐਸ.ਆਈ.ਟੀ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਉਸ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਜੀ ਹੁਣ ਬਾਲ ਇਸ ਵੇਲੇ ਤੁਹਾਡੇ ਪਾਲੇ ਵਿੱਚ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਵਾਅਦੇ ਮੁਤਾਬਕ ਸਿੱਖਾਂ ਇਨਸਾਫ ਦਿਉਗੇ ਕਿਉਂਕਿ ਸਿੱਖਾਂ ਨੇ ਆਮ ਆਦਮੀ ਪਾਰਟੀ ਨੂੰ ਲੱਖਾਂ ਦੀ ਤਦਾਦ ਵਿੱਚ ਵੋਟਾਂ ਪਾ ਕੇ ਤੁਹਾਨੂੰ ਮੁੱਖ ਮੰਤਰੀ ਬਨਣ ਦਾ ਸੁਨਿਹਰੀ ਮੌਕਾ ਇਨਸਾਫ ਮਿਲਣ ਦੀ ਆਸ ਨਾਲ ਹੀ ਦਿੱਤਾ ਹੈ।