ਨਵੀਂ ਦਿੱਲੀ : ਇੰਟਰਨੈਸ਼ਨਲ ਸੈਂਟਰ ਆਫ ਸਿੱਖ ਸਟਡੀਜ਼ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਮਾਸਿਕ ਇਕਤੱਰਤਾ ਦੌਰਾਨ ਇਸ ਵਾਰ ਵਿਦੂਸ਼ੀ ਇਤਿਹਾਸਕਾਰ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ‘‘ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਸਵਾਲਾਂ ਦੀ ਦ੍ਰਿਸ਼ਾਤਮਕ ਪੇਸ਼ਕਾਰੀ’’ ਵਿਸ਼ੇ ਉਪਰ ਆਪਣਾ ਲੈਕਚਰ ਪੇਸ਼ ਕੀਤਾ। ਇਤਿਹਾਸ ਦੀ ਸਾਬਕਾ ਪ੍ਰੋਫੈਸਰ ਡਾ. ਸੱਗੂ ਦਾ ਸਿੱਖ ਇਤਿਹਾਸਕਾਰੀ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਹੈ। ਕਾਨਫਰੰਸ ਦੀ ਰਿਵਾਇਤ ਮੁਤਾਬਕ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਸ਼ੁਰੂਆਤੀ ਸ਼ਬਦ ਗੁਰੂ ਨਾਨਕਦੇਵ ਖਾਲਸਾ ਕਾਲਜ ਵਿਚ ਅੰਗ੍ਰੇਜ਼ੀ ਦੀ ਪ੍ਰੋਫੈਸਰ ਡਾ. ਭਗਵੰਤ ਕੌਰ ਨੇ ਸਟੇਜ ਸਕੱਤਰ ਦੇ ਤੌਰ ਤੇ ਰੱਖਦੇ ਹੋਏ ਬੜੀ ਸੁਚੱਜਤਾ ਨਾਲ ਸਾਰੇ ਪਤਵੰਤੇ ਸਜਣਾ ਅਤੇ ਡਾ. ਹਰਬੰਸ ਸੱਗੂ ਬਾਰੇ ਜਾਣਕਾਰੀ ਮੁਹਈਆਂ ਕਰਾਈ।
ਵਿਦੂਸ਼ੀ ਇਤਿਹਾਸਕਾਰ ਡਾ. ਹਰਬੰਸ ਕੌਰ ਸੱਗੂ ਨੇ ਆਪਣੇ ਲੈਕਚਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੁਣ ਤਕ ਕੇ ਅਣਗੌਲੇ ਇਤਿਹਾਸਿਕ ਤੱਥਾਂ ਉਪਰ ਰੌਸ਼ਨੀ ਪਾਈ। ਹਾਲਾਂਕਿ 1970 ਵਿਚ ਜਥੇਦਾਰ ਸੰਤੋਖ ਸਿੰਘ ਦੇ ਸਮੇਂ ਤਕ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸ਼ਥਾਨ ਦੀ ਨਿਸ਼ਾਨਦੇਹੀ ਦਾ ਕਾਰਜ ਆਰੰਭ ਹੋ ਚੁੱਕਾ ਸੀ। ਪਰ ਡਾ. ਹਰਬੰਸ ਕੌਰ ਸੱਗੂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵਰਤਮਾਨ ਕਾਰਜ ਕੀਤੇ ਜਾ ਰਹੇ ਹਨ ਉਨ੍ਹਾਂ ਦੇ ਇਤਿਹਾਸਿਕ ਪੱਖ ਨੂੰ ਪੂਰੀ ਸ਼ਿੱਦਤ ਨਾਲ ਦੱਸਿਆ। ਕੁਝ ਨਵੀਆਂ ਥਾਂਵਾਂ ਦੀ ਨਿਸ਼ਾਨਦੇਹੀ ਕਰਦੀਆਂ ਉਹਨਾਂ ਨੇ ਅਗਰਾਬਾਦ, ਲੂਣਮੰਡੀ, ਤ੍ਰਿਪੋਲੀਆ ਜੇਲ, 740 ਸਿੰਘਾਂ ਦਾ ਸ਼ਹੀਦੀ ਸਥਾਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੇ ਹੋਰ ਇਤਿਹਾਸਿਕ ਸਥਾਨਾਂ ਬਾਰੇ ਦੱਸਦੇ ਹੋਏ ਡਾ. ਸੱਗੂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਖੋਜ-ਪ੍ਰੌਜੈਕਟ ਦਾ ਆਧਾਰ ਫਾਰਸੀ ਸਰੋਤ ਹਨ ਜਿਨ੍ਹਾਂ ਦੀ ਤਲਾਸ਼ ਉਨ੍ਹਾਂ ਆਪ ਤਨਦੇਹੀ ਅਤੇ ਪੂਰੀ ਸ਼ਿੱਦਤ ਨਾਲ ਕੀਤੀ। ਡਾ. ਸੱਗੂ ਨੇ ਪਾੱਵਰ ਪੋਇੰਟ ਤਕਨੀਕ ਨਾਲ ਇਨ੍ਹਾਂ ਥਾਵਾਂ ਆਧਾਰਿਤ ਪ੍ਰੌਜੈਕਟ ਦੀ ਪੇਸ਼ਕਾਰੀ ਵੀ ਕੀਤੀ। ਇਹ ਇਕ ਬਿਲਕੁਲ ਵੱਖਰੀ ਕਿਸ਼ਮ ਦਾ ਲੈਕਚਰ ਸੀ ਜਿਸ ਵਿਚ ਅੱਜ ਦੇ ਬਦਲੇ ਮਾਹੌਲ ਵਿਚ ਵੀ ਡਾ। ਹਰਬੰਸ ਕੌਰ ਨੇ ਬਹੁਤ ਮਿਹਨਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੀ ਸ਼ਹਾਦਤ ਨਾਲ ਸਬੰਧਿਤ ਵਿਚਾਰ ਰਖਦੇ ਹੋਏ ਬਾਬਾ ਜੀ ਨੂੰ ਬੰਦੀ ਬਣਾ ਕੇ ਲਿਆਉਣ ਵਾਲੇ ਸਾਰੇ ਰੂਟ ਦੀ ਨਿਸ਼ਾਨਦੇਹੀ ਵੀ ਕੀਤੀ ਜਿਸ ਉੱਤੇ ਬਾਬਾ ਬੰਦਾ ਸਿੰਘ ਦਾ ਜਲੂਸ ਸ਼ਹੀਦੀ ਅਸਥਾਨ ਪੁਜਾ ਸੀ।
ਡਾ. ਸਾਹਿਬ ਦੇ ਵਿਦਵਤਾ ਭਰਪੂਰ ਅਤੇ ਮੌਲਿਕ ਖੋਜ ਵਾਲੇ ਲੈਕਚਰ ਤੋਂ ਬਾਅਦ ਸ੍ਰ. ਗੁਰਬਚਨ ਸਿੰਘ ਮਸਤਾਨਾ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੇ ਮੁਖ ਮਹਿਮਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਨਸਲਰ ਡਾ. ਜਸਪਾਲ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਰਖੇ। ਉਨ੍ਹਾਂ ਆਪਣੀ ਵਿਰਾਸਤ ਨੂੰ ਯਾਦ ਰੱਖਣ ਅਤੇ ਉਸਨੂੰ ਸਹੇਜਨ-ਸਮੇਟਨ ਉਪਰ ਬਲ ਦਿੰਦਿਆਂ ਬੜੇ ਸ਼ਾਇਰਾਨਾ ਅੰਦਾਜ਼ ਨਾਲ ਬਿਆਨ ਕਰਦਿਆਂ ਡਾ। ਹਰਬੰਸ ਕੌਰ ਸੱਗੂ ਦੇ ਉਦੱਮ ਨੂੰ ਸਲਾਹਿਆ। ਉਨ੍ਹਾਂ ਆਪਣੀ ਕੁਝ ਤੱਥ-ਮੂਲਕ ਵੇਰਵਿਆਂ ਦਾ ਜਾਣਕਾਰੀ ਦਿਤੀ।
ਇਸਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਇਤਿਹਾਸ ਵਿਭਾਗ ਦੀ ਸਾਬਕਾ ਪ੍ਰੋਫੈਸਰ ਡਾ. ਤ੍ਰਿਪਤਾ ਵਾਹੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਸੱਗੂ ਦੇ ਪੇਪਰ ਨੂੰ ‘‘ਇਤਿਹਾਸਿਕ ਸ਼ਿਲਪ’’ ਦਾ ਨਾਂ ਦਿੱਤਾ। ਉਨ੍ਹਾਂ ਵਿਰਸੇ ਨੂੰ ਧਰਮ ਤੋਂ ਰਹਿਤ ਕਰਨ ਅਤੇ ਪੂਰੇ ਮਾਨਵ-ਸਮਾਜ ਨਾਲ ਜੋੜਨ ਉਤੇ ਬਲ ਦਿੱਤਾ।
ਅੰਤ ਵਿਚ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿਤਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਿਰਫ਼ ਸਿੱਖ ਸੰਗਤ ਤਕ ਹੀ ਨਾ ਪਹੁੰਚਣ ਸਗੋਂ ਗੈਰ ਸਿੱਖਾਂ ਵਿਚਕਾਰ ਵੀ ਸਿੱਖ ਇਤਿਹਾਸ ਅਤੇ ਫਲਸਫ਼ੇ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਤਾਂ ਕਿ ਪੂਰੀ ਮਨੁੱਖਤਾ ਨੂੰ ਮਾਣ ਦਾ ਅਹਿਸਾਸ ਕਰਾਇਆ ਜਾਵੇ। ਅਦਾਰੇ ਦੇ ਕਨਵੀਨਰ ਕੁਲਮੋਹਨ ਸਿੰਘ ਨੇ ਸਾਰੇ ਪੱਤਵੰਤੀਆਂ ਦਾ ਧੰਨਵਾਦ ਕਰਦੇ ਹੋਏ ਡਾ. ਸੱਗੂ ਵੱਲੋਂ ਬਾਬਾ ਜੀ ਦੇ ਇਤਿਹਾਸ ਤੇ ਕੀਤੀ ਗਈ ਖੋਜ ਦੀ ਸਲਾਘਾ ਵੀ ਕੀਤੀ।