ਬਰੈਂਪਟਨ – ਜਿਉਂ ਹੀ ਤਲਵੰਤੀ ਸਾਬੋ ਵਿਖੇ ਸਰਬੱਤ ਖਾਲਸਾ ਦੇ ਪ੍ਰਬੰਧ ਨੂੰ ਸਾਰਥਿਕ ਬਣਾਉਣ ਲਈ ਤਾਲਮੇਲ ਕਮੇਟੀ ਅਤੇ ਦਫਤਰ ਖੋਲਣ ਦਾ ਐਲਾਨ ਕੀਤਾ ਗਿਆ ਤਾਂ ਬਾਦਲ ਸਰਕਾਰ ਨੂੰ ਕੰਬਣੀ ਛਿੜ ਗਈ ਅਤੇ ਪੰਜਾਬ ਅੰਦਰ ਸਿੰਘ ਸਾਹਿਬਾਨਾਂ ਅਤੇ ਸਰਗਰਮ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਇਹ ਕਾਰਵਾਈ ਅਤਿ ਨਿੰਦਣਯੋਗ ਹੈ। ਇਹ ਵਿਚਾਰ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਹ ਸਮਝ ਚੁੱਕੇ ਹਨ ਕਿ ਪੰਜਾਬ ਅਤੇ ਦਿੱਲੀ ਸਰਕਾਰ ਨੇ ਲੋਕਤੰਤਰੀ ਮਖੌਟਾ ਪਹਿਨਿਆ ਹੋਇਆ ਹੈ ਜਦਕਿ ਅਸਲ ਵਿੱਚ ਇਹ ਤਾਨਾਸ਼ਾਹ ਸਰਕਾਰਾਂ ਹਨ। ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਹੁਣ ਸਿੱਧਾ ਦਖਲ ਦੇਣ ਲੱਗ ਪਈਆਂ ਹਨ।
ਮੋਦੀ ਅਤੇ ਬਾਦਲ ਦੀਆਂ ਸਰਕਾਰਾਂ ਬਾਰੇ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੰਜਾਬੀ ਦੇ ਅਖਾਣ ਅਨੁਸਾਰ ਕਿ “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ”, ਇਨ੍ਹਾਂ ਸਰਕਾਰ ਤੋਂ ਸਿੱਖਾਂ ਨੇ ਲੈਣਾ ਕੀ ਹੈ ਜੋ ਸਿੱਖਾਂ ਨੂੰ ਧਾਰਮਿਕ ਕਾਰਜ ਕਰਨ ਵਿੱਚ ਵੀ ਰੁਕਾਵਟਾਂ ਖੜੀਆਂ ਕਰ ਰਹੀਆਂ ਹਨ। ਇਨ੍ਹਾਂ ਦਾ 2017 ਵਿੱਚ ਫਾਹਾ ਵੱਢ ਦਿੱਤਾ ਜਾਣਾ ਚਾਹੀਦਾ ਹੈ। ਹੰਸਰਾ ਨੇ ਕਿਹਾ ਕਿ ਇਸ ਵੀਕਐਂਡ ਤੇ ਨਿਊਯਾਰਕ ਵਿਖੇ ਬਾਬਾ ਬੰਦਾ ਸਿੰਘ ਬਹਾਦਾਰ ਸੁਸਾਇਟੀ ਵਲੋਂ ਬਾਬਾ ਜੀ ਦੇ ਦੇ 300 ਸਾਲਾ ਸ਼ਹੀਦੀ ਦਿਵਸ ਮੌਕੇ ਰਖੇ ਗਏ ਵੱਡੇ ਸ਼ਹੀਦੀ ਸਮਾਗਮ ਵਿੱਚ ਉਹ ਭਾਰਤ ਅਤੇ ਪੰਜਾਬ ਸਰਕਾਰ ਦੇ ਘਟੀਆ ਰਵਈਏ ਬਾਰੇ ਮੁੱਦਾ ਉਠਾਉਣਗੇ ਅਤੇ ਸਾਰੇ ਸਿੰਘਾਂ ਨਾਲ ਵਿਚਾਰ ਕਰਕੇ ਇਸ ਬਾਰੇ ਨਿਰਣਾ ਲਿਆ ਜਾਵੇਗਾ।
ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਸਰਬੱਤ ਖਾਲਸਾ 2016 ਵਿੱਚ ਕੋਈ ਅੜਿੱਕਾ ਨਾ ਅੜਾਉਣ, ਨਹੀਂ ਤਾਂ ਇਸਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਦੇਸ਼ ਵਿਦੇਸ਼ ਅੰਦਰ ਪਹਿਲਾਂ ਹੀ ਅਕਾਲੀਆਂ ਦੀ ਤੋਇ ਤੋਇ ਹੋ ਚੁੱਕੀ ਹੈ, ਫੇਰ ਪਿੰਡਾਂ ਵਿੱਚ ਵੀ ਰੋੜੇ ਵੱਜਣੇ ਸ਼ੁਰੂ ਹੋ ਜਾਣਗੇ। ਉਨਾਂ ਜਿ਼ਕਰ ਕੀਤਾ ਕਿ ਬਾਦਲ ਦੀ ਸਿਹਤ ਤਾਂ ਪਹਿਲਾਂ ਹੀ ਸੰਗਤ ਦਰਸ਼ਨਾਂ ਦੌਰਾਨ ਲੋਕਾਂ ਦੇ ਵਿਰੋਧ ਦੀ ਤਾਬ ਨਾ ਝੱਲਦਿਆਂ ਖਰਾਬ ਹੋ ਚੁੱਕੀ ਹੈ।
ਸਿੰਘ ਸਾਹਿਬਾਨ ਅਤੇ ਹੋਰ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ ਯਕੀਨ ਦੁਆਉਂਦਿਆਂ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪਹਿਲਾਂ ਵਾਂਗ ਹੁਣ ਵੀ ਸਰਬੱਤ ਖਾਲਸਾ 2016 ਲਈ ਵਿਦੇਸ਼ਾਂ ਚੋਂ ਮੁਕੰਮਲ ਸਹਿਯੋਗ ਮਿਲੇਗਾ।