ਬਰੈਂਪਟਨ/ਮਾਂਟਰੀਅਲ – ਪਿਛਲੇ ਮੰਗਲਵਾਰ 21 ਜੂਨ ਨੂੰ, ਖਾਲਸੇ ਦੇ ਦੈਵੀ ਗੁਣਾਂ ਦੀ ਪ੍ਰਦਰਸ਼ਨੀ ਕਰਨ ਲਈ ਇੱਕ ਸੁਲੱਖਣੀ ਘੜੀ ਕਿਹਾ ਜਾ ਸਕਦਾ ਹੈ। ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵਲੋਂ ਜਾਰੀ ਆਦੇਸ਼ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਵਲੋਂ ਕੀਤੀ ਗਈ ਅਪੀਲ ਤੇ ਫੁੱਲ ਚੜਾਉਂਦਿਆਂ ਦੇਸ਼ ਵਿਦੇਸ਼ ਵਿੱਚ ਗਤਕੇ ਦੇ ਦਿਵਸ ਮਨਾਏ ਗਏ।
ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਗਤਕਾ ਦਿਵਸ ਮਨਾਏ ਗਏ ਹਨ। ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਬਰੈਂਪਟਨ (ਉਨਟਾਰੀਓ) ਅਤੇ ਮਾਂਟਰੀਅਲ (ਕਿਊਬਿਕ) ਵਿੱਚ ਇਹ ਦਿਵਸ ਮਨਾਏ ਗਏ, ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵੈਸਟ ਵਲੋਂ ਐਡਮੈਂਟਨ ਅਤੇ ਕੈਲਗਰੀ ਸ਼ਹਿਰਾਂ ਵਿੱਚ ਗਤਕੇ ਦੇ ਦਿਵਸ ਮਨਾਏ ਗਏ।
ਬਰੈਂਪਟਨ ਵਿੱਚ ਗਤਕਾ ਦਿਵਸ ਮੌਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਤਾਰਾ ਸਿੰਘ ਨੇ ਸ਼ਮੂਲੀਅਤ ਕੀਤੀ। ਭਾਈ ਤਾਰਾ ਸਿੰਘ ਨੇ ਕਿਹਾ ਕਿ ਮੈਨੂੰ ਕੈਨੇਡਾ ਵਿੱਚ ਆ ਕੇ ਇਹ ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਇਥੇ ਸਿੱਖ ਕੌਮ ਤੇ ਗੁਰੂ ਦੀ ਬੜੀ ਬਖਸਿ਼ਸ਼ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸਾਨੂੰ ਪਾਕਿਸਤਾਨ ਦੇ ਸਿੱਖਾਂ ਨੂੰ ਇਸ ਗੱਲ ਤੇ ਮਾਣ ਹੈ ਕਿ ਪਾਕਿਸਤਾਨ ਵਿੱਚ ਤੁਹਾਨੂੰ ਕੋਈ ਵੀ ਪਤਿਤ ਸਿੱਖ ਨਜ਼ਰ ਨਹੀਂ ਆਵੇਗਾ, ਜਦੋਂ ਕਿ ਪੰਜਾਬ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਲਾਇਕੀ ਸਦਕਾ ਪਤਿਤਪੁਣੇ ਦਾ ਰੂਝਾਨ ਹੈ। ਉਨ੍ਹਾਂ ਕੈਨੇਡਾ ਦੇ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਹੁਮ ਹੁਮਾ ਕੇ ਨਨਕਾਣਾ ਸਾਹਿਬ ਵਿਖੇ ਪੁੱਜਣ ਦਾ ਸੱਦਾ ਦਿੱਤਾ।
ਹੰਸਰਾ ਨੇ ਦੱਸਿਆ ਕਿ ਗਤਕੇ ਦੇ ਦਿਵਸ ਪ੍ਰਤੀ ਲੋਕਾਂ ਵਿੱਚ ਬੜਾ ਉਤਸ਼ਾਹ ਸੀ। ਭਾਵੇਂ ਕਿ ਇਸ ਸਾਲ ਗਤਕਾ ਦਿਵਸ ਸੰਕੇਤਕ ਤੌਰ ਤੇ ਹੀ ਮਨਾਇਆ ਗਿਆ ਹੈ ਜਿਸ ਵਿੱਚ ਸੈਂਕੜੇ ਲੋਕਾਂ ਨੇ ਭਾਗ ਲਿਆ, ਪਰ ਅਗਲੇ ਸਾਲ ਤੋਂ 21 ਜੂਨ ਦਾ ਦਿਹਾੜਾ ਖਾਲਸਾ ਪੰਥ ਵਲੋਂ ਗਤਕੇ ਨੂੰ ਸਮਰਪਿਤ ਹੋ ਕੇ ਵੱਡੇ ਪੱਧਰ ਤੇ ਇਸਦੀ ਪ੍ਰਦਰਸ਼ਨੀ ਕੀਤੀ ਜਾਇਆ ਕਰੇਗੀ।
ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਮਾਂਟਰੀਅਲ ਵਿੱਚ ਗਤਕਾ ਦਿਵਸ ਮਨਾਉਣ ਮੌਕੇ ਕਿਹਾ ਕਿ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਅਣਖੀ ਸੁਭਾਅ ਨੇ ਪਹਿਲਾਂ ਵੀ ਹਿੰਦੂਤਵੀ ਤਾਕਤਾਂ ਨੂੰ ਦੱਸ ਦਿੱਤਾ ਸੀ ਕਿ ਸਿੱਖ ਕਦੇ ਭਾਰਤ ਮਾਤਾ ਦੀ ਜੈ ਨਹੀਂ ਕਹੇਗਾ, ਇਹ ਦਸਮੇਸ਼ ਪਿਤਾ ਦਾ ਬਖਸਿ਼ਆ ਬੋਲਾ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਹੀ ਬੋਲੇਗੀ। ਇਸੇ ਤਰਾਂ ਹਿੰਦੂਤਵੀ ਤਾਕਤ ਦੇ ਸਰਗਣੇ ਨਰਿੰਦਰ ਮੋਦੀ ਨੇ ਹਕੂਮਤ ਦੇ ਨਸ਼ੇ ਵਿੱਚ ਭਾਰਤ ਦੇ ਗੈਰ ਹਿੰਦੂ ਲੋਕਾਂ ਦਾ ਹਿੰਦੂਕਰਨ ਕਰਨ ਲਈ 21 ਜੂਨ ਨੂੰ ਯੋਗਾ ਦਿਵਸ ਵਜੋਂ ਮਨਾਉਣ ਦੇ ਸਰਕਾਰੀ ਹੁਕਮ ਚਾੜ ਦਿੱਤੇ ਸਨ। ਸੀਨੀਅਰ ਆਗੂ ਸ੍ਰ. ਅਵਤਾਰ ਸਿੰਘ ਪੂਨੀਆ ਨੇ ਕਿਹਾ ਕਿ ਸ੍ਰ. ਮਾਨ ਨੇ ਇਸ ਨੂੰ ਮੂਲੋਂ ਨਕਾਰਦਿਆਂ ਸੰਸਾਰ ਭਰ ਵਿੱਚ ਗੈਰਤ ਦੀ ਚਿੰਣਗ ਲਾ ਦਿੱਤੀ ਹੈ, ਲੋਕਾਂ ਨੇ ਯੋਗਾ ਨੂੰ ਰੱਦ ਕਰਦਿਆਂ ਗਤਕੇ ਦੇ ਅਖਾੜੇ ਲਾ ਕੇ ਕੌਮ ਦੀ ਚੜਦੀ ਕਲਾ ਦਾ ਪ੍ਰਗਟਾਵਾ ਕੀਤਾ।
ਯੋਗਾ, ਜੋਗ ਮੱਤ ਦੀ ਪੈਦਾਇਸ਼ ਹੈ ਜਿਸ ਨੂੰ ਗੁਰਬਾਣੀ ਵਿੱਚ ਨਕਾਰਿਆ ਗਿਆ ਹੈ ਅਤੇ ਪਾਖੰਡ ਕਹਿ ਕੇ ਮਾਨਵਤਾ ਨੂੰ ਇਸ ਤੋਂ ਦੂਰ ਰਹਿਣ ਦੀ ਸਿਖਿਆ ਦਿੱਤੀ ਗਈ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ “ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥1॥ ਗਲੀ ਜੋਗੁ ਨ ਹੋਈ ॥” ਭਾਵ ਭੇਖ ਬਦਲਾਉਣ ਜਾਂ ਭੇਖੀ ਬਣਨ ਨਾਲ ਜੋਗ ਨਹੀਂ ਕਮਾਇਆ ਜਾਂਦਾ, ਇਹ ਤਾਂ ਹੰਕਾਰ ਨੂੰ ਮਾਰ ਕੇ ਹੀ ਕਮਾਇਆ ਜਾ ਸਕਦਾ ਹੈ।
ਗੁਰੂ ਰਾਮ ਦਾਸ ਜੀ ਫੁਰਮਾਂਦੇ ਹਨ ਕਿ “ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ ॥ ਉਹ ਅੱਗੇ ਕਹਿੰਦੇ ਹਨ ਕਿ “ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥ ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ ॥5॥”
ਗਤਕਾ ਦਿਵਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ, ਪ੍ਰਧਾਨ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਉਨਟਾਰੀਓ ਨੇ ਕਿਹਾ ਕਿ ਸਿੱਖ ਗੁਰੂ ਨੂੰ ਸਮਰਪਿਤ ਹੈ, ਅਸੀਂ ਕਿਸੇ ਦੇਵੀ ਦੇਵਤਿਆਂ ਦੇ ਪੁਜਾਰੀ ਨਹੀਂ ਜਾਂ ਅਸੀਂ ਜੰਗਲਾਂ ਵਿੱਚ ਪੁੱਠੇ ਸਿੱਧੇ ਆਸਣ ਲਾ ਕੇ ਰੱਬ ਨੂੰ ਰਿਝਾਉਣ ਵਾਲੇ ਨਹੀਂ ਹਾਂ। ਸਾਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਇੱਕ ਅਜਿਹਾ ਸਿਧਾਂਤ ਦਿੱਤਾ ਹੈ ਜੋ ਮਰੇ ਪਏ ਮਨੁੱਖ ਨੂੰ ਜੀਵਤ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਬਣੀ ਯੂਨੀਵਰਸਿਟੀ ਵਿੱਚ ਵੀ ਨਰਿੰਦਰ ਮੋਦੀ ਦੇ ਸੇਵਕਾਂ ਨੇ ਯੋਗਾ ਕਰਵਾ ਕੇ ਗੁਰਮਤਿ ਦੀ ਉਲੰਘਣਾ ਕੀਤੀ ਹੈ।
ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਬਰੈਂਪਟਨ ਦੇ ਸਾਕਰ ਸੈਂਟਰ ਵਿੱਚ ਕਰਵਾਏ ਗਏ ਗਤਕਾ ਦਿਵਸ ਦੇ ਇੰਤਜਾਮ ਵਿੱਚ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ, ਭਾਈ ਮਨਜੀਤ ਸਿੰਘ, ਭਾਈ ਹਰਬਰਿੰਦਰ ਸਿੰਘ ਮਾਨੋਚਾਹਲ, ਨੌਜੁਆਨ ਹਰਦੀਪ ਸਿੰਘ ਬੈਨੀਪਾਲ ਤੋˆ ਇਲਾਵਾ ਸ੍ਰ. ਅਵਤਾਰ ਸਿੰਘ ਪੂਨੀਆ, ਨੌਜੁਆਨ ਲਾਲ ਸਿੰਘ, ਚਮਕੌਰ ਸਿੰਘ, ਭਾਈ ਸਰਦਾਰਾ ਸਿੰਘ, ਭਾਈ ਹਰਨੇਕ ਸਿੰਘ, ਮੱਖਣ ਸਿੰਘ, ਮੇਜਰ ਸਿੰਘ ਅਤੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਦਾ ਵੱਡਾ ਯੋਗਦਾਨ ਰਿਹਾ ਹੈ।
ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਅਤੇ ਪੰਥਕ ਗਤਕਾ ਅਖਾੜਾ ਦੇ ਗਤਕਾਕਾਰੀਆਂ ਤੋਂ ਇਲਾਵਾ ਸੰਗਤ ਵਿਚੋਂ ਆਏ ਦਰਜਨਾਂ ਸਿੰਘ ਸਿੰਘਣੀਆਂ ਨੇ ਗਤਕੇ ਦੇ ਜੌਹਰ ਵਿਖਾ ਕੇ ਆਨੰਦ ਮਾਣਿਆ।
ਨੌਜੁਆਨ ਮੇਜਰ ਸਿੰਘ ਨੇ ਸਟੇਜ ਤੋਂ ਜੋਸ਼ਮਈ ਸੇਅਰ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਤਾਰਾ ਸਿੰਘ, ਗੁਰਦੁਆਰਾ ਜੋਤਿ ਪ੍ਰਕਾਸ਼ ਤੋਂ ਭਗਤ ਸਿੰਘ ਬਰਾੜ, ਸੁਰਜੀਤ ਸਿੰਘ ਸੋਢੀ, ਬਜ਼ੁਰਗ ਆਗੂ ਅਵਤਾਰ ਸਿੰਘ ਭੋਗਲ, ਸਕੂਲ ਟਰੱਸਟੀ ਹਰਕੀਰਤ ਸਿੰਘ ਅਤੇ ਐਨ ਡੀ ਪੀ ਆਗੂ ਸਨਦੀਪ ਸਿੰਘ ਨੇ ਹਾਜ਼ਰੀ ਲੁਆਈ।