ਫ਼ਤਹਿਗੜ੍ਹ ਸਾਹਿਬ – “ਆਮ ਜਨਤਾ ਇਹ ਸਮਝਦੀ ਹੈ ਕਿ ਕਾਂਗਰਸ ਜਮਾਤ ਨੇ ਰੁਟੀਨ ਵਿਚ ਹੀ ਕਮਲਨਾਥ ਵਰਗੇ ਸਿੱਖਾਂ ਤੇ ਪੰਜਾਬੀਆਂ ਦੇ ਕਾਤਲ ਨੂੰ ਪੰਜਾਬ ਸੂਬੇ ਦਾ ਇੰਨਚਾਰਜ ਬਣਾਇਆ ਹੈ । ਪਰ ਅਸਲੀਅਤ ਇਹ ਹੈ ਕਿ ਹਿੰਦੂਤਵ ਜਮਾਤਾਂ ਭਾਵੇ ਉਹ ਕਾਂਗਰਸ ਹੋਵੇ, ਭਾਵੇ ਬੀਜੇਪੀ, ਭਾਵੇ ਆਪ, ਭਾਵੇ ਸੀ.ਪੀ.ਆਈ. ਸੀ.ਪੀ.ਐਮ ਜਾਂ ਹੋਰ ਹੋਣ, ਉਹ ਅਕਸਰ ਹੀ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਕੇ ਉਹਨਾਂ ਉਤੇ ਅਣਮਨੁੱਖੀ ਢੰਗਾਂ ਰਾਹੀ ਜ਼ਬਰ-ਜੁਲਮ ਕਰਕੇ ਇਥੇ ਵੱਸਣ ਵਾਲੀ ਬਹੁਗਿਣਤੀ ਹਿੰਦੂ ਕੌਮ ਨੂੰ ਖੁਸ਼ ਰੱਖਕੇ ਆਪੋ-ਆਪਣੇ ਹੱਕ ਵਿਚ ਵੋਟਾਂ ਬਟੋਰਨ ਲਈ ਨਿਰੰਤਰ ਸਾਜਿ਼ਸਾਂ ਤੇ ਅਮਲ ਕਰਦੀਆ ਆ ਰਹੀਆਂ ਹਨ । ਜਿਵੇ ਮੋਦੀ ਨੇ 2002 ਵਿਚ 2 ਹਜ਼ਾਰ ਮੁਸਲਮਾਨਾਂ ਦਾ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਕਤਲੇਆਮ ਕਰਕੇ, ਉਹਨਾਂ ਦੀਆਂ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਕੇ ਸਾਬਤ ਕੀਤਾ ਹੈ ਕਿ ਬੀਜੇਪੀ ਦੀ ਜਮਾਤ ਹਿੰਦੂ ਕੌਮ ਦੇ ਹੱਕਾਂ ਦੀ ਰਖਵਾਲੀ ਹੈ ਅਤੇ ਘੱਟ ਗਿਣਤੀ ਕੌਮਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ । 1992 ਵਿਚ ਸ੍ਰੀ ਅਡਵਾਨੀ ਅਤੇ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਅਯੋਧਿਆ ਵਿਖੇ ਸ੍ਰੀ ਬਾਬਰੀ ਮਸਜਿਦ ਨੂੰ ਸਾਜ਼ਸੀ ਢੰਗ ਨਾਲ ਸ਼ਹੀਦ ਕਰਨਾ ਵੀ ਇਹਨਾ ਦੀ ਫਿਰਕੂ ਸੋਚ ਨੂੰ ਲਾਗੂ ਕਰਨਾ ਅਤੇ ਹਿੰਦੂ ਕੌਮ ਨੂੰ ਖੁਸ਼ ਰੱਖਣ ਦੀ ਲੜੀ ਦੀ ਕੜੀ ਹੈ । ਉਸੇ ਤਰ੍ਹਾਂ ਕਾਂਗਰਸ ਨੇ ਵੀ 1984 ਵਿਚ ਬਰਤਾਨੀਆ ਅਤੇ ਰੂਸ ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਇਹ ਸਾਬਤ ਕੀਤਾ ਸੀ ਕਿ ਕਾਂਗਰਸ ਜਮਾਤ ਹਿੰਦੂ ਬਹੁਗਿਣਤੀ ਦੀ ਸੋਚ ਦੇ ਨਾਲ ਹੈ ਅਤੇ ਸਿੱਖਾਂ ਨੂੰ ਗੁਲਾਮਾਂ ਦੀ ਤਰ੍ਹਾਂ ਵਿਵਹਾਰ ਕਰਨ ਵਿਚ ਮੋਹਰੀ ਹੈ ਅਤੇ ਆਰ.