ਨਵੀਂ ਦਿੱਲੀ : ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਨੇ ਅੱਜ ਮਹਾਨ ਸਿੱਖ ਜਰਨੈਲ ਅਤੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਚਲਦੇ ਨਾਨਕਸ਼ਾਹੀ ਸਿੱਕੇ ਦਾ ਪ੍ਰਤੀਰੂਪੀ ਸਿੱਕਾ ਨੈਸ਼ਨਲ ਮੀਡੀਆ ਸੈਂਟਰ ਵਿਖੇ ਜਾਰੀ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਅਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਡਾ ਨੂੰ ਇਨ੍ਹਾਂ ਇਤਿਹਾਸਿਕ ਪਲਾਂ ਦਾ ਗਵਾਹ ਬਣਨ ਦਾ ਮੌਕਾ ਮਿਲਿਆ।
ਜੀ.ਕੇ. ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕਰਨ ਤੋਂ ਬਾਅਦ ਆਪਣੇ ਨਾਂ ਤੇ ਸਿੱਕੇ ਚਲਾਉਣ ਦੀ ਹੁਕਮਰਾਨਾ ਦੀ ਪੁਰਾਣੀ ਪਿਰਤ ਨੂੰ ਹਟਾਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਇਕਬਾਲ ਨੂੰ ਬੁਲੰਦ ਕਰਨ ਵਾਲੇ ਸਿੱਕੇ ਚਲਾ ਕੇ ਇੱਕ ਵੱਖਰੀ ਮਿਸ਼ਾਲ ਕਾਇਮ ਕੀਤੀ ਸੀ। ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਸਮਾਪਤੀ ਉਪਰੰਤ ਮੁਗਲ ਹਾਕਮਾਂ ਵੱਲੋਂ ਬਾਬਾ ਜੀ ਵੱਲੋਂ ਚਲਾਏ ਗਏ ਸਿੱਕਿਆਂ ਨੂੰ ਗਲਾਉਣ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਵੱਲੋਂ ਐਮ.ਐਮ.ਟੀ.ਸੀ. ਤੋਂ ਤਿਆਰ ਕਰਵਾਏ ਗਏ ਸਿੱਕਿਆਂ ਨੂੰ ਆਉਣ ਵਾਲੀ ਕਈ ਸੱਦੀਆਂ ਤੱਕ ਯਾਦਗਾਰ ਦੇ ਤੌਰ ਤੇ ਸਿੱਖਾਂ ਕੋਲ ਸੁਰੱਖਿਅਤ ਰਹਿਣ ਦਾ ਵੀ ਦਾਅਵਾ ਕੀਤਾ।
ਜੇਟਲੀ ਨੇ ਦਿੱਲੀ ਕਮੇਟੀ ਵੱਲੋਂ ਬਾਬਾ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਮਹਾਪੁਰਸ਼ਾ ਦੀ ਯਾਦ ਅਤੇ ਆਜ਼ਾਦੀ ਦਾ ਜ਼ਸ਼ਨ ਮਨਾਉਣ ਵੱਜੋਂ ਪਰਿਭਾਸ਼ਿਤ ਕੀਤਾ। ਜੇਟਲੀ ਨੇ ਬਾਬਾ ਜੀ ਤੇ ਇੱਕ ਛੋਟੀ ਫ਼ਿਲਮ ਤਿਆਰ ਕਰਨ ਦੀ ਵੀ ਕਮੇਟੀ ਨੂੰ ਸਲਾਹ ਦਿੱਤੀ। ਜੇਟਲੀ ਨੇ ਕਿਹਾ ਕਿ ਖਾਲਸੇ ਦਾ ਬਹਾਦਰੀ ਤੇ ਕੁਰਬਾਨੀ ਦਾ ਇਤਿਹਾਸ ਹੈ ਜਿਸ ਵਿਚ 1716 ਦੀ ਵਿਸ਼ੇਸ਼ ਮਹੱਤਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਜੁਲਾਈ ਨੂੰ ਪੰਜਾਬ ਸਰਕਾਰ ਦੇ ਪ੍ਰੋਗਰਾਮ ਵਿਚ ਹਾਜ਼ਰੀ ਭਰਨ ਦੀ ਗੱਲ ਕਰਦੇ ਹੋਏ ਜੇਟਲੀ ਨੇ ਦੇਸ਼ ਵਿਰੋਧੀ ਤਾਕਤਾਂ ਤੇ ਇਤਿਹਾਸ ਨੂੰ ਕਮਜੋਰ ਕਰਨ ਦਾ ਵੀ ਦੋਸ਼ ਲਗਾਇਆ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਬਾਬਾ ਜੀ ਨੇ ਆਪਣਾ ਰਾਜ ਸਥਾਪਿਤ ਕਰਨ ਤੋਂ ਬਾਅਦ ਆਪਣੇ ਨਾਂ ਤੇ ਮੋਹਰ ਅਤੇ ਸਿੱਕਾ ਨਾ ਚਲਾ ਕੇ ਗੁਰੂ ਸਾਹਿਬਾਨਾਂ ਨੂੰ ਦਿੱਤਾ ਸਤਿਕਾਰ ਸਿੱਖ ਇਤਿਹਾਸ ਵਿਚ ਖਾਸ ਥਾਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਮਹਾਨ ਯੋਧਾ ਹੋਣ ਦੇ ਨਾਲ ਹੀ ਖੁਦਮੁਖਤਿਆਰੀ ਵਾਲਾ ਜੋ ਰਾਜ ਸਥਾਪਿਤ ਕੀਤਾ ਸੀ ਉਹ ਆਮ ਆਦਮੀ ਦਾ ਰਾਜ ਸੀ। ਤ੍ਰਿਲੋਚਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸੰਸਦ ਭਵਨ ਵਿਚ ਸਥਾਪਿਤ ਕਰਨ ਵੇਲੇ ਮਹਾਰਾਜਾ ਨੂੰ ਆਖਰੀ ਸਿੱਖ ਬਾਦਸ਼ਾਹ ਦੱਸਣ ਦਾ ਹਵਾਲਾ ਦਿੰਦੇ ਹੋਏ ਅੱਜ ਖਜਾਨਾ ਮੰਤਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲੇ ਸਿੱਖ ਬਾਦਸ਼ਾਹ ਵੱਜੋਂ ਦਿੱਤੇ ਗਏ ਖਿਤਾਬ ਦੇ ਸੰਜੋਗ ਵੱਜੋਂ ਆਪਸ ਵਿਚ ਜੋੜਿਆ। ਤ੍ਰਿਲੋਚਨ ਸਿੰਘ ਨੇ ਸਿੱਕੇ ਜਾਰੀ ਕਰਨ ਸਮਾਗਮ ’ਚ ਖਜਾਨਾ ਮੰਤਰੀ ਦੀ ਹਾਜਰੀ ਨੂੰ ਬਾਬਾ ਦੀ ਸ਼ਹਾਦਤ ਨੂੰ ਭਾਰਤ ਸਰਕਾਰ ਵੱਲੋਂ ਪ੍ਰਮਾਣਿਤ ਕਰਨ ਵੱਜੋਂ ਦੱਸਿਆ।
ਇਸ ਮੌਕੇ ਗਾਇਕ ਸਿਮਰਨਜੀਤ ਸਿੰਘ ਵੱਲੋਂ ਬਾਬਾ ਜੀ ਬਾਰੇ ਗਾਏ ਗਏ ਗੀਤ ਦੀ ਵੀਡੀਓ ਉੱਘੇ ਸਨਤਕਾਰ ਰਜਿੰਦਰ ਸਿੰਘ ਚੱਡਾ ਦੀ ਮੌਜੂਦਗੀ ਵਿਚ ਜੇਟਲੀ ਨੇ ਜਾਰੀ ਕੀਤੀ। ਪਬਲਿਕ ਸੈਕਟਰ ਦੇ 2 ਵੱਡੇ ਬੈਂਕਾਂ ’ਚ ਚੇਅਰਮੈਨ ਵੱਜੋਂ ਸੇਵਾ ਨਿਭਾ ਚੁੱਕੇ ਵੱਡੇ ਸਿੱਖ ਅਧਿਕਾਰੀ ਪਦਮਸ਼੍ਰੀ ਕੇ.ਐਸ. ਬੈਂਸ (ਪੰਜਾਬ ਐਂਡ ਸਿੰਘ ਬੈਂਕ) ਅਤੇ ਐਸ.ਐਸ. ਕੋਹਲੀ (ਪੰਜਾਬ ਨੈਸ਼ਨਲ ਬੈਂਕ) ਨੇ ਜੇਟਲੀ ਨੂੰ ਫੁੱਲਾਂ ਦਾ ਗੁਲਦੱਸਤਾ ਦੇ ਕੇ ਜੀ ਆਇਆ ਕਿਹਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ ਅਤੇ ਐਮ.ਐਮ.ਟੀ.ਸੀ. ਦੇ ਜਨਰਲ ਮੈਨੇਜਰ ਰਵੀ ਕਿਸ਼ੋਰ ਨੇ ਜੇਟਲੀ ਨੂੰ ਇੱਕ ਸਿੱਕਾ ਅਤੇ ਯਾਦਗਾਰੀ ਚਿਨ੍ਹ ਵੀ ਭੇਂਟ ਕੀਤਾ।
ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਨਿਭਾਈ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ., ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ, ਰਵੇਲ ਸਿੰਘ, ਬੀਬੀ ਧੀਰਜ ਕੌਰ, ਗੁਰਮੀਤ ਸਿੰਘ ਲੁਬਾਣਾ, ਜੀਤ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ ਲਵਲੀ, ਜਤਿੰਦਰ ਪਾਲ ਸਿੰਘ ਗੋਲਡੀ, ਅਕਾਲੀ ਆਗੂ ਵਿਕਰਮ ਸਿੰਘ ਤੇ ਮਨਜੀਤ ਸਿੰਘ ਔਲਖ ਇਸ ਮੌਕੇ ਮੌਜੂਦ ਸਨ।