ਲੰਡਨ – ਬ੍ਰਿਟੇਨ ਦੀ ਜਨਤਾ ਨੇ ਯੂਰਪੀ ਯੂਨੀਅਨ ਨੂੰ ਛੱਡਣ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ। ਬ੍ਰਿਟੇਨ ਹੁਣ 28 ਦੇਸ਼ਾਂ ਵਾਲੇ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ। ਯੂਰਪੀ ਯੂਨੀਅਨ ਨੂੰ ਛੱਡਣ ਦੇ ਪੱਖ ਵਿੱਚ 52 ਫੀਸਦੀ ਵੋਟ ਪਏ ਅਤੇ ਉਸ ਦੇ ਖਿਲਾਫ਼ 48 ਫੀਸਦੀ ਵੋਟ ਭੁਗਤੇ। ਲੰਡਨ ਅਤੇ ਸਕਾਟਲੈਂਡ ਨੇ ਯੂਰਪੀਅਨ ਯੂਨੀਅਨ ਦੇ ਨਾਲ ਰਹਿਣ ਲਈ ਮੱਤਦਾਨ ਕੀਤਾ ਪਰ ਉਤਰੀ ਇੰਗਲੈਂਡ ਵਿੱਚ ਲੋਕਾਂ ਨੇ ਯੂਰਪੀ ਸੰਘ ਤੋਂ ਵੱਖਰੇ ਹੋਣ ਦੇ ਪੱਖ ਵਿੱਚ ਵੋਟਿੰਗ ਕੀਤੀ।
ਯੂਰਪੀ ਸੰਘ ਨੂੰ ਛੱਡਣ ਵਾਲਾ ਬ੍ਰਿਟੇਨ ਪਹਿਲਾ ਦੇਸ਼ ਬਣ ਗਿਆ ਹੈ। ਇਸ ਦਾ ਇਹ ਮਤਲੱਬ ਵੀ ਨਹੀਂ ਹੈ ਕਿ ਬ੍ਰਿਟੇਨ ਇੱਕਦਮ ਯੂਰਪੀ ਸੰਘ ਤੋਂ ਬਾਹਰ ਹੋ ਜਾਵੇਗਾ। ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਘੱਟ ਤੋਂ ਘੱਟ ਵੀ ਦੋ ਸਾਲ ਦਾ ਸਮਾਂ ਲਗੇਗਾ। ਬ੍ਰਿਟੇਨ ਦੀ ਜਨਤਾ ਦੇ ਇਸ ਨਿਰਣੇ ਨਾਲ ਪ੍ਰਧਾਨਮੰਤਰੀ ਡੇਵਿਡ ਕੈਮਰਨ ਦੀ ਕੁਰਸੀ ਵੀ ਖਤਰੇ ਵਿੱਚ ਪੈ ਗਈ ਹੈ।ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਅਹੁਦੇ ਤੇ ਬਣੇ ਰਹਿਣ ਦੀ ਆਲੋਚਨਾ ਵੀ ਸ਼ੁਰੂ ਹੋ ਗਈ ਹੈ। ਅਗਲੇ ਤਿੰਨ ਮਹੀਨਿਆਂ ਵਿੱਚ ਉਹ ਪ੍ਰਧਾਨਮੰਤਰੀ ਦਾ ਅਹੁਦਾ ਛੱਡ ਦੇਣਗੇ।
ਰਾਏਸ਼ੁਮਾਰੀ ਦੇ ਸ਼ੁਰੂਆਤੀ ਨਤੀਜੇ ਆਉਣ ਤੇ ਹੀ ਪੌਂਡ ਡਿੱਗਣਾ ਸ਼ੁਰੂ ਹੋ ਗਿਆ ਸੀ। ਪੌਂਡ 31 ਸਾਲ ਦੇ ਇਤਿਹਾਸ ਵਿੱਚ ਸੱਭ ਤੋਂ ਹੇਠਲੇ ਪੱਧਰ ਤੇ ਆ ਗਿਆ ਹੈ। ਬ੍ਰਿਟੇਨ ਦੇ ਇਸ ਫੈਂਸਲੇ ਨਾਲ ਦੁਨੀਆਂਭਰ ਦੇ ਸ਼ੇਅਰ ਬਾਜ਼ਾਰ ਵਿੱਚ ਉਥਲ ਪੁੱਥਲ ਮੱਚ ਗਈ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ 2008 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿ ਪੌਂਡ ਵਿੱਚ ਏਨੀ ਗਿਰਾਵਟ ਆਈ ਹੈ।