ਐਸ.ਐਸ, ਬੀਜੇਪੀ ਆਦਿ ਫਿਰਕੂ ਜਮਾਤਾਂ ਤੋਂ ਇਸ ਸੋਚ ਲਈ ਕਾਂਗਰਸ ਕਿਤੇ ਅੱਗੇ ਹੈ । ਤਾਂ ਕਿ ਹਿੰਦੂ ਵੋਟ ਨੂੰ ਆਪਣੇ ਪੱਖ ਵਿਚ ਕਰਕੇ ਖੁਸ਼ ਰੱਖਿਆ ਜਾ ਸਕੇ । ਇਹਨਾਂ ਹਿੰਦੂ ਜਮਾਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ. ਦੀ ਇਹ ਕੱਟੜ ਸੋਚ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਰੱਖਣ ਦੇ ਅਮਲ ਇਨਸਾਨੀ, ਇਖ਼ਲਾਕੀ ਅਤੇ ਕਾਨੂੰਨੀ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢਣ ਵਾਲੇ ਹਨ । ਸ. ਮਾਨ ਨੇ ਆਪ ਪਾਰਟੀ ਨੂੰ ਵੀ ਇਸੇ ਲਾਇਨ ਵਿਚ ਖੜ੍ਹੋਦੇ ਹੋਏ ਕਿਹਾ ਕਿ ਕੁਮਾਰ ਵਿਸ਼ਵਾਸ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ “ਭਸਮਾਸੁਰ” (ਦੈਂਤ) ਕਹਿਣਾ, ਸ੍ਰੀ ਕੇਜਰੀਵਾਲ ਵੱਲੋ ਮਰਹੂਮ ਨਿਰੰਕਾਰੀ ਮੁੱਖੀ ਹਰਦੇਵ ਸਿੰਘ ਦਾ ਦਿੱਲੀ ਵਿਚ 52 ਫੁੱਟ ਉੱਚਾ ਬੁੱਤ ਸਥਾਪਿਤ ਕਰਨ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਕਾਤਲਾਂ ਲਈ ਐਸ.ਆਈ.ਟੀ. ਬਣਾਉਣ ਲਈ ਸ੍ਰੀ ਮੋਦੀ ਤੋ ਇਜ਼ਾਜਤ ਮੰਗਣ ਦੇ ਅਮਲਾਂ ਨੂੰ ਬੀਜੇਪੀ, ਕਾਂਗਰਸ, ਆਰ.ਐਸ.ਐਸ. ਤੋਂ ਵੱਖਰੇ ਤੌਰ ਤੇ ਨਾ ਲੈਦੇ ਹੋਏ ਕਿਹਾ ਕਿ ਇਹਨਾਂ ਹਿੰਦੂ ਜਮਾਤਾਂ ਦੇ ਅਖ਼ਬਾਰੀ ਅਮਲ ਤਾਂ ਸਿੱਖਾਂ ਜਾਂ ਘੱਟ ਗਿਣਤੀਆਂ ਤੋਂ ਵੋਟਾਂ ਬਟੋਰਨ ਵਾਲੇ ਹਨ, ਜਦੋਂਕਿ ਆਧਾਰ ਇਹਨਾਂ ਦਾ ਹਿੰਦੂ ਸੋਚ ਨੂੰ ਮਜ਼ਬੂਤ ਕਰਨਾ ਅਤੇ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾਂ ਨੂੰ ਕੁਚਲਣਾ ਹੈ । ਜੋਕਿ ਇਥੋ ਦੀ ਜ਼ਮਹੂਰੀਅਤ ਅਤੇ ਅਮਨ ਚੈਨ ਨੂੰ ਵੱਡਾ ਖ਼ਤਰਾ ਖੜ੍ਹਾ ਕਰਨ ਵਾਲੇ ਹਨ । ਜਦੋਕਿ ਸ੍ਰੀ ਕੇਜਰੀਵਾਲ ਕਮਿਸ਼ਨਜ਼ ਆਫ਼ ਇੰਨਕੁਆਰੀ ਐਕਟ 1952 ਅਧੀਨ ਆਜ਼ਾਦਆਨਾਂ ਤੌਰ ‘ਤੇ ਅਜਿਹਾ ਪੀਪਲਜ਼ ਕਮਿਸ਼ਨ ਕਾਇਮ ਕਰ ਸਕਦੇ ਹਨ, ਜਿਥੇ ਜ਼ਬਰ-ਜੁਲਮ ਤੋਂ ਪੀੜ੍ਹਤ ਸਿੱਖ ਪੇਸ਼ ਹੋ ਕੇ ਆਪਣੇ ਹਲਫੀਏ ਬਿਆਨ ਦੇ ਸਕਦੇ ਹਨ ਅਤੇ ਇਸ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਾਹਮਣੇ ਲਿਆ ਸਕਦੇ ਹਨ । ਹਿੰਦੂ ਕੱਟੜ ਜਮਾਤਾਂ ਦੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲਾਂ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਇਹਨਾਂ ਹਿੰਦੂ ਜਮਾਤਾਂ ਕਾਂਗਰਸ ਤੇ ਬੀਜੇਪੀ ਨੂੰ ਅਜਿਹੇ ਗੈਰ-ਵਿਧਾਨਿਕ ਅਮਲਾਂ ਲਈ ਅਤੇ ਉਹਨਾਂ ਦੇ ਮਾੜੇ ਨਤੀਜਿਆ ਲਈ ਕੌਮਾਂਤਰੀ ਪਲੇਟਫਾਰਮ ਤੇ ਖ਼ਬਰਦਾਰ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ ਜਮਾਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ. ਆਦਿ ਦੀ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਦਲਿਤਾਂ ਉਤੇ ਵੋਟ ਸਿਆਸਤ ਅਧੀਨ ਜ਼ਬਰ-ਜੁਲਮ ਦੇ ਨਿਰੰਤਰ ਹੁੰਦੇ ਆ ਰਹੇ ਗੈਰ-ਇਨਸਾਨੀ ਅਮਲਾਂ ਵਿਰੁੱਧ ਗੰਭੀਰ ਨੋਟਿਸ ਲੈਦੇ ਹੋਏ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਇਹਨਾਂ ਕੱਟੜਵਾਦੀ ਹਿੰਦੂ ਜਮਾਤਾਂ ਦੀ ਘੱਟ ਗਿਣਤੀ ਕੌਮਾਂ ਮਾਰੂ ਸੋਚ ਵਿਰੁੱਧ ਮਜ਼ਬੂਤੀ ਨਾਲ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਪਣੇ ਵੋਟ ਬੈਂਕ ਰਾਹੀ ਇਹਨਾਂ ਨੂੰ ਸਮਾਂ ਆਉਣ ਤੇ ਇਹਨਾਂ ਕੱਟੜ ਹਿੰਦੂਤਵ ਜਮਾਤਾਂ ਨੂੰ ਕਰਾਰੀ ਹਾਰ ਦੇਣ ਦਾ ਖੁੱਲ੍ਹਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁਜੱਫ਼ਰਨਗਰ ਵਿਚ, ਯੂਪੀ ਦੇ ਕਈ ਹਿੱਸਿਆ ਵਿਚ ਅਤੇ ਗੁਲਬਰਗ ਸੁਸਾਇਟੀ ਵਿਚ ਬੀਜੇਪੀ ਦੀ ਫਿਰਕੂ ਜਮਾਤ ਵੱਲੋ ਸਾਜ਼ਸੀ ਢੰਗ ਨਾਲ ਘੱਟ ਗਿਣਤੀ ਕੌਮਾਂ ਦੇ ਕਤਲੇਆਮ ਹੋਏ ਹਨ । ਗੁਲਬਰਗ ਸੁਸਾਇਟੀ ਵਿਚ ਹੋਏ ਕਤਲੇਆਮ ਦੌਰਾਨ 62 ਇਨਸਾਨਾਂ ਦੀ ਜਿੰਦਗੀ ਖ਼ਤਮ ਕਰ ਦਿੱਤੀ ਗਈ ਸੀ, ਜਿਨ੍ਹਾਂ ਵਿਚ ਇਕ ਮੁਸਲਿਮ ਐਮ.ਪੀ. ਵੀ ਸੀ । ਸ. ਮਾਨ ਨੇ ਅਦਾਲਤ ਅਤੇ ਜੱਜਾਂ ਵੱਲੋ ਇਸ ਸੰਬੰਧ ਵਿਚ ਆਏ ਫੈਸਲੇ ਨੂੰ ਵੀ ਪੱਖਪਾਤੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਕੇਸ ਵਿਚ ਅਦਾਲਤ ਅਤੇ ਜੱਜਾਂ ਨੇ “ਸਾਜ਼ਸੀ ਦਫਾ” ਲਗਾਈ ਹੀ ਨਹੀਂ ਤਾਂ ਕਿ ਕਿਸੇ ਸਮੇਂ ਸ੍ਰੀ ਮੋਦੀ ਅਤੇ ਅੰਮਿਤ ਸਾਹ ਦੇ ਨਾਮ ਗੁਲਬਰਗ ਸੁਸਾਇਟੀ ਕਤਲੇਆਮ ਵਿਚ ਨਾ ਆ ਜਾਣ । ਅਦਾਲਤਾਂ ਤੇ ਜੱਜਾਂ ਵੱਲੋ ਵੀ ਹਿੰਦੂ ਆਗੂਆਂ ਅਤੇ ਹਿੰਦੂ ਜਮਾਤਾਂ ਨੂੰ ਦੋਸ਼ੀ ਠਹਿਰਾਉਣ ਤੇ ਸਜ਼ਾਵਾਂ ਦਿਵਾਉਣ ਦੇ ਮਾਮਲੇ ਵਿਚ ਨਰਮੀ ਵਰਤਣ ਦੇ ਅਮਲ ਵੀ ਹਿੰਦੂ ਕੱਟੜਵਾਦੀ ਸੋਚ ਦੀ ਉਪਜ ਹਨ । ਜਿਸ ਨੂੰ ਕਾਨੂੰਨ ਅਨੁਸਾਰ ਅਤੇ ਵਿਧਾਨ ਅਨੁਸਾਰ ਬਰਾਬਰਤਾ ਦੀ ਸੋਚ ਤੇ ਇਨਸਾਫ ਦੇਣਾ ਬਿਲਕੁਲ ਕਰਾਰ ਨਹੀਂ ਦਿੱਤਾ ਜਾ ਸਕਦਾ ।
ਸ. ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹਰਿਆਣੇ ਦੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਭਜਨ ਲਾਲ ਨੇ ਆਪਣੇ ਮੁੱਖ ਮੰਤਰੀ ਸਮੇਂ ਦੇ ਦੌਰਾਨ 1982 ਵਿਚ ਏਸੀਆ ਖੇਡਾਂ ਵੇਲੇ ਸਿੱਖ ਕੌਮ ਉਤੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਜ਼ਬਰ-ਜੁਲਮ ਕੀਤਾ ਸੀ । ਬੀਤੇ ਸਮੇਂ ਵਿਚ ਸਿੱਖ ਕੌਮ ਦੇ ਕੀਤੇ ਗਏ ਕਤਲੇਆਮ, ਅਣਪਛਾਤੀਆ ਲਾਸਾਂ ਗਰਦਾਨਕੇ 25 ਹਜ਼ਾਰ ਸਰੀਰਾਂ ਦੇ ਕੀਤੇ ਗਏ ਸੰਸਕਾਰ ਜਾਂ ਨਦੀਆਂ ਜਾਂ ਦਰਿਆਵਾਂ ਵਿਚ ਲਾਸਾਂ ਨੂੰ ਰੋੜ੍ਹਨ ਦੇ ਕੀਤੇ ਗਏ ਅਮਲ ਪ੍ਰਤੱਖ ਕਰਦੇ ਹਨ ਕਿ ਕਾਂਗਰਸ ਜਮਾਤ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਵਿਰੁੱਧ ਅਜਿਹੇ ਜ਼ਬਰ-ਜੁਲਮ ਕਰਕੇ ਹਿੰਦੂ ਬਹੁਗਿਣਤੀ ਵਿਚ “ਵੋਟ ਸਿਆਸਤ” ਅਧੀਨ ਸਥਾਪਿਤ ਰੱਖਣ ਦੇ ਅਮਲ ਕਰ ਰਹੀ ਹੈ ਤਾਂ ਕਿ ਜਦੋਂ ਵੀ ਵੋਟਾਂ ਦਾ ਸਮਾਂ ਆਵੇ ਤਾਂ ਹਿੰਦੂ ਬਹੁਗਿਣਤੀ ਨੂੰ ਆਪਣੇ ਵਿਸ਼ਵਾਸ ਤੇ ਪੱਖ ਵਿਚ ਰੱਖਕੇ ਵੋਟਾਂ ਬਟੋਰੀਆ ਜਾ ਸਕਣ । ਕਮਲਨਾਥ ਦੀ ਪੰਜਾਬ ਦੇ ਇੰਨਚਾਰਜ ਦੀ ਕੀਤੀ ਗਈ ਨਿਯੁਕਤੀ ਵੀ ਸੋਚੀ ਸਮਝੀ ਸਾਜਿ਼ਸ ਅਧੀਨ ਪੰਜਾਬ ਦੀਆਂ ਆ ਰਹੀਆਂ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਹੈ ਅਤੇ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਕਾਂਗਰਸ ਜਮਾਤ ਬੀਜੇਪੀ ਅਤੇ ਆਰ.ਐਸ.ਐਸ. ਤੋ ਵੀ ਘੱਟ ਗਿਣਤੀ ਸਿੱਖ ਕੌਮ ਅਤੇ ਹੋਰਨਾਂ ਉਤੇ ਜ਼ਬਰ-ਜੁਲਮ ਕਰਨ ਵਿਚ ਬਹੁਤ ਅੱਗੇ ਹੈ ਅਤੇ ਹਿੰਦੂਆਂ ਦੀ ਰਖਵਾਲੀ ਹੈ। ਇਹ ਹੋਰ ਵੀ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਕੈਪਟਨ ਅਮਰਿੰਦਰ ਸਿੰਘ, ਉਹਨਾਂ ਸਿੱਖ ਕੌਮ ਦੇ ਕਾਤਲਾਂ ਜਗਦੀਸ ਟਾਈਟਲਰ ਅਤੇ ਕਮਲਨਾਥ ਨੂੰ “ਸਿੱਖ ਕਤਲੇਆਮ” ਦੇ ਦੋਸ਼ੀਆਂ ਦੀ ਸੂਚੀ ਵਿਚੋ ਜੋ ਬਰੀ ਕਰ ਰਹੇ ਹਨ, ਇਹ ਸੁੱਤੇ ਸਿੱਧ ਹੀ ਅਮਲ ਨਹੀਂ ਹੋਇਆ, ਬਲਕਿ ਕੈਪਟਨ ਅਮਰਿੰਦਰ ਸਿੰਘ ਵੀ ਸ. ਬਾਦਲ ਜਿਵੇ ਬੀਜੇਪੀ, ਆਰ.ਐਸ.ਐਸ. ਹਿੰਦੂਤਵ ਕੱਟੜ ਜਮਾਤਾਂ ਦੇ ਪੈਰੋਕਾਰ ਬਣਕੇ ਪੰਜਾਬੀਆਂ ਅਤੇ ਸਿੱਖਾਂ ਉਤੇ ਜ਼ਬਰ-ਜੁਲਮ ਕਰਕੇ ਆਪਣੇ ਸੈਟਰ ਵਿਚ ਬੈਠੇ ਅਕਾਵਾਂ ਨੂੰ ਖੁਸ਼ ਕਰਨ ਵਿਚ ਲੱਗੇ ਹੋਏ ਹਨ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਵੀ ਆਪਣੇ ਕਾਂਗਰਸੀ ਅਕਾਵਾਂ ਦੇ ਹੁਕਮਾਂ ਉਤੇ ਹੀ ਸਿੱਖ ਕੌਮ ਦੇ ਉਪਰੋਕਤ ਦੋਵੇ ਕਾਤਲਾਂ ਨੂੰ ਕਲੀਨ ਚਿੱਟ ਦੇ ਰਹੇ ਹਨ ਤਾਂ ਕਿ ਉਹ ਵੀ ਆਪਣੇ ਅਕਾਵਾਂ ਨੂੰ ਹਰ ਤਰ੍ਹਾਂ ਖੁਸ਼ ਰੱਖ ਸਕਣ । ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਹਿੰਦੂਤਵ ਜਮਾਤਾਂ ਦੇ ਗੁਲਾਮ ਬਣ ਚੁੱਕੇ ਹਨ, ਤਾਂ ਹੁਣ ਪੰਜਾਬ ਦੇ ਚੋਣ ਵੇਹੜੇ ਵਿਚ ਅਤੇ ਇਥੋ ਦੇ ਲਿਆਕਤਮੰਦਾਂ ਦੇ ਹੋਣ ਵਾਲੇ ਵਿਚਾਰ ਵਟਾਂਦਰੇ ਵਿਚ ਇਹ ਪ੍ਰਸ਼ਨ ਉਭਰਕੇ ਸਾਹਮਣੇ ਆ ਰਿਹਾ ਹੈ ਕਿ ਹੁਣ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆਂ ਦੀ ਅਗਵਾਈ ਕਿਸ ਜਮਾਤ ਅਤੇ ਕਿਸ ਸੁਹਿਰਦ ਤੇ ਇਮਾਨਦਾਰ ਪੰਜਾਬ ਤੇ ਸਿੱਖ ਕੌਮ ਪੱਖੀ ਆਗੂ ਨੂੰ ਦਿੱਤੀ ਜਾਵੇ ? ਇਹ ਚਰਚਾਂ ਸਹੀ ਸਮੇਂ ਤੇ ਸੁਰੂ ਹੋਈ ਹੈ । ਹੁਣ ਪੰਜਾਬ ਦੇ ਨਿਵਾਸੀਆਂ ਅਤੇ ਇਥੋ ਦੇ ਬੁੱਧੀਜੀਵੀਆਂ, ਲਿਆਕਤਮੰਦਾ ਦਾ ਇਖ਼ਲਾਕੀ ਫਰਜ ਬਣ ਜਾਂਦਾ ਹੈ ਕਿ ਉਹ 2017 ਦੀਆਂ ਆਉਣ ਵਾਲੀਆਂ ਚੋਣਾਂ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਆਪੋ-ਆਪਣੇ ਚੋਗਿਰਦੇ ਵਿਚ ਅਜਿਹੀ ਰਾਏ ਪੈਦਾ ਕਰਨ ਜਿਸ ਨਾਲ ਇਥੋ ਦਾ ਹਰ ਵੋਟਰ ਕੱਟੜਵਾਦੀ ਕਾਂਗਰਸ, ਬੀਜੇਪੀ, ਆਰ.ਐਸ.ਐਸ. ਬਾਦਲ ਦਲ, ਕੈਪਟਨ ਅਮਰਿੰਦਰ ਸਿੰਘ ਆਦਿ ਸਭਨਾਂ ਦੀ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਕੇ, ਸਿੱਖਾਂ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਲਿਆ ਅਤੇ ਸਹੀ ਮਾਇਨਿਆ ਵਿਚ ਪੰਜਾਬੀਆਂ ਅਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਰੱਖਣ ਵਾਲਿਆਂ ਦਾ ਸਪੱਸਟ ਰੂਪ ਵਿਚ ਨਿਖੇੜਾ ਕੀਤਾ ਜਾਵੇ ਅਤੇ 2017 ਦੀਆਂ ਆਉਣ ਵਾਲੀਆਂ ਪੰਜਾਬ ਸੂਬੇ ਦੀਆਂ ਚੋਣਾਂ ਵਿਚ ਸਹੀ ਜਮਾਤ ਅਤੇ ਸਹੀ ਆਗੂ ਨੂੰ ਅਗਵਾਈ ਸੌਪਣ ਦੀ ਜਿੰਮੇਵਾਰੀ ਦਿੱਤੀ ਜਾਵੇ । ਤਾਂ ਕਿ ਹਿੰਦ ਅਤੇ ਪੰਜਾਬ ਵਿਚ ਕੱਟੜ ਜਮਾਤਾਂ ਵੱਲੋ ਘੱਟ ਗਿਣਤੀਆਂ ਉਤੇ ਕੀਤੇ ਜਾ ਰਹੇ ਸਾਜ਼ਸੀ ਜ਼ਬਰ-ਜੁਲਮਾਂ ਦਾ ਅੰਤ ਕਰਕੇ ਇਥੇ ਸਹੀ ਰੂਪ ਵਿਚ ਪਾਰਦਰਸੀ, ਬਰਾਬਰਤਾ ਦੇ ਆਧਾਰ ਤੇ ਸਾਫ਼-ਸੁਥਰਾ ਇਨਸਾਫ਼ ਪਸ਼ੰਦ ਰਾਜ ਕਾਇਮ ਹੋ ਸਕੇ ਅਤੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਸਭ ਕੌਮਾਂ ਵਰਗਾਂ ਦੀ ਬਿਹਤਰੀ ਹੋ ਸਕੇ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ “ਸਰਬੱਤ ਦਾ ਭਲਾ” ਲੋੜਨ ਵਾਲੀ ਜਮਾਤ ਇਥੇ ਵੱਸਣ ਵਾਲੀਆਂ ਸਭ ਕੌਮਾਂ, ਵਰਗਾਂ ਨੂੰ ਵਿਸ਼ਵਾਸ ਦਿਵਾਉਣ ਦੇ ਨਾਲ-ਨਾਲ, ਵਿਸ਼ੇਸ਼ ਤੌਰ ਤੇ ਹਿੰਦੂ ਕੌਮ ਨੂੰ ਇਹ ਪੂਰਨ ਵਿਸ਼ਵਾਸ ਦਿਵਾਉਦੀ ਹੈ ਕਿ ਜੇਕਰ ਆਪ ਸਭਨਾਂ ਨੇ ਸਹੀ ਸੋਚ ਅਤੇ ਸਹੀ ਰਾਜ ਪ੍ਰਬੰਧ ਕਾਇਮ ਕਰਨ ਹਿੱਤ ਸਾਨੂੰ ਇਮਾਨਦਾਰੀ ਨਾਲ ਸਹਿਯੋਗ ਦਿੱਤਾ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਪੰਜਾਬ ਸੂਬੇ ਵਿਚ ਬਣਨ ਵਾਲੀ ਹਕੂਮਤ ਵਿਚ ਹਿੰਦੂ ਕੌਮ ਦੇ ਹਰ ਤਰ੍ਹਾਂ ਦੇ ਹੱਕਾਂ ਤੇ ਅਧਿਕਾਰ ਸਹੀ ਮਾਇਨਿਆ ਵਿਚ ਸੁਰੱਖਿਅਤ ਹੋਣਗੇ । ਕਿਸੇ ਨੂੰ ਵੀ ਸਾਡੇ ਪ੍ਰਬੰਧ ਵਿਚ ਕਿਸੇ ਤਰ੍ਹਾਂ ਦਾ ਡਰ-ਭੈ ਨਹੀਂ ਹੋਵੇਗਾ । ਉਹ ਆਜ਼ਾਦਆਨਾਂ ਤੌਰ ਤੇ ਆਪਣੇ ਹਿੰਦੂ ਧਰਮ, ਰਹੁ-ਰੀਤੀਆਂ ਅਤੇ ਰਸਮਾਂ-ਰਿਵਾਜ਼ਾਂ ਦਾ ਪਾਲਣ ਕਰਦੇ ਹੋਏ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਕਾਇਮ ਹੋਣ ਵਾਲੇ “ਹਲੀਮੀ ਰਾਜ” ਦਾ ਹਰ ਪੱਖੋ ਆਨੰਦ ਵੀ ਮਾਨਣਗੇ ਅਤੇ ਹਰ ਪੱਖੋ ਸੁਰੱਖਿਅਤ ਵੀ ਰਹਿਣਗੇ ।